ਸ੍ਰੀਨਗਰ : ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਸ਼ਨੀਵਾਰ ਇਹ ਕਹਿ ਕੇ ਸਿਆਸੀ ਬਹਿਸ ਛੇੜ ਦਿੱਤੀ ਕਿ ਦਹਿਸ਼ਤਗਰਦਾਂ ਨੂੰ ਮਾਰਨ ਦੀ ਥਾਂ ਫੜ ਕੇ ਹਮਲਿਆਂ ’ਚ ਹਾਲ ਹੀ ਵਿੱਚ ਹੋਏ ਵਾਧੇ ਪਿਛਲੇ ਦਿਮਾਗ ਨੂੰ ਬੇਨਕਾਬ ਕੀਤਾ ਜਾਵੇ। ਦਹਿਸ਼ਤਗਰਦਾਂ ਤੋਂ ਪੁੱਛਗਿੱਛ ਕਰਕੇ ਹਮਲੇ ਕਰਾਉਣ ਵਾਲੇ ਵੱਡੇ ਨੈੱਟਵਰਕਾਂ ਬਾਰੇ ਅਹਿਮ ਸੂਹਾਂ ਮਿਲ ਸਕਦੀਆਂ ਹਨ।
ਉਨ੍ਹਾ ਬਡਗਾਮ ਵਿੱਚ ਦਹਿਸ਼ਤਗਰਦਾਂ ਵੱਲੋਂ ਕੀਤੇ ਗਏ ਹਮਲੇ ਦੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾ ਨੂੰ ਸ਼ੱਕ ਹੈ ਕਿ ਇਹ ਉਨ੍ਹਾਂ ਲੋਕਾਂ ਨੇ ਕਰਵਾਇਆ, ਜਿਹੜੇ ਜੰਮੂ-ਕਸ਼ਮੀਰ ਦੀ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾ ਕਿਹਾਇਸ ਹਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਇਹ ਕਿੱਦਾਂ ਹੋ ਰਿਹਾ ਹੈ ਕਿ ਜਦੋਂ ਦੀ ਨਵੀਂ ਸਰਕਾਰ ਬਣੀ ਹੈ, ਹਮਲੇ ਹੋ ਰਹੇ ਹਨ? ਮੈਨੂੰ ਸ਼ੱਕ ਹੈ ਕਿ ਸਰਕਾਰ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਨੇ ਬਡਗਾਮ ਦਾ ਹਮਲਾ ਕੀਤਾ। ਜੇ ਦਹਿਸ਼ਤਗਰਦ ਫੜੇ ਜਾਂਦੇ ਹਨ ਤਾਂ ਪਤਾ ਲੱਗ ਜਾਵੇਗਾ ਕਿ ਹਮਲਿਆਂ ਪਿੱਛੇ ਕੌਣ ਹੈ। ਉਨ੍ਹਾਂ ਨੂੰ ਮਾਰਨਾ ਨਹੀਂ ਚਾਹੀਦਾ, ਫੜ ਕੇ ਪੁੱਛਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਪਿੱਛੇ ਕੌਣ ਹੈ। ਸਾਨੂੰ ਪਤਾ ਕਰਨਾ ਪੈਣਾ ਹੈ ਕਿ ਕੋਈ ਏਜੰਸੀ ਉਮਰ ਅਬਦੁੱਲਾ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੀ। ਖਬਰ ਏਜੰਸੀ ਵੱਲੋਂ ਇਹ ਪੁੱਛੇ ਜਾਣ ’ਤੇ ਕਿ ਕੀ ਹਾਲੀਆ ਬਡਗਾਮ ਹਮਲੇ ਤੇ ਹੋਰਨਾਂ ਹਮਲਿਆਂ ਲਈ ਪਾਕਿਸਤਾਨ ’ਤੇ ਹੀ ਦੋਸ਼ ਮੜ੍ਹਨਾ ਚਾਹੀਦਾ ਹੈ, ਫਾਰੂਕ ਅਬਦੁੱਲਾ ਨੇ ਕਿਹਾਸਵਾਲ ਇਹ ਨਹੀਂ। ਮੈਂ ਕਹਿਣਾ ਚਾਹਾਂਗਾ ਕਿ ਜਾਂਚ ਹੋਣੀ ਚਾਹੀਦੀ ਹੈ। ਜੰਮੂ-ਕਸ਼ਮੀਰ ਭਾਜਪਾ ਦੇ ਪ੍ਰਧਾਨ ਰਵਿੰਦਰ ਰੈਣਾ ਨੇ ਫਾਰੂਕ ਅਬਦੁੱਲਾ ਦੇ ਬਿਆਨ ’ਤੇ ਕਿੰਤੂ ਕਰਦਿਆਂ ਕਿਹਾਫਾਰੂਕ ਅਬਦੁੱਲਾ ਜਾਣਦੇ ਹਨ ਕਿ ਦਹਿਸ਼ਤਗਰਦੀ ਪਾਕਿਸਤਾਨ ਵੱਲੋਂ ਆ ਰਹੀ ਹੈ। ਇਹ ਸਭ ਜਾਣਦੇ ਹਨ। ਇਸ ਵਿਚ ਜਾਂਚ ਕਰਨ ਵਾਲੀ ਕਿਹੜੀ ਗੱਲ ਹੈ? ਫਾਰੂਕ ਅਬਦੁੱਲਾ ਜਾਣਦੇ ਹਨ ਕਿ ਜੰਮੂ-ਕਸ਼ਮੀਰ ਵਿਚ ਹੋ ਰਹੇ ਹਮਲਿਆਂ ਪਿੱਛੇ ਪਾਕਿਸਤਾਨ ਤੇ ਦਹਿਸ਼ਤਗਰਦ ਜਥੇਬੰਦੀਆਂ ਦਾ ਹੱਥ ਹੈ। ਸਾਨੂੰ ਸਭ ਨੂੰ ਆਪਣੀ ਫੌਜ, ਪੁਲਸ ਤੇ ਸੁਰੱਖਿਆ ਬਲਾਂ ਦੀ ਹਮਾਇਤ ਕਰਨੀ ਚਾਹੀਦੀ ਹੈ। ਸਾਨੂੰ ਮਨੁੱਖਤਾ ਦੇ ਦੁਸ਼ਮਣਾਂ ਵਿਰੁੱਧ ਇਕੱਠੇ ਹੋ ਕੇ ਲੜਨਾ ਪੈਣਾ ਹੈ।
ਨੈਸ਼ਨਲ ਕਾਨਫਰੰਸ ਦੇ ਸਾਂਸਦ ਆਗਾ ਸਈਦ ਰੁਹੁਲ੍ਹਾ ਮਹਿਦੀ ਨੇ ਹੈਰਾਨੀ ਪ੍ਰਗਟਾਉਦਿਆਂ ਕਿਹਾ ਹੈ ਕਿ ਹਾਲੀਆ ਚੋਣਾਂ ਤੋਂ ਬਾਅਦ ਹਮਲਿਆਂ ਵਿੱਚ ਇਕਦਮ ਤੇਜ਼ੀ ਆ ਗਈ ਹੈ।