ਗ਼ਦਰੀ ਬਾਬਿਆਂ ਦੇ ਮੇਲੇ ਦੀ ਸਫ਼ਲਤਾ ਲਈ ਸਬ-ਕਮੇਟੀਆਂ ਨੇ ਕੀਤੀ ਗੰਭੀਰ ਵਿਚਾਰ-ਚਰਚਾ ਜਲੰਧਰ (ਕੇਸਰ)
ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ 7 ਨਵੰਬਰ ਤੋਂ ਸ਼ੁਰੂ ਹੋ ਰਿਹਾ 33ਵਾਂ ਤਿੰਨ ਰੋਜ਼ਾ ਮੇਲਾ ਗ਼ਦਰੀ ਬਾਬਿਆਂ ਦਾ ਹਰ ਪੱਖੋਂ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਅਤੇ ਲੋਕਾਂ ਦੇ ਵਿਸ਼ਾਲ ਸਹਿਯੋਗ ਨਾਲ ਨਵੇਂ ਮੁਕਾਮ ’ਤੇ ਪਹੁੰਚਾਉਣ ਲਈ ਐਤਵਾਰ ਸੱਭਿਆਚਾਰਕ ਵਿੰਗ ਅਤੇ ਦਰਜਨ ਦੇ ਕਰੀਬ ਵੰਨ-ਸੁਵੰਨੀਆਂ ਸਬ-ਕਮੇਟੀਆਂ ਦੇ ਕਨਵੀਨਰਾਂ ਅਤੇ ਮੈਂਬਰਾਂ ਨੇ ਸਿਰ ਜੋੜ ਕੇ ਗੰਭੀਰ ਵਿਚਾਰਾਂ ਕੀਤੀਆਂ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ 80ਵੇਂ ਦੇ ਦੌਰ ਅੰਦਰ ਪੰਜਾਬ, ਦਿੱਲੀ ਅਤੇ ਅਨੇਕਾਂ ਥਾਵਾਂ ’ਤੇ ਹਕੂਮਤ ਦੇ ਥਾਪੜੇ ਸਦਕਾ ਸਿੱਖ ਭਾਈਚਾਰੇ ਦਾ ਚੁਣ-ਚੁਣ ਕੇ ਸ਼ਿਕਾਰ ਖੇਡਣ ਅਤੇ ਇਉਂ ਹੀ ਦਹਾਕੇ ਤੋਂ ਵੱਧ ਸਮਾਂ ਹਿੰਦੂ ਭਾਈਚਾਰੇ ਨੂੰ ਵਿਸ਼ੇਸ਼ ਨਿਸ਼ਾਨਾ ਬਣਾ ਕੇ ਮਾਰੇ ਗਏ ਨਿਰਦੋਸ਼ ਲੋਕਾਂ ਨੂੰ ਭਾਵ-ਭਿੰਨੀ ਸ਼ਰਧਾਂਜਲੀ ਭੇਟ ਕੀਤੀ ਅਤੇ ਭਵਿੱਖ਼ ’ਚ ਹਰ ਵੰਨਗੀ ਦੀ ਫ਼ਿਰਕੂ ਅਤੇ ਹਕੂਮਤੀ ਦਹਿਸ਼ਤਗਰਦੀ ਖਿਲਾਫ਼ ਉਸ ਵੇਲੇ ਦੀ ਤਰ੍ਹਾਂ ਜੂਝਣ ਵਾਲੇ ਲੋਕਾਂ ਦੇ ਜਾਇਆਂ ਤੋਂ ਰੌਸ਼ਨੀ ਲੈਣ ਦੀ ਅਪੀਲ ਕੀਤੀ ਗਈ।
ਇਸ ਉਪਰੰਤ ਮੇਲਾ ਤਿਆਰੀ ਕਮੇਟੀ, ਕੁਇਜ਼, ਭਾਸ਼ਣ, ਗਾਇਨ ਅਤੇ ਪੇਂਟਿੰਗ ਮੁਕਾਬਲਾ ਕਮੇਟੀਆਂ ਦੇ ਕਨਵੀਨਰਾਂ ਕ੍ਰਮਵਾਰ ਹਰਵਿੰਦਰ ਭੰਡਾਲ, ਪ੍ਰੋ. ਗੋਪਾਲ ਬੁੱਟਰ, ਪ੍ਰੋ. ਤੇਜਿੰਦਰ ਵਿਰਲੀ ਅਤੇ ਡਾ. ਸੈਲੇਸ਼ ਨੇ ਸੰਬੰਧਤ ਮੁਕਾਬਲਿਆਂ ਦੀ ਹੁਣ ਤੱਕ ਦੀ ਤਿਆਰੀ ਅਤੇ ਕਰਨ ਗੋਚਰੇ ਕੰਮਾਂ ਬਾਰੇ ਦੱਸਿਆ। ਚਿੱਤਰਕਲਾ ਅਤੇ ਫੋਟੋ ਕਲਾ ਪ੍ਰਦਰਸ਼ਨੀ ਦੇ ਕਨਵੀਨਰ ਵਿਜੈ ਬੰਬੇਲੀ, ਕਵੀ ਦਰਬਾਰ ਦੇ ਸੰਚਾਲਕ ਹਰਵਿੰਦਰ ਭੰਡਾਲ ਅਤੇ ਫ਼ਿਲਮ ਸ਼ੋਅ ਦੇ ਸੰਚਾਲਕ ਡਾ. ਸੈਲੇਸ਼ ਨੇ 8 ਨਵੰਬਰ ਸ਼ਾਮ ਨੂੰ ਹੋਣ ਵਾਲੇ ਕਵੀ ਦਰਬਾਰ, ਵਕਤਾ ਸੰਜੇ ਕਾਕ ਅਤੇ ਦਿਖਾਈ ਜਾਣ ਵਾਲੀ ਫ਼ਿਲਮ ‘ਮਾਟੀ ਕੇ ਲਾਲ’ ਦੀ ਤਿਆਰੀ ਬਾਰੇ ਦੱਸਿਆ। ਪੁਸਤਕ ਪ੍ਰਦਰਸ਼ਨੀ ਦੇ ਕਨਵੀਨਰ ਰਮਿੰਦਰ ਪਟਿਆਲਾ ਅਤੇ ਸਹਿਯੋਗੀ ਕੇਸਰ ਨੇ ਦੱਸਿਆ ਕਿ 70 ਦੇ ਕਰੀਬ ਪੁਸਤਕ ਸਟਾਲਾਂ ਦੇ ਆਉਣ ਦੀ ਸੂਚਨਾ ਪੱਕੀ ਹੋ ਗਈ ਹੈ। ਸੁਰੱਖਿਆ ਅਤੇ ਹੋਰ ਸੇੇਵਾਵਾਂ ਲਈ ਵਲੰਟੀਅਰ ਡਿਊਟੀਆਂ ਬਾਰੇ ਉਹਨਾਂ ਆਪਣੇ ਅਤੇ ਹਰਮੇਸ਼ ਮਾਲੜੀ ਵੱਲੋਂ ਨਿਭਾਈਆਂ ਜਾਣ ਵਾਲੀਆਂ ਵਲੰਟੀਅਰ ਜ਼ਿੰਮੇਵਾਰੀਆਂ ਬਾਰੇ ਦੱਸਿਆ।
ਕਮੇਟੀ ਨੇ ਇਹ ਜਾਣਕਾਰੀ ਵੀ ਸਾਂਝੀ ਕੀਤੀ ਕਿ ਅਪੂਰਵਾਨੰਦ, ਐਡਵੋਕੇਟ ਰਾਜਿੰਦਰ ਸਿੰਘ ਚੀਮਾ, 9 ਨਵੰਬਰ ਅਰੁੰਧਤੀ ਰਾਏ ਅਤੇ ਪ੍ਰਬੀਰ ਮੇਲੇ ’ਤੇ 8 ਨਵੰਬਰ ਨੂੰ ਹੋ ਰਹੀ ਵਿਚਾਰ-ਚਰਚਾ ਵਿੱਚ ਬਤੌਰ ਵਕਤਾ ਸ਼ਾਮਲ ਹੋ ਰਹੇ ਹਨ। 9 ਨਵੰਬਰ ਖੇਤੀ, ਪਾਣੀ, ਵਾਤਾਵਰਣ ਸੰਕਟ ਵਿਸ਼ੇ ’ਤੇ ਕਮੇਟੀ ਮੈਂਬਰ ਵਿਚਾਰ-ਚਰਚਾ ਵਿੱਚ ਭਾਗ ਲੈਣਗੇ।
9 ਨਵੰਬਰ ਸਵੇਰੇ 10 ਵਜੇ ਕਮੇਟੀ ਮੈਂਬਰ ਹਰਦੇਵ ਅਰਸ਼ੀ ਝੰਡਾ ਲਹਿਰਾਉਣ ਉਪਰੰਤ ਵਿਚਾਰ ਸਾਂਝੇ ਕਰਨਗੇ। ਇਹ ਵੀ ਦੱਸਿਆ ਗਿਆ ਕਿ ਝੰਡਾ ਲਹਿਰਾਉਣ ਉਪਰੰਤ ਓਪੇਰਾ ਰੂਪੀ ਝੰਡੇ ਦਾ ਗੀਤ; ‘ਮੇਲਾ ਕੀ ਕਹਿੰਦੈ’ ਦੀ ਤਿਆਰੀ ਲਈ 4 ਨਵੰਬਰ ਤੋਂ ਦੇਸ਼ ਭਗਤ ਯਾਦਗਾਰ ਹਾਲ ਵਰਕਸ਼ਾਪ ਲੱਗ ਰਹੀ ਹੈ, ਜਿਸ ਵਿੱਚ ਵੱਡੀ ਗਿਣਤੀ ’ਚ ਮੁੰਡੇ-ਕੁੜੀਆਂ ਕਲਾਕਾਰ ਸ਼ਾਮਲ ਹੋ ਰਹੇ ਹਨ। 9 ਨਵੰਬਰ ਸ਼ਾਮ 6:30 ਵਜੇ ਕਮੇਟੀ ਦੇ ਪ੍ਰਧਾਨ ਦੇ ਸੰਬੋਧਨ ਉਪਰੰਤ ਚਕਰੇਸ਼ ਚੰਡੀਗੜ੍ਹ, ਕੇਵਲ ਧਾਲੀਵਾਲ, ਅਨੀਤਾ ਸ਼ਬਦੀਸ਼, ਬਲਰਾਜ ਸਾਗਰ, ਜਸਵਿੰਦਰ ਪੱਪੀ ਨਾਟਕ ਖੇਡਣਗੇ ਅਤੇ ਅਵਤਾਰ ਚੜਿੱਕ ਸਾਥੀਆਂ ਸਮੇਤ ਪੇਸ਼ ਕਰਨਗੇ ਵਿਅੰਗ ‘ਭੰਡ ਆਏ ਮੇਲੇ ਤੇ’। ਮੇਲੇ ’ਚ ਗੀਤ-ਸੰਗੀਤ ਦਾ ਆਪਣਾ ਪ੍ਰਭਾਵਸ਼ਾਲੀ ਰੰਗ ਹੋਏਗਾ। ਕਮੇਟੀ ਦੇ ਜਨਰਲ ਸਕੱਤਰ ਨੇ ਲੰਗਰ ਲਈ ਆ ਰਹੇ ਰਾਸ਼ਨ ਅਤੇ ਆਰਥਕ ਮਦਦ ਬਾਰੇ ਉਤਸ਼ਾਹਜਨਕ ਜਾਣਕਾਰੀ ਸਾਂਝੀ ਕਰਦਿਆਂ ਲੰਗਰ ਲਗਾ ਰਹੀਆਂ ਸੰਸਥਾਵਾਂ, ਦੇਸ਼ ਭਗਤਾਂ ਦੇ ਪਿੰਡਾਂ ਅਤੇ ਮੇਲੇ ਨਾਲ ਜੁੜੇ ਪਰਵਾਰਾਂ ਦਾ ਧੰਨਵਾਦ ਕੀਤਾ।





