ਪਟਨਾ : ਜਨਤਾ ਦਲ (ਯੂਨਾਈਟਿਡ) ਦੇ ਨੇਤਾ ਨਿਤੀਸ਼ ਕੁਮਾਰ (71) ਨੇ ਬੁੱਧਵਾਰ ਬਾਅਦ ਦੁਪਹਿਰ ਅੱਠਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ | ਰਾਜਪਾਲ ਫਾਗੂ ਚੌਹਾਨ ਨੇ ਰਾਜ ਭਵਨ ‘ਚ ਸਮਾਰੋਹ ਦੌਰਾਨ ਨਿਤੀਸ਼ ਤੋਂ ਇਲਾਵਾ ਰਾਸ਼ਟਰੀ ਜਨਤਾ ਦਲ (ਆਰ ਜੇ ਡੀ) ਦੇ ਨੇਤਾ ਤੇਜਸਵੀ ਯਾਦਵ ਨੂੰ ਵੀ ਮੰਤਰੀ ਵਜੋਂ ਸਹੁੰ ਚੁਕਾਈ | ਉਨ੍ਹਾ ਦੇ ਦੂਜੀ ਵਾਰ ਉਪ ਮੁੱਖ ਮੰਤਰੀ ਬਣਨ ਦੀ ਸੰਭਾਵਨਾ ਹੈ | ਮਹਾਂਗਠਬੰਧਨ ਦੀ ਅਗਵਾਈ ਕਰ ਰਹੇ ਰਾਸ਼ਟਰੀ ਜਨਤਾ ਦਲ ਨੇ ਮੰਗਲਵਾਰ ਨਿਤੀਸ਼ ਕੁਮਾਰ ਨੂੰ ਆਪਣਾ ਨੇਤਾ ਚੁਣਿਆ ਸੀ | ਸਮਾਗਮ ਵਿਚ ਸਾਬਕਾ ਮੁੱਖ ਮੰਤਰੀ ਤੇ ਲਾਲੂ ਪ੍ਰਸਾਦ ਯਾਦਵ ਦੀ ਪਤਨੀ ਰਾਬੜੀ ਦੇਵੀ ਆਪਣੇ ਪਰਵਾਰ ਨਾਲ ਪੁੱਜੀ, ਪਰ ਲਾਲੂ ਯਾਦਵ ਦਿੱਲੀ ‘ਚ ਹੋਣ ਕਾਰਨ ਹਾਜ਼ਰ ਨਹੀਂ ਸਨ |
ਸ਼ਾਮ ਪੰਜ ਵਜੇ ਨਿਤੀਸ਼ ਤੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਕੈਬਨਿਟ ਮੀਟਿੰਗ ਕਰਕੇ ਫੈਸਲਾ ਕੀਤਾ ਕਿ 24 ਤੇ 25 ਅਗਸਤ ਨੂੰ ਅਸੰਬਲੀ ਦਾ ਸਪੈਸ਼ਲ ਸੈਸ਼ਨ ਸੱਦਿਆ ਜਾਵੇਗਾ | ਪਹਿਲੇ ਦਿਨ ਨਵੇਂ ਸਪੀਕਰ ਦੀ ਚੋਣ ਕੀਤੀ ਜਾਵੇਗੀ ਤੇ ਅਗਲੇ ਦਿਨ ਫਲੋਰ ਟੈੱਸਟ ਹੋਵੇਗਾ | ਸਹੁੰ ਚੁੱਕਣ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਨਿਤੀਸ਼ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਨੂੰ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਬਾਰੇ ਚਿੰਤਾ ਕਰਨੀ ਚਾਹੀਦੀ ਹੈ | ਉਨ੍ਹਾ ਕਿਹਾ—2014 ਮੇਂ ਆਨੇ ਵਾਲੇ 2024 ਮੇਂ ਰਹੇਂਗੇ ਤਬ ਨਾ | ਹਮ ਰਹੇਂ ਯਾ ਨਾ ਰਹੇਂ, ਵੇ 2024 ਮੇਂ ਨਹੀਂ ਰਹੇਂਗੇ | ਉਨ੍ਹਾ ਅੱਗੇ ਕਿਹਾ—ਮੈਂ ਚਾਹਾਂਗਾ ਕਿ 2024 ਲਈ ਸਾਰੀਆਂ ਆਪੋਜ਼ੀਸ਼ਨ ਪਾਰਟੀਆਂ ਇਕਜੁਟ ਹੋਣ | ਇਸ ਦੇ ਨਾਲ ਹੀ ਉਨ੍ਹਾ ਕਿਹਾ—ਮੈਂ 2024 ਵਿਚ ਪ੍ਰਧਾਨ ਮੰਤਰੀ ਬਣਨ ਦਾ ਦਾਅਵੇਦਾਰ ਨਹੀਂ | ਮੈਂ ਅਜਿਹੇ ਕਿਸੇ ਅਹੁਦੇ ਦਾ ਦਾਅਵੇਦਾਰ ਨਹੀਂ | ਸਹੁੰ ਚੁੱਕ ਸਮਾਰੋਹ ਦੌਰਾਨ ਨਿਤੀਸ਼ ਦੀ ਪਿਛਲੀ ਇਤਿਹਾਦੀ ਭਾਜਪਾ ਦੇ ਆਗੂ ਨਦਾਰਦ ਰਹੇ | ਤੇਜਸਵੀ ਯਾਦਵ ਨੇ ਕਿਹਾ ਕਿ ਆਉਂਦੇ ਮਹੀਨਿਆਂ ਵਿਚ ਬੰਪਰ ਨੌਕਰੀਆਂ ਕੱਢੀਆਂ ਜਾਣਗੀਆਂ |