ਬਰੈਂਪਟਨ : ਪੀਲ ਪੁਲਸ ਨੇ ਆਪਣੇ ਸਾਰਜੈਂਟ ਹਰਜਿੰਦਰ ਸੋਹੀ ਨੂੰ ਫਰਜ਼ਾਂ ’ਚ ਕੋਤਾਹੀ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਹੈ। ਬਰੈਂਪਟਨ ’ਚ ਹਿੰਦੂ ਸਭਾ ਮੰਦਰ ’ਚ ਐਤਵਾਰ ਹੋਏ ਪ੍ਰਦਰਸ਼ਨ ਦੀ ਵੀਡੀਓ ’ਚ ਸ਼ਨਾਖਤ ਹੋਣ ਤੋਂ ਬਾਅਦ ਉਸਨੂੰ ਮੁਅੱਤਲ ਕੀਤਾ ਹੈ। ਮੁਅੱਤਲੀ ਤੋਂ ਬਾਅਦ ਸੋਹੀ ਨੂੰ ਸੋਸ਼ਲ ਮੀਡੀਆ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਸੋਹੀ ’ਤੇ ਫਿਲਹਾਲ ਕੋਈ ਗਲਤ ਕੰਮ ਕਰਨ ਦੇ ਦੋਸ਼ ਨਹੀਂ ਹਨ। ਪੀਲ ਪੁਲੀਸ ਦੇ ਬੁਲਾਰੇ ਰਿਚਰਡ ਚਿਨ ਨੇ ਕਿਹਾ ਕਿ ਉਹ ਸੋਸ਼ਲ ਮੀਡੀਆ ’ਤੇ ਘੁੰਮ ਰਹੀ ਵੀਡੀਓ ਤੋਂ ਜਾਣੰੂ ਹਨ, ਜਿਸ ’ਚ ਉਨ੍ਹਾਂ ਦੇ ਇੱਕ ਆਫ-ਡਿਊਟੀ ਅਧਿਕਾਰੀ ਨੂੰ ਪ੍ਰਦਰਸ਼ਨ ’ਚ ਹਿੱਸਾ ਲੈਂਦੇ ਹੋਏ ਦਿਖਾਇਆ ਗਿਆ ਹੈ। ਸੀ ਬੀ ਸੀ ਨਿਊਜ਼ ਮੁਤਾਬਕ ਚਿਨ ਨੇ ਕਿਹਾ ਇਸ ਅਧਿਕਾਰੀ ਨੂੰ ਕਮਿਊਨਿਟੀ ਸੇਫਟੀ ਐਂਡ ਪੁਲੀਸਿੰਗ ਐਕਟ ਦੇ ਅਨੁਸਾਰ ਮੁਅੱਤਲ ਕੀਤਾ ਗਿਆ ਹੈ। ਉਹ ਪੂਰੀ ਤਰ੍ਹਾਂ ਨਾਲ ਦਰਸਾਏ ਗਏ ਹਾਲਾਤ ਦੀ ਜਾਂਚ ਕਰ ਰਹੇ ਹਨ, ਪਰ ਉਦੋਂ ਤੱਕ ਵੀਡੀਓ ਅਤੇ ਹੋਰ ਜਾਣਕਾਰੀ ਪ੍ਰਦਾਨ ਕਰਨ ’ਚ ਅਸਮਰੱਥ ਹਨ ਜਦੋਂ ਤੱਕ ਇਹ ਜਾਂਚ ਪੂਰੀ ਨਹੀਂ ਹੋ ਜਾਂਦੀ।
ਇੱਕ ਦਿਨ ਪਹਿਲਾਂ ਪੀਲ ਰੀਜਨਲ ਪੁਲਸ ਨੇ ਕਿਹਾ ਸੀ ਕਿ ਜਾਂਚਕਰਤਾਵਾਂ ਨੇ ਬਰੈਂਪਟਨ ਅਤੇ ਮਿਸੀਸਾਗਾ ’ਚ ਵਿਰੋਧ ਪ੍ਰਦਰਸ਼ਨਾਂ ਨਾਲ ਸੰਬੰਧਤ ਚਾਰ ਲੋਕਾਂ ਨੂੰ ਗਿ੍ਰਫਤਾਰ ਕੀਤਾ ਅਤੇ ਉਨ੍ਹਾਂ ’ਚ 43 ਸਾਲਾ ਦਿਲਪ੍ਰੀਤ ਸਿੰਘ ਬਾਊਂਸ, 23 ਸਾਲਾ ਵਿਕਾਸ ਅਤੇ 31 ਸਾਲਾ ਅੰਮਿ੍ਰਤਪਾਲ ਸਿੰਘ ਸ਼ਾਮਲ ਹਨ। ਚੌਥੇ ਵਿਅਕਤੀ ਨੂੰ ਬਕਾਇਆ ਗੈਰ-ਸਬੰਧਤ ਵਾਰੰਟ ’ਤੇ ਗਿ੍ਰਫਤਾਰ ਕੀਤਾ ਗਿਆ ਸੀ ਅਤੇ ਬਾਅਦ ’ਚ ਛੱਡ ਦਿੱਤਾ ਗਿਆ। ਮਿਸੀਸਾਗਾ ਦੇ ਬਾਊਂਸ ’ਤੇ ਗੜਬੜ ਕਰਨ ਅਤੇ ਪੀਸ ਅਫਸਰ ’ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਬਰੈਂਪਟਨ ਦੇ ਵਿਕਾਸ ’ਤੇ ਹਥਿਆਰਾਂ ਨਾਲ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ ਹੈ ਅਤੇ ਮਿਸੀਸਾਗਾ ਦੇ ਅੰਮਿ੍ਰਤਪਾਲ ਸਿੰਘ ’ਤੇ 5000 ਅਮਰੀਕੀ ਡਾਲਰ ਤੋਂ ਵੱਧ ਦੀ ਸ਼ਰਾਰਤ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਤਿੰਨੋਂ ਵਿਅਕਤੀ ਬਰੈਂਪਟਨ ’ਚ ਓਨਟਾਰੀਓ ਕੋਰਟ ਆਫ ਜਸਟਿਸ ’ਚ ਪੇਸ਼ ਕੀਤੇ ਜਾਣਗੇ। ਇਹ ਐਤਵਾਰ ਬਰੈਂਪਟਨ ’ਚ ਹਿੰਦੂ ਸਭਾ ਮੰਦਰ ਵਿਖੇ ਭਾਰਤੀ ਹਾਈ ਕਮਿਸ਼ਨ ਵੱਲੋਂ ਲਾਏ ਗਏ ਇੱਕ ਕੌਂਸਲਰ ਕੈਂਪ ਦੌਰਾਨ ਹਿੰਸਕ ਵਿਘਨ ਪਾਉਦੇ ਦੇਖੇ ਗਏ।




