ਨਵੀਂ ਦਿੱਲੀ : ਭਾਜਪਾ ਨੇ ਸੀਨੀਅਰ ਆਗੂ ਸਤ ਸ਼ਰਮਾ ਨੂੰ ਐਤਵਾਰ ਪਾਰਟੀ ਦੀ ਜੰਮੂ-ਕਸ਼ਮੀਰ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ। ਉਹ ਰਵਿੰਦਰ ਰੈਣਾ ਦੀ ਥਾਂ ਲੈਣਗੇ। ਵਿਧਾਨ ਸਭਾ ਚੋਣਾਂ ਦੌਰਾਨ ਸਤ ਸ਼ਰਮਾ ਨੂੰ ਟਿਕਟ ਨਹੀਂ ਦਿੱਤੀ ਸੀ ਤੇ ਸੂਬਾ ਇਕਾਈ ਦਾ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਸੀ। ਰੈਣਾ ਨੂੰ ਵਿਧਾਨ ਸਭਾ ਚੋਣਾਂ ’ਚ ਨੌਸ਼ਹਿਰਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸੇ ਦੌਰਾਨ ਸਾਬਕਾ ਮੰਤਰੀ 47 ਸਾਲਾ ਸੁਨੀਲ ਸ਼ਰਮਾ ਨੂੰ ਜੰਮੂ-ਕਸ਼ਮੀਰ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਕਿਸ਼ਤਵਾੜ ਜ਼ਿਲ੍ਹੇ ਦੇ ਪੱਦਰ ਨਾਗਸੇਨੀ ਤੋਂ ਵਿਧਾਇਕ ਸ਼ਰਮਾ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹੋਣਗੇ।
ਨਿਊ ਜ਼ੀਲੈਂਡ ਨੇ ਫੱਟੀ ਪੋਚੀ
ਮੁੰਬਈ : ਨਿਊ ਜ਼ੀਲੈਂਡ ਨੇ ਐਤਵਾਰ ਭਾਰਤ ਨੂੰ 25 ਦੌੜਾਂ ਨਾਲ ਹਰਾ ਕੇ ਤੀਜਾ ਟੈਸਟ ਮੈਚ ਵੀ ਜਿੱਤ ਲਿਆ। ਭਾਰਤ ਦੀ ਘਰ ’ਚ ਇਹ ਬਹੁਤ ਹੀ ਸ਼ਰਮਨਾਕ ਹਾਰ ਹੈ, ਜਦੋਂ 2000 ਤੋਂ ਬਾਅਦ ਕਿਸੇ ਟੀਮ ਨੇ ਉਸ ਨੂੰ ਲੜੀ ਦੇ ਤਿੰਨ ਦੇ ਤਿੰਨ ਟੈਸਟਾਂ ਵਿਚ ਹਰਾਇਆ। ਨਿਊ ਜ਼ੀਲੈਂਡ ਲਈ ਏਜਾਜ਼ ਪਟੇਲ ਨੇ ਕੁੱਲ 11 ਵਿਕਟਾਂ ਲਈਆਂ। ਭਾਰਤ ਦੀ ਪਹਿਲੀ ਪਾਰੀ 263 ਦੌੜਾਂ ’ਤੇ ਸਿਮਟ ਗਈ ਸੀ। ਨਿਊ ਜ਼ੀਲੈਂਡ ਨੇ ਪਹਿਲੀ ਪਾਰੀ ’ਚ 235 ਦੌੜਾਂ ਬਣਾਈਆਂ ਸਨ। ਦੂਜੀ ਪਾਰੀ ’ਚ ਨਿਊ ਜ਼ੀਲੈਂਡ ਦੀ ਟੀਮ 174 ਦੌੜਾਂ ’ਤੇ ਆਊਟ ਹੋ ਗਈ। ਟੀਮ ਇੰਡੀਆ ਨੂੰ ਜਿੱਤ ਲਈ 147 ਦੌੜਾਂ ਚਾਹੀਦੀਆਂ ਸਨ, ਪਰ ਉਹ 121 ਦੌੜਾਂ ’ਤੇ ਆਊਟ ਹੋ ਗਈ।
ਰੇਲ ਮੰਤਰੀ ਗੱਡੀਆਂ ’ਤੇ ਹਮਲੇ ਰੋਕਣ ਲਈ ਸਖਤ ਕਦਮ ਚੁੱਕਣ : ਆਜ਼ਾਦ
ਲਖਨਊ : ਉੱਤਰ ਪ੍ਰਦੇਸ਼ ਦੇ ਨਗੀਨਾ ਤੋਂ ਆਜ਼ਾਦ ਸਮਾਜ ਪਾਰਟੀ-ਕਾਂਸ਼ੀ ਰਾਮ ਦੇ ਲੋਕ ਸਭਾ ਮੈਂਬਰ ਚੰਦਰ ਸ਼ੇਖਰ ਆਜ਼ਾਦ ਨੇ ਐਤਵਾਰ ਦਾਅਵਾ ਕੀਤਾ ਕਿ ਉਹ ਜਿਸ ਵੰਦੇ ਭਾਰਤ ਰੇਲ ਗੱਡੀ ’ਚ ਯਾਤਰਾ ਕਰ ਰਹੇ ਸਨ, ਉਸ ’ਤੇ ਪਥਰਾਅ ਕੀਤਾ ਗਿਆ। ਉਨ੍ਹਾ ਰੇਲ ਮੰਤਰੀ ਤੇ ਪ੍ਰਸ਼ਾਸਨ ਤੋਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਕਦਮ ਉਠਾਉਣ ਦੀ ਅਪੀਲ ਕੀਤੀ ਹੈ। ਆਜ਼ਾਦ ਨੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਮਾਪਿਆਂ ਤੇ ਸਕੂਲੀ ਅਧਿਆਪਕਾਂ ਨੂੰ ਬੱਚਿਆਂ ਨੂੰ ਇਸ ਵਿਸ਼ੇ ’ਤੇ ਜਾਗਰੂਕ ਕਰਨ ਦੀ ਅਪੀਲ ਵੀ ਕੀਤੀ ਹੈ। ਉਨ੍ਹਾ ਕਿਹਾਮੈਂ ਦਿੱਲੀ ਤੋਂ ਕਾਨਪੁਰ ਦੀ ਯਾਤਰਾ ਕਰ ਰਿਹਾ ਸੀ। ਸਵੇਰੇ 7.12 ਵਜੇ ਜਿਵੇਂ ਹੀ ਬੁਲੰਦਸ਼ਹਿਰ ਜ਼ਿਲ੍ਹੇ ਦੇ ਕਮਾਲਪੁਰ ਸਟੇਸ਼ਨ ਨੂੰ ਪਾਰ ਕੀਤਾ, ਤਾਂ ਬਾਹਰ ਤੋਂ ਕਿਸੇ ਸ਼ਰਾਰਤੀ ਅਨਸਰ ਨੇ ਪੱਥਰ ਸੁੱਟੇ, ਜਿਸ ਨਾਲ ਮੇਰੇ ਤੋਂ ਦੋ ਸੀਟ ਅੱਗੇ ਬੈਠੇ ਯਾਤਰੀ ਦੇ ਕੋਲ ਦਾ ਸ਼ੀਸ਼ਾ ਟੁੱਟ ਗਿਆ।
ਵਿਦੇਸ਼ ਸਕੱਤਰ ਬੁੱਧਵਾਰ ਸੰਸਦੀ ਕਮੇਟੀ ਨਾਲ ਜਾਣਕਾਰੀ ਸਾਂਝੀ ਕਰਨਗੇ
ਨਵੀਂ ਦਿੱਲੀ : ਵਿਦੇਸ਼ ਸਕੱਤਰ ਵਿਕਰਮ ਮਿਸਰੀ ਵਿਦੇਸ਼ ਮਾਮਲਿਆਂ ਦੀ ਸੰਸਦੀ ਕਮੇਟੀ ਨੂੰ ਭਾਰਤ-ਕੈਨੇਡਾ ਸੰਬੰਧਾਂ ਬਾਰੇ ਬੁੱਧਵਾਰ ਨੂੰ ਸੰਭਾਵੀ ਤੌਰ ’ਤੇ ਜਾਣਕਾਰੀ ਦੇਣਗੇ। ਕੈਨੇਡਾ ਦੇ ਅਧਿਕਾਰੀਆਂ ਵੱਲੋਂ ਭਾਰਤ ਸਰਕਾਰ ਦੇ ਅਧਿਕਾਰੀਆਂ ’ਤੇ ਖਾਲਿਸਤਾਨ ਸਮਰਥਕ ਅੱਤਵਾਦੀ ਹਰਜੀਤ ਸਿੰਘ ਨਿੱਝਰ ਦੀ ਹੱਤਿਆ ਦਾ ਆਦੇਸ਼ ਦੇਣ ਦਾ ਦੋਸ਼ ਲਗਾਏ ਜਾਣ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਸੰਬੰਧ ਪ੍ਰਭਾਵਤ ਹੋਏ ਹਨ। ਮਿਸਰੀ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ ’ਤੇ ਮੁੜ ਤੋਂ ਗਸ਼ਤ ਸ਼ੁਰੂ ਕਰਨ ਸੰਬੰਧੀ ਸਮਝੌਤੇ ਤੋਂ ਬਾਅਦ ਚੀਨ ਨਾਲ ਭਾਰਤ ਦੇ ਸੰਬੰਧਾਂ ’ਚ ਹਾਲ ’ਚ ਆਏ ਸੁਧਾਰ ਬਾਰੇ ਵੀ ਸੰਸਦੀ ਕਮੇਟੀ ਨੂੰ ਸੰਭਾਵੀ ਤੌਰ ’ਤੇ ਜਾਣਕਾਰੀ ਦੇਣਗੇ।


