ਵੈਨਕੂਵਰ : ਕੈਨੇਡੀਅਨ ਸੂਬੇ ਬਿ੍ਰਟਿਸ਼ ਕੋਲੰਬੀਆ (ਬੀ ਸੀ) ’ਚ 19 ਅਕਤੂਬਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ ’ਚ ਦੋ ਹਲਕਿਆਂ ’ਚ ਜਿੱਤ-ਹਾਰ ਦਾ ਫਰਕ 100 ਵੋਟਾਂ ਤੋਂ ਘੱਟ ਰਹਿਣ ਕਰਕੇ ਨਿਯਮਾਂ ਮੁਤਾਬਕ ਦੁਬਾਰਾ ਗਿਣਤੀ ਹੋਈ ਤੇ ਸਰੀ ਗਿਲਫਰਡ ਹਲਕੇ ਤੋਂ ਨਿਊ ਡੈਮੋਕਰੈਟਿਕ ਪਾਰਟੀ (ਐੱਨ ਡੀ ਪੀ) ਦੀ ਜਿੱਤ ਹੋ ਜਾਣ ’ਤੇ ਪਾਰਟੀ ਨੇ 47 ਵਿਧਾਇਕਾਂ ਨਾਲ ਸਪੱਸ਼ਟ ਬਹੁਮਤ ਹਾਸਲ ਕਰ ਲਿਆ। ਸੂਬੇ ਦੇ ਲੈਫਟੀਨੈਂਟ ਗਵਰਨਰ ਜੈਨਤ ਔਸਟਿਨ ਨੇ ਪਾਰਟੀ ਆਗੂ ਡੇਵਿਡ ਈਬੀ ਨੂੰ ਸਰਕਾਰ ਬਣਾਉਣ ਦਾ ਸੱਦਾ ਵੀ ਦੇ ਦਿੱਤਾ ਹੈ। ਬੀ ਸੀ ਕੰਜ਼ਰਵੇਟਿਵ ਪਾਰਟੀ ਕੋਲ 44 ਵਿਧਾਇਕ ਹਨ ਤੇ ਦੋ ਸੀਟਾਂ ਗਰੀਨ ਪਾਰਟੀ ਕੋਲ ਹਨ। ਐੱਨ ਡੀ ਪੀ ਨੂੰ ਆਪਣਾ ਸਪੀਕਰ ਬਣਾਉਣ ਵੇਲੇ ਮੁਸ਼ਕਲ ਆ ਸਕਦੀ ਹੈ। ਨਿਯਮਾਂ ਮੁਤਾਬਕ ਸਪੀਕਰ ਬਿੱਲ ਪਾਸ ਕਰਨ ਮੌਕੇ ਵੋਟ ਨਹੀਂ ਪਾ ਸਕਦਾ। ਇਸ ਕਰਕੇ ਐੱਨ ਡੀ ਪੀ ਨੂੰ ਬਹੁਮਤ ਨਾਲ ਬਿੱਲ ਪਾਸ ਕਰਾਉਣ ਲਈ ਕਿਸੇ ਹੋਰ ਵੱਲ ਝਾਕਣਾ ਪਏਗਾ। 2017 ’ਚ ਜੌਹਨ ਹੌਰਗਨ ਦੀ ਸਰਕਾਰ ਮੂਹਰੇ ਵੀ ਇਹੀ ਸਮੱਸਿਆ ਖੜ੍ਹੀ ਹੋਣ ਕਰਕੇ ਉਸ ਨੂੰ ਗਰੀਨ ਪਾਰਟੀ ਦਾ ਸਮਰਥਨ ਲੈਣਾ ਪਿਆ ਸੀ। ਬਿਲਕੁਲ ਉਵੇਂ ਹੁਣ ਵੀ ਉਹ ਤਵਾਜ਼ਨ ਗਰੀਨ ਪਾਰਟੀ ਦੇ ਹੱਥ ਆ ਗਿਆ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਸਿਆਸਤ ’ਚ ਆਉਣ ਤੋਂ ਪਹਿਲਾਂ ਨਾਮਵਰ ਵਕੀਲ ਰਹੇ ਡੇਵਿਡ ਈਬੀ ਕਿੰਨੇ ਪੰਜਾਬੀ ਵਿਧਾਇਕਾਂ ਨੂੰ ਮੰਤਰੀ ਮੰਡਲ ’ਚ ਥਾਂ ਦੇਣਗੇ?