ਕਪੂਰਥਲਾ : ਮਿਕ ਮੋਬਾਇਲ ਸ਼ੋਅ ਰੂਮ ਗੋਲੀ ਕਾਂਡ ਦੇ ਦੋਵੇਂ ਸ਼ੂਟਰਾਂ ਨੂੰ ਗਿ੍ਫਤਾਰ ਕਰਕੇ ਪੁਲਸ ਨੇ ਫਾਇਰਿੰਗ ਮਾਮਲੇ ਨੂੰ ਸੁਲਝਾ ਲਿਆ ਹੈ | ਐੱਸ ਐੱਸ ਪੀ ਕਪੂਰਥਲਾ ਵਤਸਲਾ ਗੁਪਤਾ ਨੇ ਦੱਸਿਆ ਕਿ ਪੁਲਸ ਨੇ ਕੌਸ਼ਲ ਚੌਧਰੀ ਗਰੁੱਪ ਦੇ ਮਨੀਸ਼ ਉਰਫ ਮਨੀ ਤੇ ਲਲਿਤ ਕੁਮਾਰ ਦੋਵੇਂ ਵਾਸੀ ਦੂਧੋਲਾ, ਥਾਣਾ ਗਦਪੁਰੀ, ਪਲਵਲ, ਹਰਿਆਣਾ ਨੂੰ ਦੋ ਦੇਸੀ ਪਿਸਤੌਲਾਂ ਅਤੇ ਸੱਤ ਜ਼ਿੰਦਾ ਰੌਂਦਾਂ ਸਮੇਤ ਗਿ੍ਫਤਾਰ ਕਰ ਲਿਆ ਹੈ |
ਪਵਨ ਕੁਮਾਰ ਵਾਸੀ ਮੰਗੋਲਪੁਰ ਰੋਹਿਣੀ, ਦਿੱਲੀ, ਰਾਹੁਲ ਵਾਸੀ ਆਮਰੂ ਜ਼ਿਲ੍ਹਾ ਪਲਵਲ ਹਰਿਆਣਾ, ਕੌਸ਼ਲ ਚੌਧਰੀ ਵਾਸੀ ਪਿੰਡ ਨਾਹਰਪੁਰ ਰੂਪਾਂ, ਥਾਣਾ ਸਦਰ ਗੁੜਗਾਓਾ, ਸੌਰਵ ਗੰਡੋਲੀ ਵਾਸੀ ਗਰੋਲੀ ਖੁਰਦ ਹਰਿਆਣਾ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਥਾਣਾ ਸਿਟੀ ਕਪੂਰਥਲਾ ਵਿਖੇ ਦਰਜ ਕੀਤਾ ਗਿਆ ਸੀ | ਕੁਲਵੰਤ ਰਾਏ ਪੁਲਸ ਕਪਤਾਨ ਇਨਵੈਸਟੀਗੇਸ਼ਨ ਕਪੂਰਥਲਾ ਦੀ ਅਗਵਾਈ ‘ਚ ਪੁਲਸ ਪਾਰਟੀ ਨੇ ਟੈਕਨੀਕਲ ਅਤੇ ਹਿਊਮਨ ਇਨਵੈਸਟੀਗੇਸ਼ਨ ਰਾਹੀਂ ਮੁਲਜ਼ਮਾਂ ਦੀ ਸੂਹ ਲਾਈ |
7 ਅਕਤੂਬਰ ਨੂੰ ਸਵੇਰੇ ਕਰੀਬ 10 ਵਜੇ ਡੀ ਸੀ ਚੌਕ ਨੇੜੇ ਮਿਕ ਮੋਬਾਇਲ ਸ਼ੋਅ ਰੂਮ ‘ਤੇ ਅਣਪਛਾਤੇ ਹਮਲਾਵਰ 15-20 ਗੋਲੀਆਂ ਚਲਾ ਕੇ ਮੌਕੇ ‘ਤੇ 5 ਕਰੋੜ ਰੁਪਏ ਦੀ ਰੰਗਦਾਰੀ ਦੀ ਪਰਚੀ ਛੱਡ ਗਏ ਸਨ, ਜਿਸ ਨਾਲ ਇਲਾਕੇ ‘ਚ ਦਹਿਸ਼ਤ ਫੈਲ ਗਈ ਸੀ | ਐੱਸ ਐੱਸ ਪੀ ਨੇ ਦੱਸਿਆ ਕਿ ਫਿਰੌਤੀ ਮੰਗਣ ਵਾਲੇ ਸੌਰਵ ਗੰਡੋਲੀ ਦਾ ਅਸਲ ਨਾਂ ਪਵਨ ਕੁਮਾਰ ਹੈ, ਜੋ ਮੰਗੋਲਪੁਰੀ, ਰੋਹਿਣੀ ਦਾ ਰਹਿਣ ਵਾਲਾ ਹੈ | ਇਹ ਕੌਸ਼ਲ ਚੌਧਰੀ ਗਰੁੱਪ ਨਾਲ ਮਿਲਿਆ ਹੋਇਆ ਹੈ ਤੇ ਇਸੇ ਗੈਂਗ ਦੇ ਕਹਿਣ ‘ਤੇ ਗੋਲੀਆਂ ਚਲਾ ਕੇ ਫਿਰੌਤੀਆਂ ਮੰਗਣ ਦਾ ਕੰਮ ਕਰਦਾ ਹੈ | ਮੁਲਜ਼ਮਾਂ ਨੇ ਪਹਿਲਾਂ ਮਿਕ ਸ਼ੋਅ ਰੂਮ ਦੀ ਰੇਕੀ ਕੀਤੀ ਤੇ ਫਿਰ ਚੋਰੀ ਦੇ ਮੋਟਰਸਾਈਕਲ ਰਾਹੀਂ ਘਟਨਾ ਨੂੰ ਅੰਜਾਮ ਦਿੱਤਾ |




