14.7 C
Jalandhar
Wednesday, December 11, 2024
spot_img

ਚਿੰਤਕ ਤੇ ਸਿੱਖਿਆ ਸ਼ਾਸਤਰੀ ਡਾਕਟਰ ਜਸਬੀਰ ਕੇਸਰ ਨਹੀਂ ਰਹੇ

ਚੰਡੀਗੜ੍ਹ, (ਗੁਰਜੀਤ ਬਿੱਲਾ)-ਪ੍ਰਗਤੀਸ਼ੀਲ ਲੇਖਕ ਸੰਘ (ਪ੍ਰਲੇਸ) ਪੰਜਾਬ ਨੇ ਪੰਜਾਬੀ ਦੇ ਪ੍ਰਤੀਬੱਧ ਪ੍ਰਗਤੀਸ਼ੀਲ ਲੇਖਕ, ਚਿੰਤਕ ਅਤੇ ਸਿੱਖਿਆ ਸ਼ਾਸਤਰੀ ਡਾ. ਜਸਬੀਰ ਕੇਸਰ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੀ ਐੱਚ ਡੀ ਦੀ ਡਿਗਰੀ ਲੈਣ ਵਾਲੇ ਡਾ. ਜਸਬੀਰ ਕੇਸਰ ਨੇ ਚੰਡੀਗੜ੍ਹ ਦੇ ਨਾਭਾ, ਡੇਰਾ ਬੱਸੀ ਅਤੇ ਸੈਕਟਰ 11 ਸਥਿਤ ਸਰਕਾਰੀ ਕਾਲਜਾਂ ’ਚ ਪੰਜਾਬੀ ਵਿਸ਼ੇ ਦੇ ਅਧਿਆਪਕ ਵਜੋਂ ਸੇਵਾਵਾਂ ਨਿਭਾਈਆਂ। ਕਵੀ, ਨਿਬੰਧਕਾਰ ਅਤੇ ਆਲੋਚਕ ਵਜੋਂ ਪੰਜਾਬੀ ਲੇਖਣੀ ਦੇ ਖੇਤਰ ’ਚ ਸਰਗਰਮ ਰਹੇ ਡਾ. ਜਸਬੀਰ ਕੇਸਰ ਨੇ ‘ਔਰਤ ਆਜ਼ਾਦ ਹੈ’, ‘ਕਤਲਗਾਹ ਤੋਂ ਉਰੇ’, ‘ਯੁੱਗ ਕਥਾ’, ‘ਮੈਂ ਮੁਨਕਰ ਹਾਂ’, ‘ਸਾਹਿਤ ਦੀ ਪੜ੍ਹਤ’, ‘ਨਾਵਲਕਾਰ ਕੇਸਰ ਸਿੰਘ ਦਾ ਜੁਝਾਰ ਮਾਨਵਵਾਦ’, ‘ਕੇਸਰ ਸਿੰਘ ਕੇਸਰ : ਕਾਵਿ ਚਿੰਤਨ’ ਆਦਿ ਪੁਸਤਕਾਂ ਦੀ ਸਿਰਜਣਾ ਕਰਕੇ ਪ੍ਰਗਤੀਸ਼ੀਲ ਅਦਬੀ ਪਰੰਪਰਾ ਵਿਚ ਮਿਸਾਲੀ ਕੰਮ ਕੀਤਾ ਹੈ। ਡਾ. ਜਸਬੀਰ ਕੌਰ ਨੇ ਆਪਣੇ ਪਤੀ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸੇਵਾ-ਮੁਕਤ ਮੁਖੀ ਪ੍ਰਸਿੱਧ ਲੇਖਕ, ਚਿੰਤਕ ਅਤੇ ਆਲੋਚਕ ਮਰਹੂਮ ਡਾ. ਕੇਸਰ ਸਿੰਘ ਕੇਸਰ ਦੀ ਅਧੂਰੀ ਸਵੈ-ਜੀਵਨੀ ਨੂੰ ‘ਅੱਧੀ ਤੇਰੀ ਅੱਧੀ ਮੇਰੀ’ ਨਾਂਅ ਹੇਠ ਸੰਪੂਰਨ ਕਰਨ ਦੇ ਨਾਲ-ਨਾਲ ਉਨ੍ਹਾ ਦੀ ਯਾਦ ਵਿਚ ‘ਅਭਿਨੰਦਨ ਗ੍ਰੰਥ’ ਦਾ ਸੰਪਾਦਨ ਵੀ ਕੀਤਾ। ਉਸਾਰੂ ਲੇਖਨ ਅਤੇ ਸਮਾਜਿਕ ਸਰੋਕਾਰਾਂ ਨਾਲ ਪ੍ਰਤੀਬੱਧ ਡਾ. ਜਸਬੀਰ ਕੇਸਰ ਨੇ ਕੁਝ ਕਿਤਾਬਾਂ ਦਾ ਸੰਪਾਦਨ ਵੀ ਕੀਤਾ ਹੈ ਅਤੇ ਸਮਕਾਲੀ ਭਖਦੇ ਮਸਲਿਆਂ ’ਤੇ ਲਗਾਤਾਰ ਲੇਖ ਵੀ ਲਿਖੇ ਹਨ।
ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਡਾ. ਜਸਬੀਰ ਕੇਸਰ ਦੇ ਦੇਹਾਂਤ ਨੂੰ ਸੰਸਥਾਗਤ ਘਾਟਾ ਹੋਣ ਦੇ ਨਾਲ-ਨਾਲ ਨਿੱਜੀ ਘਾਟਾ ਕਰਾਰ ਦਿੰਦਿਆਂ ਕਿਹਾ ਕਿ ਇਹ ਉਨ੍ਹਾ ਲਈ ਨਿੱਜੀ ਸਦਮਾ ਵੀ ਹੈ। ਪੰਜਾਬ ਇਕਾਈ ਦੇ ਪ੍ਰਧਾਨ ਸੁਰਜੀਤ ਜੱਜ, ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ, ਨੈਸ਼ਨਲ ਕਮੇਟੀ ਮੈਂਬਰ ਡਾ. ਸਰਬਜੀਤ ਸਿੰਘ, ਪੰਜਾਬੀ ਟਿ੍ਰਬਿਊਨ ਦੇ ਸਾਬਕਾ ਸੰਪਾਦਕ ਸਵਰਾਜਬੀਰ ਨੇ ਕਿਹਾ ਕਿ ਡਾ. ਜਸਬੀਰ ਕੌਰ ਨੇ ਜਿਸ ਤਰ੍ਹਾਂ ਆਪਣੇ ਪਰਵਾਰ ਦੀ ਸ਼ਾਨਦਾਰ ਪਰੰਪਰਾ ਨੂੰ ਅੱਗੇ ਤੋਰਦਿਆਂ ਇਤਿਹਾਸਕ ਚਿੰਤਨ ’ਤੇ ਨਿੱਠ ਕਾਰਜ ਕੀਤਾ, ਇਹ ਆਪਣੇ ਆਪ ਵਿਚ ਲਾਜਵਾਬ ਹੈ। ਉਪਰੋਕਤ ਤੋਂ ਇਲਾਵਾ ਇਤਿਹਾਸਕਾਰ ਸੁਵਰਨ ਸਿੰਘ ਵਿਰਕ, ਹਰਿਆਣਾ ਇਕਾਈ ਦੇ ਪ੍ਰਧਾਨ ਸੁਭਾਸ਼ ਮਾਨਸਾ, ਜਨਰਲ ਸਕੱਤਰ ਡਾ. ਹਰਵਿੰਦਰ ਸਿੰਘ, ਡਾ. ਅਨੂਪ ਸਿੰਘ, ਪ੍ਰੋ. ਬਲਦੇਵ ਬੱਲੀ, ਜਸਪਾਲ ਮਾਨਖੇੜਾ, ਭੋਲਾ ਸਿੰਘ ਸੰਘੇੜਾ, ਡਾ. ਸੰਤੋਖ ਸੁਖੀ, ਸਤਪਾਲ ਭੀਖੀ, ਸੁਖਵਿੰਦਰ ਪੱਪੀ ਨੇ ਡਾ. ਜਸਬੀਰ ਕੇਸਰ ਦੇ ਅਕਾਲ ਚਲਾਣੇ ’ਤੇ ਉਨ੍ਹਾ ਦੇ ਵਿਚਾਰਧਾਰਕ ਸਾਥੀਆਂ, ਪਰਵਾਰਕ ਮੈਂਬਰਾਂ, ਸਨੇਹੀਆਂ ਅਤੇ ਪ੍ਰਸੰਸਕਾਂ ਨਾਲ ਦਿਲੀ ਹਮਦਰਦੀ ਅਤੇ ਡੂੰਘੀ ਸੰਵੇਦਨਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਗਾਂਹਵਧੂ ਲੇਖਣੀ ਦੇ ਖੇਤਰ ਵਿਚ ਉਨ੍ਹਾ ਦੇ ਅਣਥੱਕ ਅਤੇ ਵਿਲੱਖਣ ਯੋਗਦਾਨ ਲਈ ਉਨ੍ਹਾ ਦੀ ਯਾਦ ਹਮੇਸ਼ਾ ਬਣੀ ਰਹੇਗੀ।

Related Articles

Latest Articles