ਸ੍ਰੀਨਗਰ : ਕਸ਼ਮੀਰ ’ਚ ਪਿਛਲੇ 36 ਘੰਟਿਆਂ ’ਚ ਸ੍ਰੀਨਗਰ, ਬਾਂਦੀਪੋਰਾ ਤੇ ਅਨੰਤਨਾਗ ’ਚ ਤਿੰਨ ਮੁਕਾਬਲਿਆਂ ’ਚ ਤਿੰਨ ਦਹਿਸ਼ਤਗਰਦ ਮਾਰੇ ਗਏ ਤੇ 4 ਜਵਾਨ ਜ਼ਖਮੀ ਹੋ ਗਏ। ਸ੍ਰੀਨਗਰ ਦੇ ਪੁਰਾਣੇ ਇਲਾਕੇ ਖਾਨਯਾਰ ’ਚ ਇੱਕ ਘਰ ’ਚ ਦੋ-ਤਿੰਨ ਦਹਿਸ਼ਤਗਰਦਾਂ ਦੇ ਲੁਕੇ ਹੋਣ ਦਾ ਪਤਾ ਲੱਗਣ ’ਤੇ ਹੋਏ ਮੁਕਾਬਲੇ ਦੌਰਾਨ ਫੌਜ ਨੇ ਘਰ ਨੂੰ ਬੰਬ ਨਾਲ ਉਡਾ ਦਿੱਤਾ। ਇਸ ਦੌਰਾਨ ਇੱਕ ਦਹਿਸ਼ਤਗਰਦ ਮਾਰਿਆ ਗਿਆ। ਗੋਲੀਬਾਰੀ ’ਚ ਸੀ ਆਰ ਪੀ ਐੱਫ ਦੇ ਦੋ ਤੇ ਪੁਲਸ ਦੇ ਦੋ ਜਵਾਨ ਜ਼ਖਮੀ ਹੋ ਗਏ।
ਬੀਤੇ 10 ਸਾਲਾਂ ਤੋਂ ਵੱਧ ਸਮੇਂ ’ਚ ਇਹ ਪਹਿਲੀ ਵਾਰ ਹੈ, ਜਦੋਂ ਪੁਰਾਣੇ ਸ੍ਰੀਨਗਰ ਸ਼ਹਿਰ ਦੇ ਖਾਨਯਾਰ ’ਚ ਮੁਕਾਬਲਾ ਹੋਇਆ ਹੈ। ਇਹ ਇਲਾਕਾ ਕਿਸੇ ਸਮੇਂ ਵੱਖਵਾਦੀ ਭਾਵਨਾਵਾਂ ਦਾ ਗੜ੍ਹ ਰਿਹਾ ਹੈ ਅਤੇ ਇਸ ਇਲਾਕੇ ’ਚ ਦਹਿਸ਼ਤਗਰਦ ਖੁੱਲ੍ਹੇਆਮ ਘੁੰਮਦੇ ਰਹਿੰਦੇ ਸਨ। ਸਮੇਂ ਦੇ ਬੀਤਣ ਨਾਲ ਸੁਰੱਖਿਆ ਬਲਾਂ ਨੇ ਇਨ੍ਹਾਂ ਇਲਾਕਿਆਂ ’ਚੋਂ ਦਹਿਸ਼ਤਗਰਦੀ ਦਾ ਖਾਤਮਾ ਕਰ ਦਿੱਤਾ ਸੀ। ਮੰਨਿਆ ਜਾਂਦਾ ਸੀ ਕਿ ਸ੍ਰੀਨਗਰ ਸ਼ਹਿਰ ਨੂੰ ਆਮ ਕਰ ਕੇ ਅਤੇ ਡਾਊਨ ਟਾਊਨ ਇਲਾਕੇ ਨੂੰ ਖਾਸ ਕਰ ਕੇ ਦਹਿਸ਼ਤਗਰਦੀ ਤੋਂ ਆਜ਼ਾਦ ਕਰਵਾ ਲਿਆ ਗਿਆ ਹੈ। ਖਾਨਯਾਰ ਦੇ ਮੁਕਾਬਲੇ ਨਾਲ ਇਹ ਵਿਸ਼ਵਾਸ ਟੁੱਟ ਗਿਆ ਜਾਪਦਾ ਹੈ। ਉਧਰ, ਅਨੰਤਨਾਗ ਜ਼ਿਲ੍ਹੇ ’ਚ ਸਾਂਗਸ ਦੇ ਲਾਰਨੂ ਜੰਗਲੀ ਇਲਾਕੇ ’ਚ ਸ਼ਨੀਵਾਰ ਮੁਕਾਬਲੇ ’ਚ ਦੋ ਦਹਿਸ਼ਤਗਰਦ ਮਾਰੇ ਗਏ। ਇਲਾਕੇ ’ਚ ਤਿੰਨ ਦਹਿਸ਼ਤਗਰਦਾਂ ਦੇ ਹੋਣ ਦੀ ਸੂਚਨਾ ਮਿਲੀ ਸੀ। ਇਕ ਦਹਿਸ਼ਤਗਰਦ ਰੁਕ-ਰੁਕ ਕੇ ਫਾਇਰਿੰਗ ਕਰ ਰਿਹਾ ਸੀ। ਬਾਂਦੀਪੋਰਾ ’ਚ ਮੁਕਾਬਲਾ ਜਾਰੀ ਸੀ। ਸ਼ੁੱਕਰਵਾਰ ਦਹਿਸ਼ਤਗਰਦਾਂ ਨੇ ਬਡਗਾਮ ਜ਼ਿਲ੍ਹੇ ਦੇ ਮਾਗਾਮ ਖੇਤਰ ਦੇ ਮਜਮਾ ਪਿੰਡ ’ਚ ਯੂ ਪੀ ਦੇ ਦੋ ਮਜ਼ਦੂਰਾਂ ਸੰਜੇ ਅਤੇ ਉਸਮਾਨ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਦੋਵਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਹੈ।