ਟਰੇਨੀ ਡਾਕਟਰ ਦੀ ਰੇਪ ਤੋਂ ਬਾਅਦ ਹੱਤਿਆ ਦੇ ਮੁੱਖ ਮੁਲਜ਼ਮ ਖਿਲਾਫ ਦੋਸ਼ ਆਇਦ

0
132

ਕੋਲਕਾਤਾ : ਆਰ ਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ’ਚ 9 ਅਗਸਤ ਨੂੰ ਟਰੇਨੀ ਡਾਕਟਰ ਦੀ ਰੇਪ ਤੋਂ ਬਾਅਦ ਹੱਤਿਆ ਦੇ ਮਾਮਲੇ ਵਿਚ ਸੋਮਵਾਰ ਸਿਆਲਦਾਹ ਜ਼ਿਲ੍ਹਾ ਅਤੇ ਰੇਂਜ ਕੋਰਟ ਨੇ ਦੋਸ਼ ਆਇਦ ਕਰ ਦਿੱਤੇ। ਅਦਾਲਤੀ ਪ੍ਰਕਿਰਿਆ 11 ਨਵੰਬਰ ਤੋਂ ਸ਼ੁਰੂ ਹੋਵੇਗੀ ਅਤੇ ਉਸ ਦਿਨ ਤੋਂ ਰੋਜ਼ਾਨਾ ਸੁਣਵਾਈ ਹੋਵੇਗੀ। ਮੁੱਖ ਮੁਲਜ਼ਮ ਸੰਜੇ ਰਾਏ ਨੂੰ ਸਖਤ ਸੁਰੱਖਿਆ ਹੇਠ ਸਿਆਲਦਾਹ ਅਦਾਲਤ ’ਚ ਪੇਸ਼ ਕੀਤਾ ਗਿਆ। ਉਸ ਨੇ ਜੱਜ ਦੇ ਸਾਹਮਣੇ ਮੁੜ ਆਪਣੇ ਆਪ ਨੂੰ ਬੇਕਸੂਰ ਦੱਸਿਆ ਅਤੇ ਕਿਹਾ ਕਿ ਉਸ ਨੂੰ ਸੂਬਾ ਸਰਕਾਰ ਨੇ ਫਸਾਇਆ ਹੈ। ਅਦਾਲਤ ਤੋਂ ਬਾਹਰ ਆਉਣ ਤੋਂ ਬਾਅਦ ਵੀ ਸੰਜੇ ਰਾਏ ਨੇ ਮੀਡੀਆ ਕੈਮਰਿਆਂ ਦੇ ਸਾਹਮਣੇ ਕਿਹਾ ਕਿ ਉਸ ਨੇ ਕੁਝ ਨਹੀਂ ਕੀਤਾ, ਉਸ ਨੂੰ ਫਸਾਇਆ ਗਿਆ ਹੈ। ਉਸ ਨੇ ਦਾਅਵਾ ਕੀਤਾ ਕਿ ਉਹ ਬੇਕਸੂਰ ਹੈ। ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੀ ਸੀ ਬੀ ਆਈ ਨੇ ਇਸ ਪਿੱਛੇ ਵੱਡੀ ਸਾਜ਼ਿਸ਼ ਹੋਣ ਦਾ ਦਾਅਵਾ ਕਰਦਿਆਂ ਆਰ ਜੀ ਕਰ ਹਸਪਤਾਲ ਦੇ ਸਾਬਕਾ ਪਿ੍ਰੰਸੀਪਲ ਸੰਦੀਪ ਘੋਸ਼ ਅਤੇ ਤਾਲਾ ਥਾਣੇ ਦੇ ਸਾਬਕਾ ਐੱਸ ਐੱਚ ਓ ਅਭਿਜੀਤ ਮੰਡਲ ਦੀ ਸ਼ਮੂਲੀਅਤ ਦੱਸੀ ਹੈ। ਸੀ ਬੀ ਆਈ ਨੇ ਪਿਛਲੇ ਮਹੀਨੇ ਅਦਾਲਤ ’ਚ ਪਹਿਲੀ ਚਾਰਜਸ਼ੀਟ ਪੇਸ਼ ਕੀਤੀ ਸੀ। ਇਸ ’ਚ ਸੰਜੇ ਰਾਏ ਤੋਂ ਇਲਾਵਾ ਸੰਦੀਪ ਘੋਸ਼ ਅਤੇ ਅਭਿਜੀਤ ਮੰਡਲ ਦੇ ਨਾਂਅ ਸ਼ਾਮਲ ਹਨ। ਸੰਜੇ ਰਾਏ ਵਿਰੁੱਧ ਭਾਰਤੀ ਨਿਆਂ ਸੰਹਿਤਾ ਦੀ ਧਾਰਾ 103 (1), 64 ਅਤੇ 66 ਤਹਿਤ ਦੋਸ਼ ਆਇਦ ਕੀਤੇ ਗਏ ਹਨ। ਸੰਦੀਪ ਘੋਸ਼ ਅਤੇ ਅਭਿਜੀਤ ਮੰਡਲ ’ਤੇ ਸਬੂਤ ਨਸ਼ਟ ਕਰਨ ਦਾ ਦੋਸ਼ ਹੈ।