ਵੈਨਕੂਵਰ : ਓਂਟਾਰੀਓ ਦੀ ਪੀਲ ਪੁਲਸ ਨੇ ਆਪ੍ਰੇਸ਼ਨ ਸਲੈਗਹੈਮਰ ਤਹਿਤ ਲੰਮੇ ਸਮੇਂ ਦੀ ਜਾਂਚ ਤੋਂ ਬਾਅਦ ਵੱਡੀ ਮਾਤਰਾ ’ਚ ਮਾਰੂ ਅਸਲਾ ਅਤੇ ਨਸ਼ੇ ਦੀ ਖੇਪ ਬਰਾਮਦ ਕਰਦਿਆਂ ਪੰਜ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ। ਮੁਲਜ਼ਮਾਂ ’ਚ ਚਾਰ ਨੌਜਵਾਨ ਤੇ ਇੱਕ ਬਜ਼ੁਰਗ ਔਰਤ ਸ਼ਾਮਲ ਹਨ, ਜੋ ਪੰਜਾਬੀ ਪਿਛੋਕੜ ਵਾਲੇ ਹਨ। ਮੁਲਜ਼ਮਾਂ ਦੀ ਪਛਾਣ ਕਥਿਤ ਤੌਰ ’ਤੇ ਨਵਦੀਪ ਨਾਗਰਾ, ਰਵਨੀਤ ਨਾਗਰਾ, ਰਣਵੀਰ ਅੜੈਚ ਤੇ ਪਵਨੀਤ ਨਾਹਲ ਅਤੇ ਬਜ਼ੁਰਗ ਔਰਤ ਨਰਿੰਦਰ ਨਾਗਰਾ (61) ਵਜੋਂ ਹੋਈ ਹੈ। ਨਵਦੀਪ ਨਾਗਰਾ ਤੇ ਰਵਨੀਤ ਨਾਗਰਾ ਨਰਿੰਦਰ ਕੌਰ ਨਾਗਰਾ ਦੇ ਬੇਟੇ ਹਨ। ਇਹ ਸਾਰੇ ਬਰੈਂਪਟਨ ਦੇ ਰਹਿਣ ਵਾਲੇ ਹਨ। ਪੁਲਸ ਮੁਖੀ ਨਿਸ਼ਾਨ ਦੁਰੈਪਾਹ ਨੇ ਦੱਸਿਆ ਕਿ ਪੰਜਾਂ ਵਿਰੁੱਧ ਵੱਖ-ਵੱਖ ਧਾਰਾਵਾਂ ਹੇਠ 160 ਦੋਸ਼ ਆਇਦ ਕੀਤੇ ਗਏ ਹਨ। ਉਨ੍ਹਾ ਦੱਸਿਆ ਕਿ ਮਾਰੂ ਹਥਿਆਰਾਂ ਦੀ ਐਨੀ ਵੱਡੀ ਖੇਪ ਫੜੇ ਜਾਣਾ ਆਪਣੇ-ਆਪ ਵਿਚ ਇਕ ਰਿਕਾਰਡ ਹੈ, ਜੋ ਕਿ ਪੁਲਸ ਲਈ ਚੁਣੌਤੀ ਬਣਿਆ ਹੋਇਆ ਸੀ। ਇਨ੍ਹਾਂ ਕੋਲ ਅਜਿਹੇ ਪੁਰਜ਼ੇ ਸਨ, ਜਿਸ ਨਾਲ ਆਮ ਹਥਿਆਰ ਨੂੰ ਸਵੈਚਾਲਤ ਰਿਵਾਲਵਰ ਤੇ ਬੰਦੂਕ ’ਚ ਬਦਲਿਆ ਜਾ ਸਕਦਾ ਹੈ। ਇਨ੍ਹਾਂ ਦੇ ਘਰੋਂ 11 ਹਥਿਆਰ ਬਰਾਮਦ ਹੋਏ ਹਨ। ਇਸ ਤੋਂ ਇਲਾਵਾ 32 ਪਾਬੰਦੀਸ਼ੁਦਾ ਮੈਗਜ਼ੀਨ, 900 ਤੋਂ ਵੱਧ ਗੋਲੀਆਂ, 53 ਗਲੋਕ ਸਿਲੈਕਟਰ ਸਵਿੱਚ ਤੇ ਵੱਡੀ ਮਾਤਰਾ ’ਚ ਡਰੱਗਜ਼ ਵੀ ਮਿਲੀ।