ਪੁਣੇ : ਭਾਰਤ ਸਨਿੱਚਰਵਾਰ 12 ਸਾਲਾਂ ਬਾਅਦ ਆਪਣੀ ਧਰਤੀ ਉਤੇ ਪਹਿਲੀ ਕਿ੍ਰਕਟ ਟੈੱਸਟ ਲੜੀ ਹਾਰ ਗਿਆ, ਜਦੋਂ ਉਸ ਨੂੰ ਨਿਊ ਜ਼ੀਲੈਂਡ ਹੱਥੋਂ ਦੂਜੇ ਟੈਸਟ ਵਿਚ 113 ਦੌੜਾਂ ਦੀ ਹਾਰ ਖਾਣੀ ਪਈ। ਨਿਊ ਜ਼ੀਲੈਂਡ ਨੇ ਮਿਸ਼ੇਲ ਸੈਂਟਨਰ ਵੱਲੋਂ ਪੂਰੇ ਮੈਚ ਦੌਰਾਨ 13 ਵਿਕਟ ਝਟਕਾਏ ਜਾਣ ਸਦਕਾ ਜ਼ੋਰਦਾਰ ਜਿੱਤ ਦਰਜ ਕਰਦਿਆਂ ਤਿੰਨ ਮੈਚਾਂ ਦੀ ਲੜੀ ਵਿਚ 2-0 ਦੀ ਅਜੇਤੂ ਲੀਡ ਬਣਾ ਲਈ ਹੈ। ਇਸ ਤੋਂ ਪਹਿਲਾਂ ਭਾਰਤ ਨੂੰ 2012-13 ਦੌਰਾਨ ਇੰਗਲੈਂਡ ਨੇ 2-1 ਨਾਲ ਹਰਾਇਆ ਸੀ। ਭਾਰਤੀ ਟੀਮ ਜਿੱਤਣ ਲਈ 359 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦੂਜੀ ਪਾਰੀ ਵਿਚ 245 ਦੌੜਾਂ ਉਤੇ ਹੀ ਆਊਟ ਹੋ ਗਈ।
ਨਿਊ ਜ਼ੀਲੈਂਡ ਨੇ ਪਹਿਲੇ ਟੈੱਸਟ ਮੈਚ ਵਿਚ ਭਾਰਤ ਨੂੰ 8 ਵਿਕਟਾਂ ਨਾਲ ਮਾਤ ਦਿੱਤੀ ਸੀ ਅਤੇ ਉਸ ਨੇ 1955-56 ਵਿਚ ਦੋਵਾਂ ਮੁਲਕਾਂ ਦੀਆਂ ਟੈੱਸਟ ਲੜੀਆਂ ਸ਼ੁਰੂ ਹੋਣ ਤੋਂ ਬਾਅਦ ਭਾਰਤੀ ਸਰਜ਼ਮੀਨ ਉਤੇ ਪਹਿਲੀ ਲੜੀ ਜਿੱਤੀ ਹੈ। ਸੈਂਟਨਰ ਨੇ ਭਾਰਤ ਦੀ ਦੂਜੀ ਪਾਰੀ ਦੌਰਾਨ 104 ਦੌੜਾਂ ਦੇ ਕੇ 6 ਵਿਕਟਾਂ ਲਈਆਂ।