ਝਬਾਲ : ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਤੇ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਦਵਿੰਦਰ ਸੋਹਲ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਝੋਨੇ ਦੀ ਖਰੀਦ ਵਿੱਚ ਪੰਜਾਬ ਸਰਕਾਰ ਨਾਕਾਮ ਸਾਬਤ ਹੋਈ ਹੈ। ਕਿਸਾਨਾਂ ਨੂੰ ਮੰਡੀਆਂ ਵਿੱਚ ਸਰਕਾਰੀ ਤੰਤਰ ਅਤੇ ਆੜ੍ਹਤੀਏ ਮਿਲ ਕੇ ਲੁੱਟ ਰਹੇ ਹਨ। ਕਿਸਾਨਾਂ ਦਾ ਝੋਨਾ ਮੰਡੀਆਂ ਵਿੱਚ ਰੁਲ ਰਿਹਾ ਹੈ। ਕਈ ਕਿਸਾਨ 15-15 ਦਿਨ ਤੋਂ ਮੰਡੀ ਵਿੱਚ ਰਾਤ-ਦਿਨ ਤੋਂ ਰਹਿ ਰਹੇ ਹਨ। ਦਿਨ ਵੇਲੇ ਕਿਸਾਨ ਮੰਡੀਆਂ ਦੇ ਪੱਕੇ ਅਤੇ ਕੱਚੇ ਫੜ੍ਹਾਂ ’ਤੇ ਝੋਨਾ ਖਿਲਾਰ ਕੇ ਸੁਕਾਉਦੇ ਰਹਿੰਦੇ ਹਨ ਤੇ ਸ਼ਾਮ ਨੂੰ ਫਿਰ ਢੇਰੀ ਲਾ ਦਿੰਦੇ ਹਨ ਕਿ ਤਰੇਲ ਨਾਲ ਗਿੱਲਾ ਨਾ ਹੋ ਜਾਏ। ਆਗੂਆਂ ਕਿਹਾ ਕਿ ਉਪਰੋਂ ਕਣਕ ਦੀ ਬਿਜਾਈ ਦਾ ਸਮਾਂ ਹੈ। ਕਿਸਾਨ ਬਹੁਤ ਬੁਰੀ ਹਾਲਤ ਵਿੱਚ ਫਸੇ ਪਏ ਹਨ। ਆਗੂਆਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਆਖਦੀ ਹੈ ਕਿ ਪਰਾਲੀ ਨਾ ਸਾੜੋ, ਵਾਤਾਵਰਨ ਖ਼ਰਾਬ ਹੁੰਦਾ ਹੈ, ਪਰ ਸਰਕਾਰ ਪਰਾਲੀ ਨੂੰ ਚੁੱਕਣ ਦਾ ਪ੍ਰਬੰਧ ਨਹੀਂ ਕਰਦੀ। ਜੇ ਸਰਕਾਰਾਂ ਸੁਹਿਰਦ ਹੋਣ ਤਾਂ ਪਰਾਲੀ ਤੋਂ ਗੱਤਾ ਤੇ ਕਾਗਜ਼ ਆਦਿ ਬਣਾਉਣ ਵਾਲੇ ਕਾਰਖਾਨੇ ਪੰਜਾਬ ਵਿੱਚ ਲਾਉਣ ਦੀ ਜ਼ਰੂਰਤ ਹੈ।
ਕਾਰਖਾਨਿਆਂ ਵਿੱਚ ਵੱਡੇ ਪੱਧਰ ’ਤੇ ਬੇਰੁਜ਼ਗਾਰ ਜਵਾਨੀ ਨੂੰ ਰੁਜ਼ਗਾਰ ਮਿਲ ਸਕਦਾ ਹੈ, ਪਰ ਸਰਕਾਰਾਂ ਤੇ ਇਹ ਚਾਹੁੰਦੀਆਂ ਹਨ ਕਿ ਜਵਾਨੀ ਜ਼ਮੀਨ-ਜਾਇਦਾਦ ਵੇਚ ਕੇ ਪ੍ਰਵਾਸ ਕਰਦੀ ਰਹੇ। ਉਕਤ ਆਗੂਆਂ ਨੇ ਕਿਹਾ ਕਿ ਪਰਾਲੀ ਸਾਂਭਣ ਦਾ ਸਰਕਾਰ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ।