ਕਾਂਸ਼ੀ ਰਾਮ ਮੜੌਲੀ, ਜੂਲੀਅਸ ਫਿਊਚਿਕ ਤੇ ਅਜੀਤ ਸਿੰਘ ਦੇ ਨਾਂਅ ਮੇਲੇ ’ਚ ਬਣਨਗੇ ਨਗਰ ਤੇ ਪੰਡਾਲ

0
183

ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਕਮੇਟੀ ਦੀ ਜਨਰਲ ਬਾਡੀ ਦੇ ਫੈਸਲੇ ਨੂੰ ਅਮਲੀ ਜਾਮਾ ਪਹਿਨਾਉਦੇ ਹੋਏ 7, 8 ਅਤੇ 9 ਨਵੰਬਰ ਨੂੰ ਹੋ ਰਹੇ 33ਵੇਂ ਮੇਲੇ ਦੇ ਤਿੰਨੇ ਦਿਨ ਦੇਸ਼ ਭਗਤ ਯਾਦਗਾਰ ਹਾਲ ਦੇ ਸਮੁੱਚੇ ਕੰਪਲੈਕਸ ਨੂੰ ਗ਼ਦਰ ਪਾਰਟੀ ਦੇ ਮੁਢਲੇ ਖ਼ਜ਼ਾਨਚੀ ਦੇ ਨਾਂਅ ‘ਕਾਂਸ਼ੀ ਰਾਮ ਮੜੌਲੀ ਨਗਰ’, ਫਾਸ਼ੀਵਾਦ ਖ਼ਿਲਾਫ਼ ਲਾਮਿਸਾਲ ਕੁਰਬਾਨੀ ਅਤੇ ਸੰਗਰਾਮ ਦੇ ਚਿੰਨ੍ਹ ਵਿਸ਼ਵ ਭਰ ਦੇ ਲੋਕਾਂ ਵਿੱਚ ਮਕਬੂਲ ਜੂਲੀਅਸ ਫਿਊਚਿਕ ਦੀ ਯਾਦ ’ਚ ‘ਜੂਲੀਅਸ ਫਿਊਚਿਕ ਪੁਸਤਕ ਪ੍ਰਦਰਸ਼ਨੀ ਪੰਡਾਲ’ ਅਤੇ ਸ਼ਹੀਦ ਭਗਤ ਸਿੰਘ ਆਡੀਟੋਰੀਅਮ ਕਰਕੇ ਜਾਣੇ ਜਾਂਦੀ ਵਿਸ਼ਾਲ ਗਰਾਊਂਡ ਨੂੰ ਪਗੜੀ ਸੰਭਾਲ ਲਹਿਰ ਦੇ ਪ੍ਰਤੀਕ ‘ਅਜੀਤ ਸਿੰਘ ਪੰਡਾਲ’ ਦਾ ਨਾਂਅ ਦਿੱਤਾ ਜਾ ਰਿਹਾ ਹੈ।ਇਹਨਾਂ ਮਹਾਂ-ਨਾਇਕਾਂ ਸੰਬੰਧੀ ਤਸਵੀਰਾਂ, ਫਲੈਕਸਾਂ, ਟੂਕਾਂ ਅਤੇ ਹੋਰ ਲੋੜੀਂਦੀ ਸਮਗਰੀ ਦੀ ਪੂਰਤੀ ਲਈ ਵਿਸ਼ੇਸ਼ ਉਦਮ ਜੁਟਾਏ ਜਾ ਰਹੇ ਹਨ।ਉਹਨਾਂ ਕਿਹਾ ਕਿ 33ਵਾਂ ਮੇਲਾ ਗ਼ਦਰੀ ਬਾਬਿਆਂ ਦਾ ਕਾਰਪੋਰੇਟ ਅਤੇ ਫਾਸ਼ੀਵਾਦ ਖ਼ਿਲਾਫ਼ ਜੂਝਦੀਆਂ ਲਹਿਰਾਂ ਨੂੰ ਸਮਰਪਿਤ ਕੀਤੇ ਜਾ ਰਹੇ ਮੇਲੇ ਵਿੱਚ ਇਹ ਪ੍ਰਭਾਵ ਡੁੱਲ੍ਹ-ਡੁੱਲ੍ਹ ਪਵੇਗਾ ਕਿ ਕਿਵੇਂ ਸਾਮਰਾਜੀ ਕਾਰਪੋਰੇਟ ਘਰਾਣਿਆਂ ਅਤੇ ਉਹਨਾਂ ਦੇ ਹਿੱਤਾਂ ਵਿੱਚ ਗਲਤਾਨ ਸਾਡੇ ਮੁਲਕ ਦੇ ਹੁਕਮਰਾਨ ਕਿਵੇਂ ਦੇਸ਼ ਅਤੇ ਲੋਕ ਹਿੱਤਾਂ ਦੇ ਖ਼ਿਲਾਫ਼ ਭੁਗਤਣ ਦਾ ਕੁਕਰਮ ਕਰ ਰਹੇ ਹਨ।ਮੇਲੇ ਵਿਚ ਭਾਸ਼ਣ, ਗੀਤ-ਸੰਗੀਤ, ਨਾਟਕ ਵੰਨ-ਸੁਵੰਨੇ ਮੁਕਾਬਲੇ ਮੇਲਾ ਸਮਰਪਣ ਵਿਸ਼ੇ ਅਤੇ ਨਗਰਾਂ ਨੂੰ ਵਿਸ਼ਾ-ਵਸਤੂ ਦੇ ਕੇਂਦਰ ਵਿਚ ਰੱਖਦੇ ਹੋਏ ਸਮਾਗਮਾਂ ਦੀ ਰੂਪ-ਰੇਖਾ ਉਲੀਕੀ ਗਈ ਹੈ।ਕਮੇਟੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੇਲੇ ਵਾਂਗ ਹੀ ਆਪਣੀਆਂ ਸੰਸਥਾਵਾਂ ਅਤੇ ਸਰਗਰਮੀਆਂ ਵਿਚ ਇਹਨਾਂ ਨਾਇਕਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੀ ਸਪਿਰਟ ਗ੍ਰਹਿਣ ਕਰਨ ਲਈ ਤਿੰਨ ਰੋਜ਼ਾ ਮੇਲੇ ਵਿੱਚ ਪਰਵਾਰਾਂ ਸਮੇਤ ਸ਼ਾਮਲ ਹੋਣਗੇ, ਇਹ ਕਮੇਟੀ ਨੂੰ ਵਿਸ਼ਵਾਸ ਹੈ।