ਚੰਡੀਗੜ੍ਹ (ਕਿ੍ਰਸ਼ਨ ਗਰਗ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ਨੀਵਾਰ ਦਿੱਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਕਈ ਮੁੱਦਿਆਂ ਉਤੇ ਚਰਚਾ ਵੀ ਕੀਤੀ ਹੈ। ਇਸ ਦੇ ਨਾਲ ਹੀ ਸੈਣੀ ਨੇ ਪ੍ਰਧਾਨ ਮੰਤਰੀ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ।
ਵਾਹਨ ਉਲਟਣ ਨਾਲ ਫੌਜੀ ਦੀ ਮੌਤ, 13 ਜ਼ਖਮੀ
ਸ੍ਰੀਨਗਰ : ਕੁਲਗਾਮ ਜ਼ਿਲ੍ਹੇ ਵਿਚ ਸੈਨਾ ਦਾ ਵਾਹਨ ਬੇਕਾਬੂ ਹੋ ਕੇ ਉਲਟ ਜਾਣ ਕਾਰਨ ਇਕ ਫੌਜੀ ਜਵਾਨ ਦੀ ਮੌਤ ਹੋ ਗਈ ਅਤੇ ਨੌਂ ਹੋਰ ਜਵਾਨਾਂ ਸਣੇ 13 ਵਿਅਕਤੀ ਜ਼ਖਮੀ ਹੋ ਗਏ। ਜ਼ਖਮੀਆਂ ਵਿਚ ਚਾਰ ਆਮ ਨਾਗਰਿਕ ਹਨ। ਸਾਰੇ ਜ਼ਖਮੀਆਂ ਦੀ ਹਾਲਤ ਸਥਿਰ ਦੱਸੀ ਗਈ ਹੈ। ਫੌਜ ਦੀ ਸ੍ਰੀਨਗਰ ਆਧਾਰਤ 15 ਕੋਰ, ਜਿਸ ਨੂੰ ਚਿਨਾਰ ਕੋਰ ਵੀ ਆਖਿਆ ਜਾਂਦਾ ਹੈ, ਦੇ ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਸ਼ੁੱਕਰਵਾਰ ਰਾਤ ਡੀ ਐੱਚ ਪੋਰਾ ਇਲਾਕੇ ਵਿਚ ਫੌਜ ਦੀ ਅਪਰੇਸ਼ਨਲ ਹਿੱਲਜੁੱਲ ਦੌਰਾਨ ਵਾਪਰਿਆ।
ਭੀੜ-ਭੜੱਕੇ ਤੋਂ ਦੂਰ ਰਹਿਣ ਦੀ ਸਲਾਹ
ਨਵੀਂ ਦਿੱਲੀ : ਤਿਉਹਾਰੀ ਸੀਜ਼ਨ ਦੌਰਾਨ ਕਈ ਸ਼ਹਿਰਾਂ ’ਚ ਵਧਦੇ ਹਵਾ ਪ੍ਰਦੂਸ਼ਣ ਤੋਂ ਚਿੰਤਤ ਕੇਂਦਰੀ ਸਿਹਤ ਮੰਤਰਾਲੇ ਨੇ ਆਮ ਲੋਕਾਂ, ਖਾਸ ਤੌਰ ’ਤੇ ਬੱਚਿਆਂ ਤੇ ਬਜ਼ੁਰਗਾਂ ਨੂੰ ਸਾਵਧਾਨ ਰਹਿਣ ਤੇ ਖੁੱਲ੍ਹੀ ਹਵਾ ’ਚ ਨਾ ਜਾਣ ਦੀ ਸਲਾਹ ਦਿੱਤੀ ਹੈ। ਮੰਤਰਾਲੇ ਨੇ ਲੋਕਾਂ ਨੂੰ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਪ੍ਰਦੂਸ਼ਣ ਹੋਰ ਵਧਣ ਦਾ ਖਦਸ਼ਾ ਹੈ।