ਮੁੰਬਈ : ਅਦਾਕਾਰਾ ਸ੍ਵਰਾ ਭਾਸਕਰ ਦਾ ਪਤੀ ਫਹਦ ਅਹਿਮਦ ਸਮਾਜਵਾਦੀ ਪਾਰਟੀ ਛੱਡ ਕੇ ਸ਼ਰਦ ਪਵਾਰ ਦੀ ਐੱਨ ਸੀ ਪੀ (ਐੱਸ ਸੀ ਪੀ) ਵਿਚ ਸ਼ਾਮਲ ਹੋ ਗਿਆ ਤੇ ਉਸ ਨੂੰ ਅਨੁਸ਼ਕਤੀ ਨਗਰ ਤੋਂ ਅਸੰਬਲੀ ਚੋਣ ਦੀ ਟਿਕਟ ਦੇ ਦਿੱਤੀ ਗਈ ਹੈ। ਉਸ ਦਾ ਮੁਕਾਬਲਾ ਐੱਨ ਸੀ ਪੀ (ਅਜੀਤ ਪਵਾਰ) ਦੇ ਸੀਨੀਅਰ ਆਗੂ ਨਵਾਬ ਮਲਿਕ ਦੀ ਧੀ ਸਨਾ ਮਲਿਕ ਨਾਲ ਹੋਵੇਗਾ। ਸਪਾ ਆਗੂ ਅਬੂ ਆਜ਼ਮੀ ਨੇ ਦੱਸਿਆ ਕਿ ਉਨ੍ਹਾ ਪਿਛਲੇ ਹਫਤੇ ਪਵਾਰ ਨਾਲ ਗੱਲ ਕੀਤੀ ਸੀ ਕਿ ਜੇ ਉਨ੍ਹਾ ਕੋਲ ਤਕੜਾ ਉਮੀਦਵਾਰ ਨਹੀਂ ਹੈ ਤਾਂ ਉਹ ਫਹਦ ਨੂੰ ਖੜ੍ਹਾ ਕਰ ਸਕਦੇ ਹਨ।
ਦੋ ਜਲੇਬੀਆਂ ’ਚ 500 ਕੈਲੋਰੀਆਂ
ਚੰਡੀਗੜ੍ਹ : ਇਕ ਗੁਲਾਬ ਜਾਮਣ ਵਿਚ ਤਕਰੀਬਨ 150 ਕੈਲੋਰੀਆਂ ਹੁੰਦੀਆਂ ਹਨ, ਦੋ ਜਲੇਬੀਆਂ ਵਿਚ ਤਕਰੀਬਨ 500, ਮੋਤੀਚੂਰ ਦੇ ਦੋ ਲੱਡੂਆਂ ’ਚ 360 ਅਤੇ ਸਮੋਸੇ ’ਚ 250 ਤੋਂ 300 ਕੈਲੋਰੀਆਂ ਹੁੰਦੀਆਂ ਹਨ। ਪੀ ਜੀ ਆਈ ਐੱਮ ਈ ਆਰ ਚੰਡੀਗੜ੍ਹ ਦੇ ਕਮਿਊਨਿਟੀ ਮੈਡੀਸਨ ਵਿਭਾਗ ਦੀ ਪ੍ਰੋਫੈਸਰ ਡਾ. ਸੋਨੂੰ ਗੋਇਲ ਨੇ ਖਬਰਦਾਰ ਕੀਤਾ ਹੈ ਕਿ ਦੀਵਾਲੀ ’ਤੇ ਮਿਠਾਈ ਖਾਣ ਵੇਲੇ ਕੰਜੂਸੀ ਕਰਨ ’ਚ ਹੀ ਭਲਾ ਹੈ।
50 ਹੋਰ ਧਮਕੀਆਂ ਮਿਲੀਆਂ
ਨਵੀਂ ਦਿੱਲੀ : ਭਾਰਤੀ ਏਅਰਲਾਈਨਾਂ ਨੂੰ ਬੰਬ ਨਾਲ ਉਡਾਉਣ ਦੀਆਂ ਐਤਵਾਰ ਵੀ ਘੱਟੋ-ਘੱਟ 50 ਧਮਕੀਆਂ ਮਿਲੀਆਂ। ਪਿਛਲੇ 14 ਦਿਨਾਂ ਵਿਚ 350 ਤੋਂ ਵੱਧ ਉਡਾਣਾਂ ਨੂੰ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਬਹੁਤੀਆਂ ਧਮਕੀਆਂ ਸੋਸ਼ਲ ਮੀਡੀਆ ਰਾਹੀਂ ਦਿੱਤੀਆਂ ਗਈਆਂ ਹਨ। ਅਕਾਸਾ ਏਅਰ ਦੀਆਂ 15 ਉਡਾਣਾਂ, ਜਦੋਂਕਿ ਇੰਡੀਗੋ ਤੇ ਵਿਸਤਾਰਾ ਦੀਆਂ ਕ੍ਰਮਵਾਰ 18 ਤੇ 17 ਉਡਾਣਾਂ ਨੂੰ ਧਮਕੀ ਦਿੱਤੀ ਗਈ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਅਜਿਹੀਆਂ ਧਮਕੀਆਂ ਨਾਲ ਨਜਿੱਠਣ ਲਈ ਕਾਨੂੰਨੀ ਕਾਰਵਾਈ ਦੇ ਵਿਕਲਪ ’ਤੇ ਵਿਚਾਰ ਕਰ ਰਿਹਾ ਹੈ।
ਸਟੇਸ਼ਨ ’ਤੇ ਅਫਰਾਤਫਰੀ ’ਚ 9 ਜ਼ਖਮੀ
ਮੁੰਬਈ : ਇੱਥੋਂ ਦੇ ਬਾਂਦਰਾ ਟਰਮੀਨਲ ਉੱਤੇ ਐਤਵਾਰ ਸਵੇਰੇ ਭਾਜੜ ਪੈਣ ਨਾਲ 9 ਵਿਅਕਤੀ ਜ਼ਖ਼ਮੀ ਹੋ ਗਏ। ਇਹ ਘਟਨਾ ਪਲੇਟਫਾਰਮ ਨੰਬਰ ਇਕ ਉੱਤੇ ਸਵੇਰੇ 5:56 ਵਜੋਂ ਵਾਪਰੀ, ਜਦੋਂ ਯਾਤਰੀ ਬਾਂਦਰਾ-ਗੋਰਖਪੁਰ ਐੱਕਸਪ੍ਰੈੱਸ (22921) ਟਰੇਨ ਉੱਤੇ ਚੜ੍ਹਨ ਲਈ ਇਕੱਠੇ ਹੋਏ ਸਨ। ਨਗਰ ਨਿਗਮ ਦੇ ਅਧਿਕਾਰੀ ਮੁਤਾਬਕ ਟਰੇਨ ਉੱਤੇ ਚੜ੍ਹਨ ਦੌਰਾਨ ਹੋਈ ਧੱਕਾ-ਮੁੱਕੀ ਕਰਕੇ ਭਾਜੜ ਪੈ ਗਈ।