ਅੰਬਾਲਾ : ਬਲਦੇਵ ਨਗਰ ਪੁਲਸ ਨੇ ਧੀਰਜ ਕੁਮਾਰ (40) ਵਾਸੀ ਸੂਰਯ ਕਾਲੋਨੀ, ਜੜੌਤ ਰੋਡ ਅੰਬਾਲਾ ਸ਼ਹਿਰ ਦੇ ਬਿਆਨ ’ਤੇ ਲੱਕੀ ਨਾਂਅ ਦੇ ਮੁੰਡੇ ਖਿਲਾਫ ਦੀਵਾਲੀ ਵਾਲੇ ਦਿਨ ਬੁਰਕ ਮਾਰ ਕੇ ਉਸ ਦਾ ਨੱਕ ਵੱਢਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੀ ਜੀ ਆਈ ਚੰਡੀਗੜ੍ਹ ਵਿਚ ਦਾਖਲ ਧੀਰਜ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਉਹ 15 ਸਾਲਾਂ ਤੋਂ ਇਕ ਸਰਾਫ ਕੋਲ ਬਤੌਰ ਡਰਾਈਵਰ ਕੰਮ ਕਰ ਰਿਹਾ ਹੈ। ਦੀਵਾਲੀ ਵਾਲੇ ਦਿਨ ਦੋਸਤ ਅਜੈ ਨੇ ਫੋਨ ਕਰ ਕੇ ਉਸ ਨੂੰ ਪਰਸ਼ੂ ਰਾਮ ਭਵਨ ਲਾਗੇ ਸੱਦਿਆ। ਉੱਥੇ ਅਜੈ ਕੋਲ ਲੱਕੀ ਖੜ੍ਹਾ ਸੀ, ਜਿਸ ਨੇ ਨਸ਼ਾ ਕੀਤਾ ਹੋਇਆ ਸੀ ਅਤੇ ਉਸ ਦੀ ਦੋ ਮੁੰਡਿਆਂ ਨਾਲ ਬਹਿਸ ਚੱਲ ਰਹੀ ਸੀ। ਧੀਰਜ ਨੇ ਕਿਹਾਮੇਰੇ ਵੱਲੋਂ ਸਮਝਾਉਣ ’ਤੇ ਦੋਵੇਂ ਮੁੰਡੇ ਤਾਂ ਚਲੇ ਗਏ, ਪਰ ਲੱਕੀ ਤੈਸ਼ ਵਿਚ ਆ ਗਿਆ ਅਤੇ ਗਾਲ੍ਹਾਂ ਕੱਢਦਿਆਂ ਮੇਰੇ ਨੱਕ ਦਾ ਬੁਰਕ ਭਰ ਲਿਆ। ਅਜੈ ਦੀ ਮਦਦ ਨਾਲ ਮੈਂ ਲੱਕੀ ਤੋਂ ਛੁੱਟਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਉਸ ਨੇ ਉਦੋਂ ਤੱਕ ਨਹੀਂ ਛੱਡਿਆ, ਜਦੋਂ ਤੱਕ ਮੇਰਾ ਨੱਕ ਨਹੀਂ ਵੱਢਿਆ ਗਿਆ। ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ ਅਤੇ ਲੱਕੀ ਮੌਕੇ ਤੋਂ ਦੌੜ ਗਿਆ।


