ਅਬੋਹਰ : ਪੰਜਾਬ, ਮੁੰਬਈ ਅਤੇ ਕੈਨੇਡਾ ’ਚ ਕਤਲ ਸਮੇਤ 85 ਮਾਮਲਿਆਂ ’ਚ ਨਾਮਜ਼ਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੰਗਲਵਾਰ ਬਿਸ਼ਨੋਈ ਸਮਾਜ ਦੀ ਇੱਥੇ ਹੋਈ ਮੀਟਿੰਗ ’ਚ ਸਰਬਸੰਮਤੀ ਨਾਲ ਆਲ ਇੰਡੀਆ ਬਿਸ਼ਨੋਈ ਪਸ਼ੂ ਸੁਰੱਖਿਆ ਸਮਾਜ ਦਾ ਯੂਥ ਵਿੰਗ ਮੁਖੀ ਚੁਣਿਆ ਗਿਆ। ਬਿਸ਼ਨੋਈ ਸਮਾਜ ਦੇ ਮੁਖੀ ਇੰਦਰਪਾਲ ਬਿਸ਼ਨੋਈ ਵੱਲੋਂ ਜਾਰੀ ਨਿਯੁਕਤੀ ਸਰਟੀਫਿਕੇਟ ਮੁਤਾਬਕ ਲਾਰੈਂਸ ਨੂੰ ਬਿਸ਼ਨੋਈ ਸਮਾਜ ਦੇ ਸਿਧਾਂਤਾਂ ਦੇ ਮੁਤਾਬਕ ਜਾਨਵਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਕੰਮ ਸੌਂਪਿਆ ਗਿਆ ਹੈ। ਸਰਟੀਫਿਕੇਟ ’ਚ ਕਿਹਾ ਗਿਆ ਹੈ ਕਿ ਲਾਰੈਂਸ ਅਮਿ੍ਰਤਾ ਦੇਵੀ ਅਤੇ 363 ਬਿਸ਼ਨੋਈਆਂ ਦੀ ਵਿਰਾਸਤ ਦੀ ਰੱਖਿਆ ਕਰੇਗਾ, ਜਿਨ੍ਹਾਂ ਨੇ 18ਵੀਂ ਸਦੀ ਵਿਚ ਰਾਜਸਥਾਨ ’ਚ ਖਿਜਾਰੀ ਦੇ ਰੁੱਖਾਂ ਨੂੰ ਬਚਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਅਬੋਹਰ ਦੇ ਪਿੰਡ ਦੁਤਰਾਂਵਾਲੀ ਦਾ 33 ਸਾਲਾ ਲਾਰੈਂਸ ਇਸ ਸਮੇਂ ਗੁਜਰਾਤ ਦੀ ਸਾਬਰਮਤੀ ਜੇਲ੍ਹ ’ਚ ਬੰਦ ਹੈ।