ਮੈਨੂੰ ਧਮਕਾਇਆ ਜਾ ਰਿਹੈ : ਸਾਕਸ਼ੀ ਮਲਿਕ

0
124

ਨਵੀਂ ਦਿੱਲੀ : ਨਾਮਵਰ ਭਲਵਾਨ ਸਾਕਸ਼ੀ ਮਲਿਕ ਨੇ ਆਪਣੇ ‘ਐੱਕਸ’ ਹੈਂਡਲ ’ਤੇ ਇੱਕ ਵੀਡੀਓ ਸ਼ੇਅਰ ਕਰਕੇ ਦਾਅਵਾ ਕੀਤਾ ਹੈ ਕਿ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਖਲ ਦੇਣ ਅਤੇ ਭਾਰਤ ’ਚ ਕੁਸ਼ਤੀ ਦੇ ਭਵਿੱਖ ਦੀ ਰੱਖਿਆ ਕਰਨ ਦੀ ਅਪੀਲ ਕੀਤੀ ਹੈ।
ਮਲਿਕ ਭਾਰਤੀ ਕੁਸ਼ਤੀ ਫੈਡਰੇਸ਼ਨ ਬਾਰੇ ਆਪਣੀਆਂ ਚਿੰਤਾਵਾਂ ਜ਼ਾਹਰ ਕਰਦੇ ਹੋਏ ਕਿਹਾ ਕਿ ਅਦਾਲਤ ਦੇ ਆਦੇਸ਼ ਦੇ ਬਾਵਜੂਦ ਫੈਡਰੇਸ਼ਨ ਖੇਡਾਂ ਦੇ ਸੰਚਾਲਨ ਦੀ ਨਿਗਰਾਨੀ ਕਰਨਾ ਜਾਰੀ ਰੱਖ ਰਹੀ ਹੈ। ਸਾਕਸ਼ੀ ਮਲਿਕ ਨੇ ਖੁਲਾਸਾ ਕੀਤਾ ਕਿ ਉਸ ਨੂੰ ਭਿ੍ਰਸ਼ਟਾਚਾਰ ਦੇ ਗੰਭੀਰ ਦੋਸ਼ਾਂ ਦੀ ਧਮਕੀ ਦਿੱਤੀ ਗਈ ਹੈ, ਜਿਸ ਨਾਲ ਉਸ ਦੀ ਪ੍ਰੇਸ਼ਾਨੀ ਹੋਰ ਵਧ ਗਈ ਹੈ।
ਮਲਿਕ ਨੇ ਕਿਹਾ ਹੈਸਤਿਕਾਰਯੋਗ ਪ੍ਰਧਾਨ ਮੰਤਰੀ ਅਤੇ ਖੇਡ ਮੰਤਰੀ ਜੀ, ਮੈਂ ਤੁਹਾਨੂੰ ਨਮਸਕਾਰ ਕਰਦੀ ਹਾਂ। ਪਿਛਲੇ ਸਾਲ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ਤੋਂ ਬਾਅਦ ਹਰ ਕਿਸੇ ਨੇ ਬਿ੍ਰਜ ਭੂਸ਼ਣ ਸਿੰਘ ਦੇ ਦਬਦਬੇ ਅਤੇ ਧੱਕੇਸ਼ਾਹੀ ਨੂੰ ਦੇਖਿਆ, ਜਿਸ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਅਤੇ ਮੈਨੂੰ ਕੁਸ਼ਤੀ ਤੋਂ ਦੂਰ ਰਹਿਣ ਲਈ ਮਜਬੂਰ ਕੀਤਾ। ਇਸ ਤੋਂ ਬਾਅਦ ਸਰਕਾਰ ਨੇ ਫੈਡਰੇਸ਼ਨ ਨੂੰ ਮੁਅੱਤਲ ਕਰ ਦਿੱਤਾ। ਹਾਲਾਂਕਿ ਫੈਡਰੇਸ਼ਨ ਨੇ ਆਪਣੀਆਂ ਗਤੀਵਿਧੀਆਂ ਦੁਬਾਰਾ ਸ਼ੁਰੂ ਕਰ ਦਿੱਤੀਆਂ ਹਨ। ਸਰਕਾਰ ਵੱਲੋਂ ਪਾਬੰਦੀ ਲਗਾਉਣ ਤੋਂ ਬਾਅਦ ਫੈਡਰੇਸ਼ਨ ਆਪਣਾ ਕੰਮ ਕਿਵੇਂ ਜਾਰੀ ਰੱਖ ਸਕਦੀ ਹੈ। ਹਾਈ ਕੋਰਟ ਨੇ ਵੀ ਇਸ ’ਤੇ ਰੋਕ ਲਗਾਈ, ਪਰ ਫੈਡਰੇਸ਼ਨ ਨੇ ਕਿਸੇ ਆਦੇਸ਼ ਦੀ ਪਾਲਣਾ ਨਹੀਂ ਕੀਤੀ। ਜਦੋਂ ਅਦਾਲਤ ਨੇ ਉਸ ਨੂੰ ਦੁਬਾਰਾ ਫਟਕਾਰ ਲਗਾਈ ਤਾਂ ਫੈਡਰੇਸ਼ਨ ਨੇ ਨੌਜਵਾਨ ਐਥਲੀਟਾਂ ਨੂੰ ਅੱਗੇ ਕਰ ਦਿੱਤਾ, ਮੈਂ ਸਮਝਦੀ ਹਾਂ ਕਿ ਇਨ੍ਹਾਂ ਨੌਜਵਾਨ ਭਲਵਾਨਾਂ ਦਾ ਕੈਰੀਅਰ ਫੈਡਰੇਸਨ ’ਤੇ ਨਿਰਭਰ ਕਰਦਾ ਹੈ, ਕੀ ਤੁਹਾਨੂੰ ਲੱਗਦਾ ਹੈ ਕਿ ਬਿ੍ਰਜ ਭੂਸ਼ਣ ਦੇ ਦਬਦਬੇ ਹੇਠ ਇਨ੍ਹਾਂ ਕੁੜੀਆਂ ਦਾ ਭਵਿੱਖ ਸੁਰੱਖਿਅਤ ਹੈ। ਨਹੀਂ ਤਾਂ, ਇੱਕ ਸਥਾਈ ਹੱਲ ਲੱਭਣ ਦੀ ਲੋੜ ਹੈ। ਮਲਿਕ ਦੀ ਅਪੀਲ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਅੰਦਰ ਚੱਲ ਰਹੇ ਮੁੱਦਿਆਂ ਅਤੇ ਐਥਲੀਟਾਂ ਲਈ ਸੁਰੱਖਿਅਤ ਤੇ ਨਿਰਪੱਖ ਮਾਹੌਲ ਨੂੰ ਯਕੀਨੀ ਬਣਾਉਣ ਲਈ ਤੁਰੰਤ ਸਰਕਾਰੀ ਦਖਲ ਦੀ ਲੋੜ ਨੂੰ ਉਜਾਗਰ ਕਰਦੀ ਹੈ। ਜ਼ਿਕਰਯੋਗ ਹੈ ਕਿ 2023 ’ਚ ਸਾਕਸ਼ੀ ਮਲਿਕ, ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਬਿ੍ਰਜ ਭੂਸ਼ਣ, ਜਿਸ ’ਤੇ ਮਹਿਲਾ ਭਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਸਨ, ਦੇ ਖਿਲਾਫ ਪ੍ਰਦਰਸ਼ਨ ਦਾ ਮੁੱਖ ਹਿੱਸਾ ਸਨ।