2019 ਵਿਚ ਨਰਿੰਦਰ ਮੋਦੀ ਦੇ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਜਨਤਾ ਦਲ (ਯੂਨਾਈਟਿਡ) ਭਾਜਪਾ ਨਾਲੋਂ ਤੋੜ-ਵਿਛੋੜਾ ਕਰਨ ਵਾਲਾ ਤੀਜਾ ਪ੍ਰਮੁੱਖ ਦਲ ਹੈ | ਇਸ ਤੋਂ ਪਹਿਲਾਂ ਸ਼ਿਵ ਸੈਨਾ ਤੇ ਸ਼੍ਰੋਮਣੀ ਅਕਾਲੀ ਦਲ ਨੇ ਸਾਥ ਛੱਡਿਆ ਸੀ | ਜਨਤਾ ਦਲ (ਯੂਨਾਈਟਿਡ) ਕੌਮੀ ਜਮਹੂਰੀ ਗੱਠਜੋੜ (ਐੱਨ ਡੀ ਏ) ਵਿਚੋਂ ਬਾਹਰ ਨਿਕਲਣ ਵਾਲਾ ਸਾਂਸਦਾਂ ਤੇ ਵਿਧਾਇਕਾਂ ਦੇ ਮਾਮਲੇ ‘ਚ ਭਾਜਪਾ ਦੇ ਸਹਿਯੋਗੀਆਂ ਵਿਚ ਸਭ ਤੋਂ ਵੱਡਾ ਦਲ ਹੈ | ਜਨਤਾ ਦਲ (ਯੂਨਾਈਟਿਡ) ਦੇ ਸਾਥ ਛੱਡਣ ਨਾਲ ਭਾਜਪਾ ਲਈ ਪੂਰਬੀ ਭਾਰਤ (ਬਿਹਾਰ, ਪੱਛਮੀ ਬੰਗਾਲ ਤੇ ਓਡੀਸ਼ਾ) ਚੁਣੌਤੀਪੂਰਨ ਹੋ ਗਏ ਹਨ | ਕਰਨਾਟਕ ਨੂੰ ਛੱਡ ਲਈਏ ਤਾਂ ਦੱਖਣੀ ਰਾਜਾਂ ਵਿਚ ਉਸ ਦੀ ਪਹਿਲਾਂ ਹੀ ਖਾਸ ਤਾਕਤ ਨਹੀਂ | ਹੁਣ ਲੋਕ ਸਭਾ ਸੀਟਾਂ ਦੇ ਹਿਸਾਬ ਨਾਲ ਯੂ ਪੀ ਤੇ ਮਹਾਰਾਸ਼ਟਰ ਹੀ ਦੋ ਅਜਿਹੇ ਵੱਡੇ ਰਾਜ ਰਹਿ ਗਏ ਹਨ, ਜਿਥੇ ਭਾਜਪਾ ਤੇ ਉਸ ਦੇ ਸਹਿਯੋਗੀਆਂ ਦੀਆਂ ਸਰਕਾਰਾਂ ਹਨ | ਤਾਮਿਲਨਾਡੂ, ਪੱਛਮੀ ਬੰਗਾਲ ਤੇ ਬਿਹਾਰ ਵਿਚ ਲੋਕ ਸਭਾ ਦੀਆਂ 122 ਸੀਟਾਂ ਹਨ, ਜਿਥੇ ਭਾਜਪਾ ਕੋਲ ਕੋਈ ਵੱਡਾ ਸਹਿਯੋਗੀ ਨਹੀਂ | 2019 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ ਪੱਛਮੀ ਬੰਗਾਲ ਵਿਚ 18 ਤੇ ਬਿਹਾਰ ਵਿਚੋਂ 17 ਸੀਟਾਂ ਜਿੱਤੀਆਂ ਸਨ | ਇਸ ਤੋਂ ਬਾਅਦ ਹੋਈਆਂ ਅਸੰਬਲੀ ਚੋਣਾਂ ਵਿਚ ਭਾਜਪਾ ਬੁਰੀ ਤਰ੍ਹਾਂ ਪਿਟ ਗਈ ਸੀ | ਮੋਦੀ ਦੇ ਪ੍ਰਧਾਨ ਮੰਤਰੀ ਵਜੋਂ ਪਹਿਲੇ ਕਾਰਜਕਾਲ (2014-19) ਵਿਚ ਮਹਿਬੂਬਾ ਮੁਫਤੀ ਵਾਲੀ ਪੀਪਲਜ਼ ਡੈਮੋਕਰੇਟਿਕ ਪਾਰਟੀ ਤੇ ਚੰਦਰਬਾਬੂ ਦੀ ਅਗਵਾਈ ਵਾਲੀ ਤੇਲਗੂ ਦੇਸਮ ਨੇ ਭਾਜਪਾ ਦਾ ਸਾਥ ਛੱਡ ਦਿੱਤਾ ਸੀ | ਇਨ੍ਹਾਂ ਤੋਂ ਇਲਾਵਾ ਝਾਰਖੰਡ ਵਿਚ ਸੁਦੇਸ਼ ਮਹਤੋ ਦੀ ਆਲ ਝਾਰਖੰਡ ਸਟੂਡੈਂਟਸ ਯੂਨੀਅਨ, ਯੂ ਪੀ ਵਿਚ ਓ ਪੀ ਰਾਜਭਰ ਦੀ ਸੁਹੇਲਦੇਵ ਭਾਰਤੀ ਸਮਾਜ ਪਾਰਟੀ, ਰਾਜਸਥਾਨ ਦੇ ਹਨੂੰਮਾਨ ਬੇਣੀਵਾਲ ਦੀ ਰਾਸ਼ਟਰੀ ਲੋਕਤਾਂਤਰਿਕ ਪਾਰਟੀ, ਬੋਡੋ ਪੀਪਲਜ਼ ਪਾਰਟੀ, ਗੋਰਖਾ ਜਨਮੁਕਤੀ ਮੋਰਚਾ, ਗੋਆ ਫਾਰਵਰਡ ਪਾਰਟੀ, ਤਾਮਿਲਨਾਡੂ ਦੀਆਂ ਐੱਮ ਡੀ ਐੱਮ ਕੇ ਤੇ ਡੀ ਐੱਮ ਡੀ ਕੇ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਵਿਚੋਂ ਬਾਹਰ ਨਿਕਲ ਚੁੱਕੀਆਂ ਹਨ | ਹੁਣ ਇਸ ਗੱਠਜੋੜ ਵਿਚ 17 ਪਾਰਟੀਆਂ ਰਹਿ ਗਈਆਂ ਹਨ, ਪਰ ਇਨ੍ਹਾਂ ਵਿਚੋਂ ਬਹੁਤੀਆਂ ਨਿੱਕੀਆਂ ਪਾਰਟੀਆਂ ਹੀ ਹਨ | ਅਕਾਲੀ ਦਲ ਦੇ ਆਗੂ ਨਰੇਸ਼ ਗੁਜਰਾਲ ਦੇ ਸ਼ਬਦਾਂ ਵਿਚ ਭਾਜਪਾ ਦੀ ‘ਏਕਲਾ ਚਲੋ ਰੇ’ ਦੀ ਰਣਨੀਤੀ ਕਾਰਨ ਐੱਨ ਡੀ ਏ ਸਿਰਫ ਕਾਗਜ਼ਾਂ ਵਿਚ ਰਹਿ ਗਿਆ ਹੈ |
ਨਿਤੀਸ਼ ਕੁਮਾਰ ਵੱਲੋਂ ਮੁੜ ਸੈਕੂਲਰ, ਜਮਹੂਰੀ ਤੇ ਖੱਬੀਆਂ ਪਾਰਟੀਆਂ ਦੇ ਖੇਮੇ ਵਿਚ ਆਉਣ ਨਾਲ ਉਨ੍ਹਾਂ ਲੋਕਾਂ ਨੂੰ ਚਿੰਤਾ ਲਾ ਦਿੱਤੀ ਹੈ, ਜਿਹੜੀ ਸੋਚੀ ਬੈਠੇ ਸਨ ਕਿ 2024 ਵਿਚ ਹੋਣ ਵਾਲੀਆਂ ਚੋਣਾਂ ‘ਚ ਵੀ ਬਾਜ਼ੀ ਮੋਦੀ ਹੀ ਮਾਰਨਗੇ | ਕਿਸੇ ਨੂੰ ਪ੍ਰਧਾਨ ਮੰਤਰੀ ਬਣਾਉਣ ਵਿਚ ਹਿੰਦੀ ਭਾਸ਼ੀ ਰਾਜ ਯੂ ਪੀ ਤੇ ਬਿਹਾਰ ਬਹੁਤ ਵੱਡਾ ਰੋਲ ਨਿਭਾਉਂਦੇ ਹਨ | ਬਿਹਾਰ ਵਿਚ ਲੋਕ ਸਭਾ ਦੀਆਂ 40 ਸੀਟਾਂ ਹਨ | ਲਾਲੂ ਪ੍ਰਸਾਦ ਦੇ ਰਾਸ਼ਟਰੀ ਜਨਤਾ ਦਲ, ਕਾਂਗਰਸ ਤੇ ਖੱਬੀਆਂ ਪਾਰਟੀਆਂ ਦੇ ਨਾਲ ਨਿਤੀਸ਼ ਦੇ ਜੁੜ ਜਾਣ ਨਾਲ ਬਿਹਾਰ ਵਿਚ ਹੁਣ ਖੱਬਿਆਂ, ਅੱਤ-ਖੱਬਿਆਂ, ਕੇਂਦਰਵਾਦੀਆਂ, ਪੱਛੜਿਆਂ, ਅੱਤ-ਪੱਛੜਿਆਂ, ਦਲਿਤਾਂ ਤੇ ਘੱਟ ਗਿਣਤੀਆਂ ਦਾ ਅਜਿਹਾ ਮਜ਼ਬੂਤ ਮਹਾਂਗਠਬੰਧਨ ਬਣ ਗਿਆ ਹੈ, ਜਿਸ ਨੂੰ ਪਾਰ ਪਾਉਣਾ ਭਾਜਪਾ ਲਈ ਬਹੁਤ ਔਖਾ ਹੋਵੇਗਾ | ਬਿਹਾਰ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਥੋਂ ਦੀ ਸਿਆਸਤ ਵਿਚ ਹੋਣ ਵਾਲੀ ਉਥਲ-ਪੁਥਲ ਗੁਆਂਢੀ ਰਾਜਾਂ ‘ਤੇ ਅਸਰ ਪਾਉਂਦੀ ਹੈ | ਪਿੱਛੇ ਜਿਹੇ ਹੋਈਆਂ ਅਸੰਬਲੀ ਚੋਣਾਂ ਵਿਚ ਭਾਜਪਾ ਯੂ ਪੀ ‘ਚ ਭਾਵੇਂ ਮੁੜ ਸੱਤਾ ਵਿਚ ਆ ਗਈ, ਪਰ ਉਸ ਦੀਆਂ ਵੋਟਾਂ ਵਿਚ ਕਮੀ ਆਈ ਹੈ | ਸੈਕੂਲਰ, ਜਮਹੂਰੀ ਤੇ ਖੱਬੀਆਂ ਤਾਕਤਾਂ ਹੋਰਨਾਂ ਰਾਜਾਂ ਵਿਚ ਵੀ ਬਿਹਾਰ ਵਰਗੇ ਗੱਠਜੋੜ ਬਣਾ ਲੈਣ ਤਾਂ ਮੋਦੀ ਨੂੰ ਹਰਾਉਣਾ ਔਖਾ ਨਹੀਂ ਹੋਵੇਗਾ | ਐਮਰਜੈਂਸੀ ਤੋਂ ਬਾਅਦ ਇੰਦਰਾ ਗਾਂਧੀ ਨੂੰ ਸੱਤਾ ਵਿਚੋਂ ਬਾਹਰ ਕਰਨ ਵੇਲੇ ਵੀ ਬਿਹਾਰ ਨੇ ਹੀ ਅਹਿਮ ਰੋਲ ਨਿਭਾਇਆ ਸੀ |