ਪਟਨਾ : ਚੋਣ ਰਣਨੀਤੀਕਾਰ ਵਜੋਂ ਮਸ਼ਹੂਰ ਤੇ ਹੁਣ ਜਨ ਸੁਰਾਜ ਦੇ ਕਨਵੀਨਰ ਪ੍ਰਸ਼ਾਂਤ ਕਿਸ਼ੋਰ ਨੇ ਇੰਕਸ਼ਾਫ ਕੀਤਾ ਹੈ ਕਿ ਉਹ ਸਿਆਸੀ ਪਾਰਟੀਆਂ ਤੇ ਆਗੂਆਂ ਨੂੰ ਰਣਨੀਤਕ ਸਲਾਹ ਦੇਣ ਲਈ 100 ਕਰੋੜ ਰੁਪਏ ਲੈਂਦਾ ਸੀ। ਜ਼ਿਮਨੀ ਚੋਣਾਂ ’ਚ ਪਾਰਟੀ ਉਮੀਦਵਾਰ ਦੇ ਹੱਕ ਵਿਚ ਪ੍ਰਚਾਰ ਦੌਰਾਨ ਬੇਲਾਗੰਜ ’ਚ ਕਿਸ਼ੋਰ ਨੇ ਉਨ੍ਹਾ ਦੀ ਪਾਰਟੀ ਦੀ ਚੋਣ ਮੁਹਿੰਮ ’ਤੇ ਹੋ ਰਹੇ ਖਰਚ ’ਤੇ ਉਠਾਏ ਜਾ ਰਹੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾਵੱਖ-ਵੱਖ ਰਾਜਾਂ ਵਿਚ ਮੇਰੀ ਸਲਾਹ ਨਾਲ ਬਣੀਆਂ 10 ਸਰਕਾਰਾਂ ਚੱਲ ਰਹੀਆਂ ਹਨ। ਕੀ ਤੁਸੀਂ ਸਮਝਦੇ ਹੋ ਕਿ ਮੇਰੇ ਕੋਲ ਟੈਂਟ ਤੇ ਸ਼ਾਮਿਆਨੇ ਲਾਉਣ ਲਈ ਪੈਸੇ ਨਹੀਂ ਹੋਣਗੇ? ਕੀ ਤੁਸੀਂ ਮੈਨੂੰ ਏਨਾ ਕਮਜ਼ੋਰ ਸਮਝਦੇ ਹੋ? ਬਿਹਾਰ ਵਿੱਚ ਕਿਸੇ ਨੇ ਮੇਰੇ ਜਿੰਨੀ ਫੀਸ ਨਹੀਂ ਲਈ ਹੋਵੇਗੀ। ਜੇ ਮੈਂ ਕਿਸੇ ਨੂੰ ਇਕ ਚੋਣ ਲਈ ਸਲਾਹ ਦੇਵਾਂ ਤਾਂ 100 ਕਰੋੜ ਜਾਂ ਵੱਧ ਫੀਸ ਲੈ ਸਕਦਾ ਹਾਂ। ਅਜਿਹੀ ਇਕ ਸਲਾਹ ਨਾਲ ਹੀ ਮੈਂ ਅਗਲੇ ਦੋ ਸਾਲ ਚੋਣ ਮੁਹਿੰਮ ਚਲਾ ਸਕਦਾ ਹਾਂ। ਕਿਸ਼ੋੋਰ ਸਭ ਤੋਂ ਪਹਿਲਾਂ 2014 ਦੀਆਂ ਲੋਕ ਸਭਾ ਚੋਣਾਂ ’ਚ ਨਰਿੰਦਰ ਮੋਦੀ ਨੂੰ ਸਲਾਹ ਦੇ ਕੇ ਮਸ਼ਹੂਰ ਹੋਇਆ ਸੀ। ਉਸ ਤੋਂ ਬਾਅਦ 2015 ਦੀ ਅਸੰਬਲੀ ਚੋਣ ’ਚ ਨਿਤਿਸ਼ ਕੁਮਾਰ ਤੇ ਲਾਲੂ ਪ੍ਰਸਾਦ ਨੂੰ ਸਲਾਹ ਦੇ ਕੇ ਉਨ੍ਹਾਂ ਦੀ ਸਰਕਾਰ ਬਣਵਾਈ। 2017 ਵਿਚ ਯੂ ਪੀ ’ਚ ਕਾਂਗਰਸ ਨੂੰ ਦਿੱਤੀ ਸਲਾਹ ਸਫਲ ਨਹੀਂ ਰਹੀ ਸੀ, ਪਰ ਪੰਜਾਬ ’ਚ ਕਾਂਗਰਸ ਦਾ ਭਲਾ ਕਰ ਦਿੱਤਾ ਸੀ। 2019 ਵਿੱਚ ਆਂਧਰਾ ਅਸੰਬਲੀ ਚੋਣ ’ਚ ਵਾਈ ਐੱਸ ਆਰ ਕਾਂਗਰਸ ਪਾਰਟੀ ਨੂੰ ਤਕੜੀ ਜਿੱਤ ਦਿਵਾਈ। 2021 ਵਿੱਚ ਪੱਛਮੀ ਬੰਗਾਲ ’ਚ ਮਮਤਾ ਬੈਨਰਜੀ ਨੂੰ ਮੁੜ ਜਿਤਾਇਆ। 2020 ਦੀ ਦਿੱਲੀ ਅਸੰਬਲੀ ਚੋਣ ’ਚ ਆਪ ਦੀ ਜਿੱਤ ’ਚ ਯੋਗਦਾਨ ਦਿੱਤਾ। ਹੁਣ ਉਹ ਬਿਹਾਰ ’ਚ ਆਪਣੀ ਪਾਰਟੀ ਬਣਾ ਕੇ ਜ਼ੋਰ ਲਾ ਰਿਹਾ ਹੈ। ਉਸ ਨੇ ਚਾਰ ਅਸੰਬਲੀ ਹਲਕਿਆਂ ’ਚ ਉਮੀਦਵਾਰ ਖੜ੍ਹੇ ਕੀਤੇ ਹਨ।