ਜਲੰਧਰ (ਗਿਆਨ ਸੈਦਪੁਰੀ)
‘ਜਿੱਥੇ ਭਾਰਤੀ ਜਨਤਾ ਪਾਰਟੀ ਦਾ ਤਾਨਾਸ਼ਾਹ ਚਿਹਰਾ ਹੋਰ ਭਿਆਨਕ ਹੋ ਰਿਹਾ ਹੈ, ਉੱਥੇ ਇਸ ਨੂੰ ਅੰਦਰੋਂ ਹੀ ਮਾਰਾਂ ਵੀ ਪੈ ਰਹੀਆਂ ਹਨ।’ ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਤੇ ਏਟਕ ਦੇ ਜਨਰਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਕੀਤਾ। ਉਹ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਏਟਕ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾ ਕਿਹਾ ਕਿ ਮਨੂੰ ਸਿਮਰਤੀ ਦੀ ਵਿਚਾਰਧਾਰਾ ਲਾਗੂ ਕਰਨ ਦੇ ਵਿਚਰਨ ਵਰਤਾਰੇ ਦੌਰਾਨ ਯੂਨੀਵਰਸਿਟੀਆਂ ਦੇ ਸਿਲੇਬਸ ਵਿੱਚੋਂ ਪੰਜਾਬ ਦਾ ਇਤਿਹਾਸ ਮਿਟਾਇਆ ਜਾ ਰਿਹਾ ਹੈ। ਆਰਮੀ ਸਕੂਲਾਂ ਵਿੱਚ ਸੰਸਕ੍ਰਿਤ ਥੋਪੀ ਜਾ ਰਹੀ ਹੈ।
ਕਾਮਰੇਡ ਧਾਲੀਵਾਲ ਨੇ ਕਿਹਾ ਕਿ ਕਮਿਊਨਿਸਟ ਪਾਰਟੀ ਕੌਮੀ ਪੱਧਰ ਦੀ ਸਿਆਸੀ ਧਿਰ ਹੈ। ਅਸੀਂ ਕਿਉਂਕਿ ਪੰਜਾਬ ‘ਚ ਵਸਦੇ ਹਾਂ, ਇਸ ਕਰਕੇ ਪੰਜਾਬ ਦੇ ਹੱਕਾਂ ‘ਤੇ ਪਹਿਰਾ ਦੇਣਾ ਵੀ ਸਾਡੇ ਸਰੋਕਾਰਾਂ ਵਿੱਚ ਸ਼ਾਮਲ ਹੈ। ਕਾਮਰੇਡ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਪਾਣੀ ਦਾ ਪੱਧਰ ਹੀ ਨੀਵਾਂ ਨਹੀਂ ਹੋਇਆ, ਸਗੋਂ ਇਹ ਪ੍ਰਦੂਸ਼ਿਤ ਵੀ ਹੋਇਆ ਹੈ। ਪਾਣੀ ਦੀ ਬਰਬਾਦੀ ਲਈ ਸਿਰਫ਼ ਝੋਨੇ ਵਰਗੀਆਂ ਫ਼ਸਲਾਂ ਹੀ ਨਹੀਂ, ਸਨਅਤਾਂ ਵੀ ਜ਼ਿੰਮੇਵਾਰ ਹਨ। ਕਮਿਊਨਿਸਟ ਆਗੂ ਨੇ ਚੰਡੀਗੜ੍ਹ, ਯੂਨੀਵਰਸਿਟੀ, ਸਿਹਤ ਸਿੱਖਿਆ, ਮਹਿੰਗਾਈ ਤੇ ਬੇਰੁਜ਼ਗਾਰੀ ਆਦਿ ਮੁੱਦਿਆਂ ਦਾ ਵਿਸਥਾਰ ਨਾਲ ਵਰਣਨ ਕੀਤਾ। ਕਾਮਰੇਡ ਧਾਲੀਵਾਲ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਭਾਜਪਾ ਨੇ ਰਾਮ ਮੰਦਰ ਦੇ ਨਾਂਅ ‘ਤੇ ਵੋਟਾਂ ਲਈਆਂ ਸਨ। ਉੱਥੋਂ ਦੇ ਧਾਰਮਿਕ ਪ੍ਰਬੰਧ ਲਈ ਲਏ ਅੱਠ ਬੰਦੇ ਕਿਸ ਕਾਮਾਸ਼ ਦੇ ਨਿਕਲੇ, ਇਹ ਸਭ ਦੇ ਸਾਹਮਣੇ ਹੈ। ਇਹੋ ਜਿਹੇ ਵਰਤਾਰਿਆਂ ਕਾਰਨ ਰਾਮ ਮੰਦਰ ਦਾ ਚੜ੍ਹਾਵਾ ਵੀ ਘਟ ਗਿਆ ਹੈ। ਮੱਧ ਪ੍ਰਦੇਸ਼ ਵਿੱਚ ਆਰ ਐੱਸ ਐੱਸ ਦੀਆਂ 50 ਸ਼ਾਖਾਵਾਂ ਬੰਦ ਹੋ ਗਈਆਂ ਹਨ। ਉਨ੍ਹਾ ਕਿਹਾ ਕਿ ਬਿਹਾਰ ਵਿੱਚ ਜਿਸ ਸੀਟ ਤੋਂ ਭਾਜਪਾ 30 ਸਾਲ ਤੋਂ ਜਿੱਤਦੀ ਆ ਰਹੀ ਸੀ, ਉਹ ਸੀਟ ਜ਼ਿਮਨੀ ਚੋਣ ਵਿੱਚ ਪ੍ਰਸ਼ਾਂਤ ਕਿਸ਼ੋਰ ਨੇ ਖੋਹ ਲਈ ਹੈ।
ਇਸ ਤੋਂ ਪਹਿਲਾਂ ਮੀਟਿੰਗ ਦੀ ਸ਼ੁਰੂਆਤ ਵਿੱਚ ‘ਨਵਾਂ ਜ਼ਮਾਨਾ’ ਦੇ ਸੰਪਾਦਕ ਕਾਮਰੇਡ ਚੰਦ ਫਤਿਹਪੁਰੀ ਅਤੇ ਕਾਮਰੇਡ ਜੰਗ ਸਿੰਘ ਸਿਰਥਲਾ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਸੀ ਪੀ ਆਈ ਦੇ ਕੌਮੀ ਸਕੱਤਰ ਤੇ ਏਟਕ ਪੰਜਾਬ ਦੇ ਪ੍ਰਧਾਨ ਕਾਮਰੇਡ ਬੰਤ ਸਿੰਘ ਬਰਾੜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੇਕਰ ਪੰਜਾਬ ਵਿੱਚ ਅਕਾਲੀ ਦਲ ਬਾਦਲ ਦਾ ਭਾਜਪਾ ਨਾਲ ਗੱਠਜੋੜ ਹੁੰਦਾ ਹੈ ਤਾਂ ਇਹ ਖ਼ਤਰਨਾਕ ਸਾਬਤ ਹੋਵੇਗਾ। ਜਦੋਂ ਤੋਂ ਭਾਜਪਾ ਨੇ ਅਕਾਲੀ ਦਲ ਨਾਲ ਗੱਠਜੋੜ ਦਾ ਸੰਕੇਤ ਦਿੱਤਾ ਹੈ, ਉਦੋਂ ਤੋਂ ਸਿਆਸੀ ਲਾਹੇ ਖਾਤਰ ਅਕਾਲੀ ਦਲ ਖਾਮੋਸ਼ ਹੋ ਗਿਆ ਹੈ। ਡੀ-ਲਿਮੀਟੇਸ਼ਨ ਦੇ ਮੁੱਦਿਆਂ ‘ਤੇ ਅਕਾਲੀ ਦਲ ਭਾਜਪਾ ਦੀ ਬੋਲੀ ਬੋਲ ਰਿਹਾ ਹੈ।
ਕਮਿਊਨਿਸਟ ਆਗੂ ਨੇ ਪਹਿਲੀ ਸਤੰਬਰ ਨੂੰ ਦਿੱਲੀ ਦੇ ਰਾਮ ਲੀਲ੍ਹਾ ਮੈਦਾਨ ਵਿੱਚ ਹੋਈ ਇਤਿਹਾਸਕ ਰੈਲੀ ਦੇ ਹਵਾਲੇ ਨਾਲ ਪੰਜਾਬ ਦੇ ਕਮਿਊਨਿਸਟਾਂ ਨੂੰ ਹੋਰ ਸ਼ਿੱਦਤ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।
ਏਟਕ ਪੰਜਾਬ ਦੇ ਐਕਟਿੰਗ ਜਨਰਲ ਸਕੱਤਰ ਕਾਮਰੇਡ ਅਮਰਜੀਤ ਸਿੰਘ ਆਸਲ ਨੇ ਏਟਕ ਦੀ ਕੌਮੀ ਅਤੇ ਸੂਬਾਈ ਕਾਨਫ਼ਰੰਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾ ਦੱਸਿਆ ਕਿ ਕੌਮੀ ਕਾਨਫ਼ਰੰਸ ਬੰਗਲੌਰ ਵਿਖੇ 22 ਨਵੰਬਰ ਤੋਂ 26 ਨਵੰਬਰ ਤੱਕ ਹੋਵੇਗੀ। ਇਸ ਤੋਂ ਪਹਿਲਾਂ ਸੂਬਾ ਏਟਕ ਦੀ ਕਾਨਫ਼ਰੰਸ 28 ਅਤੇ 29 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਕੀਤੀ ਜਾਵੇਗੀ। ਕਾਮਰੇਡ ਆਸਲ ਨੇ ਨੈਸ਼ਨਲ ਤੇ ਸੂਬਾਈ ਕਾਨਫ਼ਰੰਸ ਵਿੱਚ ਡੈਲੀਗੇਟਾਂ ਦੀ ਸ਼ਮੂਲੀਅਤ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਮੀਟਿੰਗ ਨੂੰ ਵਰਕਿੰਗ ਪ੍ਰਧਾਨ ਸੁਖਦੇਵ ਸ਼ਰਮਾ, ਟ੍ਰਾਂਸਪੋਰਟ ਆਗੂ ਜਗਦੀਸ਼ ਸਿੰਘ ਚਾਹਲ, ਮਜ਼ਦੂਰ ਆਗੂ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ, ਮਨਜੀਤ ਸਿੰਘ ਬਾਸਰਕੇ, ਹਰਵਿੰਦਰ ਸਿੰਘ, ਨਰਿੰਦਰ ਬੱਲ, ਗੁਰਪ੍ਰੀਤ ਸਿੰਘ ਗੰਡੀਵਿੰਡ, ਸੁਰਿੰਦਰਪਾਲ ਸਿੰਘ ਲਹੌਰੀਆ ਤੇ ਦਸਵਿੰਦਰ ਕੌਰ ਆਦਿ ਨੇ ਵੀ ਸੰਬੋਧਨ ਕੀਤਾ।




