14.7 C
Jalandhar
Wednesday, December 11, 2024
spot_img

ਸਿੰਘ ਸਾਹਿਬਾਨ ਨੇ ਸੁਖਬੀਰ ਬਾਦਲ ਬਾਰੇ ਵਿਦਵਾਨਾਂ ਤੋਂ ਰਾਇ ਲਈ

ਅੰਮਿ੍ਰਤਸਰ (ਜਸਬੀਰ ਸਿੰਘ ਪੱਟੀ)-ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਦੇ ਚਲੰਤ ਮਾਮਲਿਆਂ ਸੰਬੰਧੀ ਵਿਚਾਰ ਕਰਨ ਲਈ ਬੁੱਧਵਾਰ ਬੁਲਾਈ ਗਈ ਵਿਦਵਾਨਾਂ ਦੀ ਇਕੱਤਰਤਾ ਦਾ ਰੰਗ ਕਾਫੀ ਫਿੱਕਾ ਰਿਹਾ ਤੇ ਕੋਈ ਪੱਤਰਕਾਰ ਮੀਟਿੰਗ ਵਿੱਚ ਸ਼ਾਮਲ ਨਾ ਹੋਇਆ। ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਤੋਂ ਇਲਾਵਾ ਵਧੇਰੇ ਕਰਕੇ ਸਿਰਫ ਉਹ ਲੋਕ ਹੀ ਸ਼ਾਮਲ ਹੋਏ, ਜਿਹੜੇ ਸਿੱਧੇ ਜਾਂ ਅਸਿੱਧੇ ਤੌਰ ’ਤੇ ਸ਼੍ਰੋਮਣੀ ਕਮੇਟੀ ਜਾਂ ਫਿਰ ਅਕਾਲੀ ਦਲ ਨਾਲ ਜੁੜੇ ਹੋਏ ਸਨ। ਵਿਲੱਖਤਾ ਇਹ ਰਹੀ ਕਿ ਤਨਖਾਹੀਏ ਵੀ ਮੀਟਿੰਗ ਵਿੱਚ ਸ਼ਾਮਲ ਹੋਏ।
ਸ੍ਰੀ ਅਕਾਲ ਤਖਤ ਦੇ ਪੀ ਆਰ ਓ ਨੇ ਦੱਸਿਆ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਹੋਈ ਇਕੱਤਰਤਾ ਵਿੱਚ ਸ਼ਾਮਲ ਹੋਏ ਸਿੱਖ ਵਿਦਵਾਨਾਂ ਤੇ ਬੁੱਧੀਜੀਵੀਆਂ ਨੇ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟ ਕੀਤੇ ਅਤੇ ਸਿੱਖ ਪੰਥ ਦੇ ਸਰਬਪੱਖੀ ਹਿੱਤਾਂ ਅਤੇ ਮਸਲਿਆਂ ’ਤੇ ਵਿਆਪਕ ਪਹੁੰਚ ਅਪਣਾ ਕੇ ਪੰਥ ਨੂੰ ਰੌਸ਼ਨ ਰਾਹ ਵੱਲ ਲਿਜਾਣ ਦੀ ਲੋੜ ’ਤੇ ਜ਼ੋਰ ਦਿੱਤਾ। ਫੈਡਰੇਸ਼ਨ ਆਗੂ ਸਰਬਜੀਤ ਸਿੰਘ ਸੋਹਲ ਨੇ ਕਿਹਾ ਕਿ ਪ੍ਰਧਾਨ ਸ਼੍ਰੋਮਣੀ ਕਮੇਟੀ ਵਾਰ-ਵਾਰ ਕਹਿ ਰਹੇ ਹਨ ਕਿ ਅਕਾਲ ਤਖਤ ਤੋਂ ਸਿਰਫ ਧਾਰਮਕ ਸਜ਼ਾ ਹੀ ਲੱਗ ਸਕਦੀ ਹੈ। ਉਹਨਾ ਕਿਹਾ ਕਿ ਜੇਕਰ ਅਕਾਲ ਤਖਤ ਤੋਂ ਕੋਈ ਰਾਜਸੀ ਫੈਸਲਾ ਨਹੀਂ ਲਿਆ ਜਾਣਾ ਤਾਂ ਫਿਰ ਮੀਰੀ-ਪੀਰੀ ਦਾ ਸੰਕਲਪ ਖਤਮ ਕਰਨ ਦੇ ਤੁਲ ਹੈ। ਬਾਦਲਕੇ, ਜਿਹਨਾਂ 1970 ਵਿੱਚ ਨਕਸਲਾਈਟ ਮੁੰਡੇ ਝੂਠੇ ਪੁਲ਼ਸ ਮੁਕਾਬਲਿਆ ਵਿੱਚ ਮਾਰਨੇ ਸ਼ੁਰੂ ਕੀਤੇ ਤੇ ਤਸੀਹਾ ਸੈਂਟਰ, ਜਿਹਨਾਂ ਨੂੰ ਸੀ ਆਈ ਏ ਦਾ ਨਾਂਅ ਦਿੱਤਾ ਗਿਆ, ਬਾਦਲ ਦੇ ਮੁੱਖ ਮੰਤਰੀ ਬਣਨ ’ਤੇ ਹੀ ਹੋਂਦ ਵਿੱਚ ਆਏ।ਉਹਨਾ ਕਿਹਾ ਕਿ 1978, 1982, 1984 ਤੇ 1992 ਦੀਆਂ ਘਟਨਾਵਾਂ ਸਮੇਂ ਇਹ ਬਾਦਲ ਪਰਵਾਰ ਹੀ ਜ਼ਿੰਮੇਵਾਰ ਹੈ। 1997 ਵਿੱਚ ਬਾਦਲ ਸਰਕਾਰ ਬਣੀ ਤਾਂ ਉਸ ਸਮੇਂ ਸਿੱਖਾਂ ਨੂੰ ਇਹ ਆਸ ਬੱਝੀ ਸੀ ਕਿ ਹੁਣ ਆਪਣੀ ਸਰਕਾਰ ਬਣ ਗਈ ਹੈ ਤੇ ਝੂਠੇ ਪੁਲਸ ਮੁਕਾਬਲਿਆਂ ਦਾ ਇਨਸਾਫ ਵੀ ਮਿਲ ਜਾਵੇਗਾ, ਪਰ ਹੋਇਆ ਇਸ ਦੇ ਉਲਟ ਤੇ ਪੀਪਲਜ਼ ਕਮਿਸ਼ਨ ਹਾਈ ਕੋਰਟ ਤੋਂ ਖਤਮ ਕਰਵਾ ਦਿੱਤਾ।ਉਹਨਾ ਕਿਹਾ ਕਿ ਝੂੰਦਾ ਕਮੇਟੀ ਕਿਸੇ ਹੋਰ ਨੇ ਨਹੀ, ਸਗੋਂ ਬਾਦਲ ਦਲ ਨੇ ਹੀ ਬਣਾਈ ਸੀ, ਉਸ ਦੀ ਰਿਪੋਰਟ ਜਨਤਕ ਕੀਤੀ ਜਾਵੇ ਤੇ ਉਸ ਨੂੰ ਸਨਮੁਖ ਰੱਖ ਕੇ ਫੈਸਲਾ ਲਿਆ ਜਾਵੇ।
ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਹਰੇਕ ਸਿੱਖ ਵਿਦਵਾਨ ਦੇ ਵਿਚਾਰ ਬੜੇ ਧਿਆਨ ਤੇ ਸੰਜੀਦਗੀ ਨਾਲ ਸੁਣੇ। ਕੁਝ ਵਿਦਵਾਨਾਂ ਨੇ ਆਪਣੇ ਲਿਖਤੀ ਵਿਚਾਰ ਵੀ ਭੇਜੇ ਸਨ, ਜਿਨ੍ਹਾਂ ਨੂੰ ਇਸ ਇਕੱਤਰਤਾ ਵਿਚ ਵਿਚਾਰ-ਚਰਚਾ ਵਿਚ ਸ਼ਾਮਲ ਕੀਤਾ ਗਿਆ।
ਸਾਰੇ ਵਿਦਵਾਨਾਂ ਦੇ ਵਿਚਾਰ ਸੁਣਨ ਤੋਂ ਬਾਅਦ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸਮੇਂ-ਸਮੇਂ ਪੰਥ ਵਿਚ ਕੌਮੀ ਮੁੱਦਿਆਂ ’ਤੇ ਪੰਥਕ ਵਿਦਵਾਨਾਂ ਅਤੇ ਬੁੱਧੀਜੀਵੀਆਂ ਨਾਲ ਵਿਚਾਰ-ਵਟਾਂਦਰੇ ਦੀ ਹਮੇਸ਼ਾ ਰਵਾਇਤ ਰਹੀ ਹੈ ਅਤੇ ਇਸ ਰਵਾਇਤ ਨੂੰ ਅੱਗੇ ਤੋਂ ਵੀ ਕਾਇਮ ਰੱਖਿਆ ਜਾਵੇਗਾ। ਉਨ੍ਹਾ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸਿੱਖ ਸੰਪਰਦਾਵਾਂ, ਜਥੇਬੰਦੀਆਂ, ਸਿੰਘ ਸਭਾਵਾਂ ਅਤੇ ਗੁਰਦੁਆਰਾ ਕਮੇਟੀਆਂ ਨਾਲ ਵੀ ਪੰਥਕ ਮਸਲਿਆਂ ’ਤੇ ਵਿਚਾਰ-ਚਰਚਾ ਲਈ ਇਕੱਤਰਤਾ ਕੀਤੀ ਜਾਵੇਗੀ, ਤਾਂ ਜੋ ਵਿਸ਼ਾਲ ਪੰਥਕ ਸੰਦਰਭ ਵਿਚ ਕੌਮ ਦੀ ਸਾਂਝੀ ਅਤੇ ਇਤਫਾਕ ਰਾਇ ਨੂੰ ਸਿੱਖ ਸੰਸਥਾਵਾਂ ਦੇ ਅਮਲਾਂ ਦਾ ਹਿੱਸਾ ਬਣਾ ਕੇ ਪੰਥ ਨੂੰ ਨਵੇਂ ਤੇ ਉੱਜਲ ਦਿਸਹੱਦਿਆਂ ਵੱਲ ਲਿਜਾਇਆ ਜਾ ਸਕੇ। ਮੀਟਿੰਗ ’ਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਿੱਖ ਵਿਦਵਾਨ ਹਰਸਿਮਰਨ ਸਿੰਘ, ਅਮਰਜੀਤ ਸਿੰਘ ਤੇ ਹੋਰ ਸ਼ਾਮਲ ਸਨ। ਸਿੱਖ ਵਿਦਵਾਨਾਂ ਕੋਲੋਂ ਇਸ ਸੰਬੰਧੀ ਰਾਇ ਲੈਣ ਤੋਂ ਬਾਅਦ ਹੁਣ ਸਿੱਖ ਜਥੇਬੰਦੀਆਂ ਦੀ ਵੀ ਇੱਕ ਮੀਟਿੰਗ ਸੱਦੇ ਜਾਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਵੱਲੋਂ ਇਸ ਮਾਮਲੇ ਬਾਰੇ ਆਪਸੀ ਸਲਾਹ-ਮਸ਼ਵਰੇ ਨਾਲ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Related Articles

Latest Articles