ਸ਼ਾਹਕੋਟ (ਗਿਆਨ ਸੈਦਪੁਰੀ)
1967 ਤੋਂ ਸਿਆਸੀ ਪਾਣੀਆਂ ’ਚ ਕੁੱਦੇ, ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ, ਇੱਕ ਵਾਰ ਵਜ਼ੀਰ, ਦੋ ਵਾਰ ਮੈਂਬਰ ਪਾਰਲੀਮੈਂਟ ਅਤੇ ਸੱਤ ਵਾਰ ਦੇ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਇੱਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਆਪਣੇ ਅੰਦਰਲੇ ਸਿਆਸੀ ਦਰਦ ਨੂੰ ਛੁਪਾ ਨਾ ਸਕੇ। ਜ਼ਿਕਰਯੋਗ ਹੈ ਕਿ ਇੱਕ ਅਖਬਾਰ ਨੂੰ ਦਿੱਤੀ ਇਟਰਵਿਊ ਵਿੱਚ ਸਾਬਕਾ ਮੁੱਖ ਮੰਤਰੀ ਨੇ ਭਾਜਪਾ ’ਤੇ ਗਿਲਾ ਕੀਤਾ ਹੈ ਕਿ ਕਿਸੇ ਵੀ ਮਾਮਲੇ ਵਿੱਚ ਭਾਜਪਾ ਉਨ੍ਹਾ ਦੀ ਸਲਾਹ ਨਹੀਂ ਲੈਂਦੀ। ਐਤਵਾਰ ਕੈਪਟਨ ਦਾ ‘ਸਿਆਸੀ ਹਉਕਾ’ ਇੱਥੇ ਸਿਆਸੀ ਖੁੰਢ ਚਰਚਾ ਦਾ ਵਿਸ਼ਾ ਬਣਿਆ ਰਿਹਾ। ਕਈਆਂ ਨੇ ਮਹਾਰਾਜਾ ਨਾਲ ‘ਸਿਆਸੀ ਹਮਦਰਦੀ’ ਦਾ ਪ੍ਰਗਟਾਵਾ ਕਰਦਿਆਂ ਉਨ੍ਹਾ ਦੀ ਸਿਆਸੀ ਗਲਤੀ ਦਾ ਉਨ੍ਹਾ ਨੂੰ ਅਹਿਸਾਸ ਕਰਵਾਉਣ ਦਾ ਯਤਨ ਕੀਤਾ। ਕਈਆਂ ਨੇ ਉਨ੍ਹਾ ਦੀ ‘ਸਿਆਸੀ ਨਰਾਜ਼ਗੀ’ ’ਤੇ ਚੁਟਕੀ ਲਈ। ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਕਾਂਗਰਸ ਪਾਰਟੀ ਦੇ ਸਰਗਰਮ ਆਗੂ ਤੇ ਬਲਾਕ ਪ੍ਰਧਾਨ ਸੁਰਿੰਦਰਜੀਤ ਸਿੰਘ ਚੱਠਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਨਿਹੋਰੇ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਸਿਆਸਤ ਵਿੱਚ ਉਤਰਾਅ-ਚੜ੍ਹਾਅ ਇੱਕ ਆਮ ਵਰਤਾਰਾ ਹੈ। ਔਖੇ-ਸੌਖੇ ਦਿਨ ਲੰਘ ਜਾਂਦੇ ਹਨ, ਪਰ ਸਹਿਜ ਟਿਕਾਣਾ ‘ਆਪਣਾ ਘਰ’ ਹੀ ਹੁੰਦਾ ਹੈ। ਇਨ੍ਹਾਂ ਸਮਿਆਂ ’ਚ ਸਹਿਜ ਰਹਿਣਾ ਇੱਕ ਤਰ੍ਹਾਂ ਦਾ ਸਾਹਸ ਵੀ ਹੁੰਦਾ ਹੈ।
ਚੱਠਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਦੋ ਵਾਰ ਦੇ ਮੁੱਖ ਮੰਤਰੀ ਦੇ ਕਾਰਜਕਾਲ ਵਿੱਚ ਅਨਾਜ ਮੰਡੀਆਂ ਦੇ ਸੀਜ਼ਨਾਂ ਨੂੰ ਅਜੋਕੇ ਸੀਜ਼ਨ ਨਾਲ ਮੇਲ ਕਰਦਿਆਂ ਉਨ੍ਹਾ ਦੀ ਸਿਆਸੀ ਸਮਰੱਥਾ ਦੀ ਸਿਫ਼ਤ ਕੀਤੀ।
ਇਸ ਦੌਰਾਨ ਸ਼ਾਹਕੋਟ ਦੇ ਇੱਕ ਅਖ਼ਬਾਰੀ ਸਟਾਲ ’ਤੇ ਵੱਖ-ਵੱਖ ਟਿੱਪਣੀਆਂ ਸੁਣਨ ਨੂੰ ਮਿਲੀਆਂ। ਇੱਕ ਸਾਬਕਾ ਕਾਂਗਰਸੀ ਆਗੂ, ਜੋ ਖੁਦ ਵੀ ਸਿਆਸੀ ਤਿਲਕਣਬਾਜ਼ੀ ਦਾ ਸ਼ਿਕਾਰ ਹੋ ਗਿਆ ਸੀ, ਪਰ ਹੁਣ ਵੀ ਹਮਦਰਦੀ ਕਾਂਗਰਸ ਪਾਰਟੀ ਨਾਲ ਹੀ ਰੱਖਦਾ ਹੈ, ਨੇ ਕਿਹਾ ਕਿ ਉੱਚ ਸਿਆਸੀ ਮੁਰਾਤਬਾ ਰੱਖਣ ਵਾਲੇ ਰਾਜੇ ਨੂੰ ਕੀ ਲੋੜ ਸੀ ਪੰਜਾਬ ਵਿਰੋਧੀ ਪਾਰਟੀ ਦੇ ਟੇਟੇ ਚੜ੍ਹਨ ਦੀ? ਇੱਥੇ ਖੜੇ ਆਰ ਐੱਸ ਐੱਸ ਨਾਲ ਸਬੰਧਤ ਮਿਸਟਰ ਉੱਪਲ ਨੇ ਉਪਰਲੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਕਿਹਾ ਕਿ ਮਹਾਰਾਜਾ ਨੂੰ ਭੁਲੇਖਾ ਸੀ ਕਿ ਉਹ ਦਿੱਲੀ ਵਾਲੇ ਭਾਜਪਾਈਆਂ ਦਾ ਦਿਲ ਜਿੱਤ ਕੇ ਕਿਸੇ ਵੱਡੀ ਪਦਵੀ ਦੀ ਕਲਗੀ ਲਵਾ ਲਵੇਗਾ, ਪਰ ਭਾਜਪਾ ਵਿੱਚ ਬੜੀ ਵੱਡੀ ਕਤਾਰ ਹੈ।
ਇੱਥੇ ਮੋਹਰਲੇ ਪਾਸੇ ਵੱਲ ਦੀ ਆਉਣ ਵਾਲਿਆਂ ਨਾਲ ਇੰਜ ਹੀ ਵਾਪਰਦਾ ਹੈ। ਉੱਪਲ਼ ਨੇ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਇੱਕ ਨੌਜਵਾਨ ਆਗੂ ਬਾਰੇ ਵੀ ਸਿਆਸੀ ਖ਼ੁਲਾਸਾ ਕਰ ਦਿੱਤਾ। ਉਨ੍ਹਾ ਕਿਹਾ ਕਿ ਇਸ ਆਗੂ ਦੀਆਂ ਭਾਜਪਾ ’ਚ ਜਾਣ ਦੀਆਂ ‘ਸ਼ਰਤਾਂ’ ਤੈਅ ਹੋ ਗਈਆਂ ਸਨ, ਪਰ ਕਿਸੇ ਹੋਰ ਨੇ ਇਸ ਅਮਲ ਵਿੱਚ ਸਿਆਸੀ ਲੱਤ ਅੜਾ ਦਿੱਤੀ ਸੀ। ਕੋਲ ਖੜੇ ਤਰਕਸ਼ੀਲ ਆਗੂ ਨੇ ਭਾਜਪਾ ’ਤੇ ਵੱਡਾ ਕਟਾਖਸ਼ ਕਰਦਿਆਂ ਕਿਹਾ ਕਿ ਉਕਤ ਨੌਜਵਾਨ ਅਕਾਲੀ ਆਗੂ ’ਤੇ ਭਿ੍ਰਸ਼ਟਾਚਾਰ ਦਾ ਦੋਸ਼ ਨਹੀ ਸੀ, ਭਾਜਪਾ ਕਥਿਤ ਵੱਡੇ ਦੋਸ਼ੀਆਂ ਨੂੰ ਹੀ ਪਾਰਟੀ ਵਿੱਚ ਸ਼ਾਮਲ ਕਰਦੀ ਹੈ। ਇਹ ਪਹਿਲਾਂ ‘‘ਅੱਖਾਂ ’ਤੇ ਬਿਠਾਉਦੀ ਹੈ ਤੇ ਫਿਰ ਦੂਜੀਆਂ ਪਾਰਟੀਆਂ ਦੇ ਆਗੂਆਂ ਦੀਆਂ ‘ਨਜ਼ਰਾਂ’ ਵਿੱਚ ਵੀ ਡੇਗ ਦਿੰਦੀ ਹੈ।’’





