ਵਡੋਦਰਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਪੇਨ ਦੇ ਪ੍ਰਧਾਨ ਮੰਤਰੀ ਪੈਡਰੋ ਸਾਂਚੇਜ਼ ਨੇ ਸੋਮਵਾਰ ਵਡੋਦਰਾ ਵਿਚ ਰੋਡ ਸ਼ੋਅ ਕਰਨ ਤੋਂ ਬਾਅਦ ਟਾਟਾ-ਏਅਰਬੱਸ ਦੇ ਸੀ-295 ਏਅਰਕ੍ਰਾਫਟ ਦੇ ਫਾਈਨਲ ਅਸੈਂਬਲੀ ਲਾਈਨ ਪਲਾਂਟ ਦਾ ਉਦਘਾਟਨ ਕੀਤਾ | ਦੋਹਾਂ ਨੇ ਟਾਟਾ ਐਡਵਾਂਸਡ ਸਿਸਟਮ ਲਿਮਟਿਡ ਕੰਪਲੈਕਸ ਵਿਚ ਟਾਟਾ ਏਅਰਕ੍ਰਾਫਟ ਕੰਪਲੈਕਸ ਦਾ ਉਦਘਾਟਨ ਵੀ ਕੀਤਾ | ਸੀ-295 ਪ੍ਰੋਗਰਾਮ ਤਹਿਤ 56 ਜਹਾਜ਼ਾਂ ਦਾ ਨਿਰਮਾਣ ਕੀਤਾ ਜਾਵੇਗਾ | 16 ਜਹਾਜ਼ ਸਪੇਨ ਤੋਂ ਸਿੱਧੇ ਏਅਰਬੱਸ ਵੱਲੋਂ ਸਪਲਾਈ ਕੀਤੇ ਜਾ ਰਹੇ ਹਨ | ਇਸ ਦੇ ਨਾਲ ਹੀ ਭਾਰਤ ਵਿਚ 40 ਜਹਾਜ਼ਾਂ ਦਾ ਨਿਰਮਾਣ ਕੀਤਾ ਜਾਵੇਗਾ | ਟਾਟਾ ਐਡਵਾਂਸਡ ਸਿਸਟਮ ਲਿਮਟਿਡ ਭਾਰਤ ਵਿਚ ਇਨ੍ਹਾਂ 40 ਜਹਾਜ਼ਾਂ ਦਾ ਨਿਰਮਾਣ ਕਰਨ ਜਾ ਰਿਹਾ ਹੈ |
ਮੋਦੀ ਨੇ ਆਪਣੇ ਸੰਬੋਧਨ ਵਿਚ ਰਤਨ ਟਾਟਾ ਨੂੰ ਯਾਦ ਕਰਦਿਆਂ ਕਿਹਾ—ਹਾਲ ਹੀ ਵਿਚ ਅਸੀਂ ਦੇਸ਼ ਦੇ ਮਹਾਨ ਸਪੂਤ ਰਤਨ ਟਾਟਾ ਜੀ ਨੂੰ ਗੁਆ ਦਿੱਤਾ ਹੈ | ਜੇ ਉਹ ਅੱਜ ਸਾਡੇ ਵਿਚਕਾਰ ਹੁੰਦੇ ਤਾਂ ਉਹ ਖੁਸ਼ ਹੁੰਦੇ ਪਰ ਉਨ੍ਹਾ ਦੀ ਆਤਮਾ ਜਿੱਥੇ ਵੀ ਹੋਵੇਗੀ, ਉਹ ਖੁਸ਼ ਹੋਵੇਗੀ | ਇਹ ਸੀ-295 ਏਅਰਕ੍ਰਾਫਟ ਫੈਕਟਰੀ ਨਵੇਂ ਭਾਰਤ ਦੇ ਨਵੇਂ ਕੰਮ ਸੱਭਿਆਚਾਰ ਨੂੰ ਦਰਸਾਉਂਦੀ ਹੈ | ਮੈਨੂੰ ਪੂਰਾ ਭਰੋਸਾ ਹੈ ਕਿ ਭਵਿੱਖ ਵਿਚ ਇਸ ਫੈਕਟਰੀ ਵਿਚ ਬਣੇ ਜਹਾਜ਼ਾਂ ਨੂੰ ਹੋਰਨਾਂ ਦੇਸ਼ਾਂ ਨੂੰ ਬਰਾਮਦ ਕੀਤਾ ਜਾਵੇਗਾ | ਸਪੇਨੀ ਪ੍ਰਧਾਨ ਮੰਤਰੀ ਦਾ ਸੁਆਗਤ ਕਰਦਿਆਂ ਮੋਦੀ ਨੇ ਕਿਹਾ—ਮੇਰੇ ਦੋਸਤ ਪੈਡਰੋ ਸਾਂਚੇਜ਼ ਦੀ ਇਹ ਪਹਿਲੀ ਭਾਰਤ ਯਾਤਰਾ ਹੈ | ਅੱਜ ਤੋਂ ਅਸੀਂ ਭਾਰਤ ਅਤੇ ਸਪੇਨ ਦੀ ਸਾਂਝੇਦਾਰੀ ਨੂੰ ਨਵੀਂ ਦਿਸ਼ਾ ਦੇ ਰਹੇ ਹਾਂ | ਸੀ-295 ਏਅਰਕ੍ਰਾਫਟ ਉਤਪਾਦਨ ਫੈਕਟਰੀ ਭਾਰਤ-ਸਪੇਨ ਸੰਬੰਧਾਂ ਅਤੇ ‘ਮੇਡ ਇਨ ਇੰਡੀਆ, ਮੇਕ ਫਾਰ ਦਿ ਵਰਲਡ’ ਮਿਸ਼ਨ ਨੂੰ ਮਜ਼ਬੂਤ ਕਰੇਗੀ | ਪਲਾਂਟ ਦੇ ਉਦਘਾਟਨ ਦੌਰਾਨ ਪੈਡਰੋ ਸਾਂਚੇਜ਼ ਨੇ ਪ੍ਰਸਿੱਧ ਸਪੈਨਿਸ਼ ਗਿਟਾਰਿਸਟ ਪਾਕੋ ਡੇ ਲੂਸੀਆ ਦਾ ਜ਼ਿਕਰ ਕਰਦਿਆਂ ਭਾਰਤ ਅਤੇ ਸਪੇਨ ਦਰਮਿਆਨ ਸੱਭਿਆਚਾਰਕ ਅਤੇ ਉਦਯੋਗਿਕ ਸੰਬੰਧਾਂ ਬਾਰੇ ਭਾਸ਼ਣ ਦਿੱਤਾ |




