ਸੰਗਰੂਰ (ਪ੍ਰਵੀਨ ਸਿੰਘ)
ਜ਼ੋਨਲ ਰੈਲੀ ਦੇ ਸੰਬੰਧ ਵਿੱਚ ਸੀ ਪੀ ਆਈ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਸੁਤੰਤਰ ਭਵਨ ਸੰਗਰੂਰ ਵਿਖੇ ਗੁਰਦਿਆਲ ਨਿਰਮਾਣ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਕੌਂਸਲ ਦੇ ਮੈਂਬਰਾਂ ਤੋਂ ਇਲਾਵਾ ਸਰਗਰਮ ਵਰਕਰਾਂ ਅਤੇ ਟਰੇਡ ਯੂਨੀਅਨ ਦੇ ਸਾਥੀਆਂ ਨੇ ਵੀ ਭਾਗ ਲਿਆ। ਜ਼ੋਨਲ ਰੈਲੀ ਬਾਰੇ ਰਿਪੋਰਟਿੰਗ ਕਰਦਿਆਂ ਜ਼ਿਲ੍ਹਾ ਸਕੱਤਰ ਸੁਖਦੇਵ ਸ਼ਰਮਾ ਨੇ ਦੱਸਿਆ ਕਿ ਮੀਟਿੰਗ ਨੇ ਫੈਸਲਾ ਕੀਤਾ ਕਿ 29 ਨਵੰਬਰ ਨੂੰ ਕੀਤੀ ਜਾ ਰਹੀ ਜ਼ੋਨਲ ਰੈਲੀ ਵਿੱਚ ਸੰਗਰੂਰ ਵਿੱਚ ਘੱਟੋ-ਘੱਟ 1200 ਤੋਂ ਵੱਧ ਸਾਥੀ ਜ਼ਿਲ੍ਹਾ ਪਾਰਟੀ ਵੱਲੋਂ ਸ਼ਾਮਲ ਹੋਣਗੇ। ਇਸ ਦੀ ਤਿਆਰੀ ਵਿੱਚ ਜ਼ਿਲ੍ਹੇ ਵੱਲੋਂ ਆਪਣੇ ਤੌਰ ’ਤੇ ਇੱਕ ਪੋਸਟਰ ਕੱਢਿਆ ਜਾਵੇਗਾ। 25 ਮਾਟੋ ਜ਼ਿਲ੍ਹੇ ਅੰਦਰ ਮੰਗਾਂ ਦਾ ਜ਼ਿਕਰ ਕਰਦੇ ਹੋਏ ਸੀ ਪੀ ਆਈ ਵੱਲੋਂ ਲਾਏ ਜਾਣਗੇ। ਰੈਲੀ ਦੇ ਖਰਚਿਆਂ ਤੇ ਸਾਥੀਆਂ ਨੂੰ ਸ਼ਾਮਲ ਕਰਾਉਣ ਲਈ ਤਹਿਸੀਲ ਮੀਟਿੰਗਾਂ ਅਤੇ ਬਰਾਂਚ ਮੀਟਿੰਗਾਂ ਕੀਤੀਆਂ ਜਾਣਗੀਆਂ। ਵਰਕਰਾਂ ਨੂੰ ਸ਼ਾਮਲ ਕਰਾਉਣ ਲਈ ਵਹੀਕਲਾਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਸਾਥੀ ਸ਼ਰਮਾ ਦੀ ਅਗਵਾਈ ਵਿੱਚ ਸਮੁੱਚੀ ਕਾਰਜਕਾਰਨੀ ਨੂੰ ਤਿਆਰੀ ਕਮੇਟੀ ਵੱਲੋਂ ਨਾਮਜ਼ਦ ਕੀਤਾ ਗਿਆ। ਇਸ ਸਮੇਂ ਪੈਪਸੀਕੋ ਵਰਕਰ ਯੂਨੀਅਨ ਤੋਂ ਹਰਵਿੰਦਰ ਸਿੰਘ ਜਨਰਲ ਸਕੱਤਰ, ਰੌਕ ਤੇ ਸਟੋਰਮ ਵੱਲੋਂ ਕੁਲਦੀਪ ਸਿੰਘ, ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਵੱਲੋਂ ਮੇਲਾ ਸਿੰਘ ਤੇ ਸੀਤਾ ਰਾਮ ਸ਼ਰਮਾ, ਬਿਜਲੀ ਮੁਲਾਜ਼ਮਾਂ ਵੱਲੋਂ ਜੀਵਨ ਸਿੰਘ ਤੇ ਗੁਰਮੁਖ ਸਿੰਘ ਨੇ ਤਿਆਰੀ ਸੰਬੰਧੀ ਆਪਣੀ ਰਾਇ ਰੱਖੀ ਅਤੇ ਪੂਰਾ ਵਿਸ਼ਵਾਸ ਦਿਵਾਇਆ ਉਪਰੋਕਤ ਤੋਂ ਇਲਾਵਾ ਭਰਪੂਰ ਸਿੰਘ ਬੁੱਲਾਪੁਰ, ਹਰਦੇਵ ਸਿੰਘ ਬਖਸ਼ੀਵਾਲਾ, ਨਿਰਮਲ ਸਿੰਘ ਬਟੜਿਆਣਾ, ਸੰਪੂਰਨ ਸਿੰਘ ਐਡਵੋਕੇਟ ਅਤੇ ਸਤਵੰਤ ਸਿੰਘ ਖੰਡੇਬਾਦ, ਮੁਹੰਮਦ ਖਲੀਲ, ਸੁਰਿੰਦਰ ਭੈਣੀ, ਡਾਕਟਰ ਮਨਿੰਦਰ ਧਾਲੀਵਾਲ, ਜਗਦੇਵ ਸਿੰਘ ਬਾਹੀਆ, ਨਵਜੀਤ ਸਿੰਘ ਸੰਗਰੂਰ, ਬਲਵਿੰਦਰ ਸਿੰਘ ਤੇ ਗੁਰਮੀਤ ਸਿੰਘ ਤੇ ਨੀਲੇ ਖਾਂ ਨੇ ਵੀ ਸੰਬੋਧਨ ਕੀਤਾ। ਪੰਜਾਬ ਦੇ ਲੋਕਾਂ ਦੀਆਂ ਮੰਗਾਂ, ਫਸਲਾਂ ਲਈ ਐੱਮ ਐੱਸ ਪੀ ਦਾ ਕਾਨੂੰਨ ਬਣਾਉਣਾ, ਪੰਜਾਬ ਦੇ ਪਾਣੀਆਂ ਦੇ ਮਸਲੇ ਨੂੰ ਹੱਲ ਕਰਨਾ, ਮਜ਼ਦੂਰਾਂ ਦੀਆਂ ਹੱਕੀ ਮੰਗਾਂ ਅਤੇ ਘੱਟੋ-ਘੱਟ ਉਜਰਤਾਂ ਦੇ ਹੱਲ, ਬੇਰੁਜ਼ਗਾਰੀ ਦੇ ਹੱਲ, ਵਿਦਿਆ ਹਰੇਕ ਲਈ ਮੁਫ਼ਤ ਤੇ ਜ਼ਰੂਰੀ ਤੋਂ ਇਲਾਵਾ ਮੁਲਾਜ਼ਮਾਂ ਦੀਆਂ ਮੰਗਾਂ, ਆਊਟਸੋਰਸ ਦੇ ਕਾਮਿਆਂ ਨੂੰ ਪੱਕੇ ਕਰਾਉਣ ਲਈ ਆਦਿ ਮੰਗਾਂ ’ਤੇ ਲੜਿਆ ਜਾਵੇਗਾ।
ਅੰਤ ਵਿੱਚ ਗੁਰਦਿਆਲ ਨਿਰਮਾਣ ਤੇ ਸੁਖਦੇਵ ਸ਼ਰਮਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਸੰਗਰੂਰ ਜ਼ਿਲ੍ਹੇ ਵਿੱਚ ਅੱਜ ਤੋਂ ਲੈ ਕੇ 29 ਨਵੰਬਰ ਤੱਕ ਕੋਈ ਸਮਾਂ ਵੀ ਵਿਹਲਾ ਨਾ ਰੱਖਦੇ ਹੋਏ ਰੈਲੀ ਦੀ ਤਿਆਰੀ ਵਿੱਚ ਜੁੱਟ ਜਾਣਾ ਚਾਹੀਦਾ ਹੈ। ਇਹ ਜ਼ੋਨਲ ਰੈਲੀ ਜ਼ਿਲਾ ਸੰਗਰੂਰ ਅਤੇ ਕਮਿਊਨਿਸਟ ਪਾਰਟੀ ਪੰਜਾਬ ਲਈ ਇੱਕ ਮੀਲ ਪੱਥਰ ਦਾ ਕੰਮ ਕਰੇਗੀ ਤੇ ਲੋਕਾਂ ਨੂੰ ਲੜਾਈ ਲਈ ਤਿਆਰ ਕਰੇਗੀ। ਅੰਤ ਵਿੱਚ ਸਾਥੀ ਸ਼ਰਮਾ ਨੇ ਕਿਹਾ ਕਿ ਰੈਲੀ ਲਈ ਮੀਟਿੰਗ ਦੌਰਾਨ ਵਰਕਰਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਸੀ, ਜੋ ਬਿਆਨ ਕਰਨਾ ਵੀ ਮੁਸ਼ਕਲ ਹੈ।