ਅਧਿਆਪਕ ’ਤੇ ਪੋਕਸੋ ਐਕਟ ਤਹਿਤ ਕੇਸ ਦਰਜ

0
78

ਹੁਸ਼ਿਆਰਪੁਰ : ਸਰਕਾਰੀ ਸਕੂਲ ਦੇ ਅਧਿਆਪਕ ’ਤੇ ਕਲਾਸਰੂਮ ’ਚ ਕਥਿਤ ਤੌਰ ’ਤੇ ਸੱਤਵੀਂ ਜਮਾਤ ਦੀ 12 ਸਾਲਾ ਵਿਦਿਆਰਥਣ ਨਾਲ ਛੇੜਖਾਨੀ ਕਰਨ ਦੇ ਦੋਸ਼ ਹੇਠ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ 19 ਅਕਤੂਬਰ ਨੂੰ ਅੰਗਰੇਜ਼ੀ ਅਧਿਆਪਕ ਨੇ ਵਿਦਿਆਰਥਣ ਨੂੰ ਆਰਟ ਐਂਡ ਕਰਾਫਟ ਵਾਲੇ ਕਮਰੇ ਵਿਚ ਅੱਧੀ ਛੁੱਟੀ ਵੇਲੇ ਬੁਲਾਇਆ, ਜਿਥੇ ਉਹ ਆਮ ਕਰ ਕੇ ਕਲਾਸ ਲਾਉਂਦਾ ਸੀ। ਉਸਨੇ ਵਿਦਿਆਰਥਣ ਨੂੰ ਕੇਲਾ ਖਾਣ ਲਈ ਦਿੱਤਾ ਅਤੇ ਗਲਤ ਟਿੱਪਣੀਆਂ ਕੀਤੀਆਂ। ਫਿਰ ਉਸਨੇ ਕੁੜੀ ਨੂੰ ਫੜ ਕੇ ਆਪਣੇ ਵੱਲ ਖਿੱਚਿਆ। ਕੁੜੀ ਨੇ ਘਟਨਾ ਦੀ ਜਾਣਕਾਰੀ ਗਣਿਤ ਅਧਿਆਪਕ ਅਤੇ ਆਪਣੇ ਮਾਪਿਆਂ ਨੂੰ ਦਿੱਤੀ, ਜਿਨ੍ਹਾਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।
ਪੁਲਸ ਨੇ ਦੱਸਿਆ ਕਿ ਅਧਿਆਪਕ ’ਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 75 ਅਤੇ ਜਿਨਸੀ ਜੁਰਮਾਂ ਤੋਂ ਬੱਚਿਆਂ ਦੀ ਸੁਰੱਖਿਆ ਸੰਬੰਧੀ ਪੋਕਸੋ ਐਕਟ ਦੀ ਧਾਰਾ 10 ਤਹਿਤ ਕੇਸ ਦਰਜ ਕੀਤਾ ਗਿਆ ਹੈ। ਸਬ-ਇੰਸਪੈਕਟਰ ਰਮਨਦੀਪ ਕੌਰ ਨੇ ਦੱਸਿਆ ਕਿ ਮੁਲਜ਼ਮ ਦੀ ਗਿ੍ਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।