ਪ੍ਰਧਾਨ ਮੰਤਰੀ ਨਰਿੰਦਰ ਮੋਦੀ ਝਾਰਖੰਡ ਅਸੰਬਲੀ ਚੋਣਾਂ ਲਈ ਆਪਣੀਆਂ ਰੈਲੀਆਂ ’ਚ ਘੁਸਪੈਠ ਦਾ ਜ਼ੋਰ-ਸ਼ੋਰ ਨਾਲ ਜ਼ਿਕਰ ਕਰ ਰਹੇ ਹਨ। ਕਹਿਣ ਨੂੰ ਉਹ ਸ਼ਬਦ ‘ਘੁਸਪੈਠੀਏ’ ਵਰਤ ਰਹੇ ਹਨ, ਪਰ ਸਭ ਲੋਕ ਜਾਣਦੇ ਹਨ ਕਿ ਨਿਸ਼ਾਨੇ ’ਤੇ ਉਨ੍ਹਾ ਦੇ ਆਮ ਮੁਸਲਮਾਨ ਹਨ। ਉਨ੍ਹਾ ਆਪਣੀ ਤਕਰੀਰ ’ਚ ਕਿਹਾ ਕਿ ਘੁਸਪੈਠੀਏ ਝਾਰਖੰਡ ਦੇ ਲੋਕਾਂ ਦੀ ਰੋਟੀ ਖੋਹ ਰਹੇ ਹਨ, ਬੇਟੀ ਖੋਹ ਰਹੇ ਹਨ ਤੇ ਮਾਟੀ ਵੀ ਹੜੱਪ ਰਹੇ ਹਨ। ਪ੍ਰਧਾਨ ਮੰਤਰੀ ਨੇ ਸਿਆਸੀ ਭਾਸ਼ਾ ਦਾ ਪੱਧਰ ਏਨਾ ਡੇਗ ਦਿੱਤਾ ਹੈ ਕਿ ਉਸ ਦੀ ਭਰਪਾਈ ਛੇਤੀ ਨਹੀਂ ਹੋਣੀ। ਉਹ ਆਪਣੀ ਕੁਰਸੀ ਤੇ ਸੱਤਾ ਦੇ ਲਾਲਚ ’ਚ ਬਿਲਕੁਲ ਅੰਨ੍ਹੇ ਹੋ ਗਏ ਹਨ। ਇਕ ਸਭਿਆ ਸਮਾਜ ਨੂੰ ਅਸਭਿਆ ਬਣਾਉਣ ’ਚ ਕਸਰ ਨਹੀਂ ਛੱਡ ਰਹੇ। ਦਰਅਸਲ ਦਸ ਸਾਲਾਂ ਦੇ ਮੋਦੀ ਰਾਜ ਦੌਰਾਨ ਕੇਂਦਰ ਸਰਕਾਰ ਦਾ ਜੋ ਰਵੱਈਆ ਰਿਹਾ ਹੈ, ਉਸ ਦਾ ਹਿਸਾਬ-ਕਿਤਾਬ ਲਾ ਕੇ ਲੋਕ ਇਹ ਸਮਝ ਚੁੱਕੇ ਹਨ ਕਿ ਇਹ ਇਕ ਨਾਕਾਮ ਸਰਕਾਰ ਹੈ, ਜਿਹੜੀ ਸਾਰੇ ਮੋਰਚਿਆਂ ’ਤੇ ਫੇਲ੍ਹ ਹੋ ਚੁੱਕੀ ਹੈ। ਉਸ ਕੋਲ ਦੇਣ ਲਈ ਜੁਮਲਿਆਂ ਤੋਂ ਬਿਨਾਂ ਕੁਝ ਨਹੀਂ। ਉਲਟਾ ਉਹ ਕਿਸੇ ਨਾ ਕਿਸੇ ਤਰੀਕੇ ਲੋਕਾਂ ਦਾ ਖੂਨ ਚੂਸਣ ’ਤੇ ਉਤਾਰੂ ਹੈ, ਜਿਸ ਦਾ ਵੱਡਾ ਹਿੱਸਾ ਉਹ ਆਪਣੇ ਚਹੇਤੇ ਕਾਰਪੋਰੇਟ ਘਰਾਣਿਆਂ ਨੂੰ ਦੇ ਰਹੀ ਹੈ। ਅਜਿਹੇ ਵਿਚ ਭਾਜਪਾ ਤੇ ਆਰ ਐੱਸ ਐੱਸ ਆਪਣੇ ਨੰਗੇ ਰੂਪ ਵਿੱਚ ਸਾਹਮਣੇ ਆ ਗਏ ਹਨ ਅਤੇ ਫਿਰਕਾਪ੍ਰਸਤੀ ਦੇ ਰੱਥ ’ਤੇ ਸਵਾਰ ਹੋ ਕੇ ਦੇਸ਼ ਤੇ ਸਮਾਜ ’ਚ ਨਾ ਸਿਰਫ ਹਿੰਸਾ ਭੜਕਾ ਰਹੇ ਹਨ, ਸਗੋਂ ਉਸ ’ਚ ਨਫਰਤ ਦਾ ਜ਼ਹਿਰ ਘੋਲ ਰਹੇ ਹਨ। ਪੂਰਾ ਸੰਘ ਗਰੋਹ ਇਸੇ ਇੱਕ ਸੂਤਰੀ ਮੁਹਿੰਮ ’ਚ ਜੁਟ ਗਿਆ ਹੈ। ਹੁਣ ਤੱਕ ਜਿਹੜੀ ਕੁਝ ਲੋਕ-ਲਾਜ ਤੇ ਮਰਿਆਦਾ ਸੀ, ਪ੍ਰਧਾਨ ਮੰਤਰੀ ਨੇ ਝਾਰਖੰਡ ਚੋਣਾਂ ਵਿਚ ਉਸ ਨੂੰ ਵੀ ਲਾਹ ਸੁੱਟਿਆ ਹੈ। ਝਾਰਖੰਡ ਦੀ ਇਹ ਪਹਿਲੀ ਚੋਣ ਹੈ, ਜਿਸ ’ਚ ਭਾਜਪਾ ਫਿਰਕਾਪ੍ਰਸਤੀ ਨੂੰ ਕੇਂਦਰੀ ਏਜੰਡਾ ਬਣਾ ਰਹੀ ਹੈ। ਸੂਬੇ ਨੂੰ ਬਣੇ 24 ਸਾਲ ਹੋ ਗਏ ਹਨ, ਅਜੇ ਤੱਕ ਭਾਜਪਾ ਇਸ ਦੀ ਹਿੰਮਤ ਨਹੀਂ ਕਰ ਸੀ ਸਕੀ। ਆਦਿਵਾਸੀਆਂ ਲਈ ਬਣੇ ਸੂਬੇ ਵਿਚ ਆਦਿਵਾਸੀਆਂ ਦਾ ਹੀ ਏਜੰਡਾ ਹੁੰਦਾ ਸੀ। ਜੇ ਭਾਜਪਾ ਇਸ ਮੁਹਿੰਮ ਵਿਚ ਕਾਮਯਾਬ ਹੋ ਗਈ ਤਾਂ ਲੋਕਾਂ ਦੇ ਬੁਨਿਆਦੀ ਮੁੱਦੇ ਹਮੇਸ਼ਾ-ਹਮੇਸ਼ਾ ਲਈ ਹਾਸ਼ੀਏ ’ਤੇ ਚਲੇ ਜਾਣਗੇ ਅਤੇ ਫਿਰ ਮੌਜੂਦਾ ਹੀ ਨਹੀਂ, ਸਗੋਂ ਭਵਿੱਖ ਵਿੱਚ ਵੀ ਭਾਜਪਾ ਲਈ ਹਿੰਦੂ-ਮੁਸਲਮਾਨ ਕਰਕੇ ਚੋਣਾਂ ਜਿੱਤਣਾ ਬੇਹੱਦ ਆਸਾਨ ਹੋ ਜਾਵੇਗਾ। ਤਸਵੀਰ ਕੁਝ ਅਜਿਹੀ ਬਣੇਗੀ ਕਿ ਇਕ ਪਾਸੇ ਲੋਕ ਆਪਸ ਵਿੱਚ ਲੜ ਰਹੇ ਹੋਣਗੇ ਤੇ ਦੂਜੇ ਪਾਸੇ ਕਾਰਪੋਰੇਟ ਘਰਾਣੇ ਉਨ੍ਹਾਂ ਦੇ ਕੁਦਰਤੀ ਵਸੀਲਿਆਂ ਨੂੰ ਟੱਕ ਲਾ ਰਹੇ ਹੋਣਗੇ, ਜਦਕਿ ਸਚਾਈ ਇਹ ਹੈ ਕਿ ਕਿਸੇ ਵੀ ਸੂਬੇ ਵਿਚ ਘੁਸਪੈਠ ਨਾ ਤਾਂ ਏਨੀ ਵੱਡੀ ਸਮੱਸਿਆ ਹੈ ਤੇ ਨਾ ਹੀ ਉਹ ਕਿਸੇ ਹਿੱਸੇ ਨੂੰ ਪ੍ਰੇਸ਼ਾਨ ਕਰ ਰਹੀ ਹੈ।
ਦਰਅਸਲ ਦੇਸ਼ ਭਰ ਵਿਚ ਜਾਤ ਆਧਾਰਤ ਜਨਗਣਨਾ ਦੀ ਮੰਗ ਜ਼ੋਰ ਫੜ ਰਹੀ ਹੈ, ਜਿਹੜੀ ਭਾਜਪਾ ਨੂੰ ਸੱਤਾ ਤੋਂ ਬੇਦਖਲ ਕਰ ਸਕਦੀ ਹੈ। ਇਸੇ ਕਰਕੇ ਉਹ ਮੁਸਲਮਾਨਾਂ ਦਾ ਡਰ ਦਿਖਾ ਕੇ ਹਿੰਦੂਆਂ ਦੀ ਧਰਮ ਦੇ ਆਧਾਰ ’ਤੇ ਕਤਾਰਬੰਦੀ ਕਰਨ ਲੱਗੀ ਹੋਈ ਹੈ। ਦੇਸ਼ ਵਾਸੀਆਂ ਨੂੰ ਸੋਚਣਾ ਪਵੇਗਾ ਕਿ ਦੇਸ਼ ਦੀ ਵੰਡ ਸਮੇਂ ਹਿੰਦੂ-ਮੁਸਲਿਮ ਦੇ ਨਾਅਰੇ ਨੇ ਕਿੰਨਾ ਨੁਕਸਾਨ ਕੀਤਾ ਸੀ ਤੇ ਜੇ ਉਹ ਭਾਜਪਾ ਦੇ ਝਾਂਸੇ ਵਿੱਚ ਆ ਗਏ ਤਾਂ ਕੀ ਹਾਲ ਹੋਵੇਗਾ।