ਚੰਡੀਗੜ੍ਹ (ਗੁਰਜੀਤ ਬਿੱਲਾ)
ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼ੁੱਕਰਵਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਐੱਸ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ‘ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਐੱਸ ਜੀ ਪੀ ਸੀ ਦੀ ਸਰਾਂ ਨਾਲ ਜੁੜੇ ਵਿਵਾਦ ਅਤੇ ਅਮਰਜੀਤ ਸਿੰਘ ਚਾਵਲਾ ਤੇ ਮਲਕੀਤ ਸਿੰਘ ਵਿਰੁੱਧ ਦਰਜ ਹੋਈ ਐੱਫ ਆਈ ਆਰ ਨੂੰ ਲੈ ਕੇ ਤਿੱਖਾ ਹਮਲਾ ਬੋਲਿਆ। ਪੰਨੂ ਨੇ ਕਿਹਾ ਕਿ ਚਾਵਲਾ ਅਤੇ ਮਲਕੀਤ ਸਿੰਘ ਨੂੰ ਪੰਥ ਵਿੱਚੋਂ ਖਾਰਜ ਕੀਤੇ ਜਾਣ ਤੋਂ ਬਾਅਦ ਵੀ, ਐੱਸ ਜੀ ਪੀ ਸੀ ਨੇ ਆਪਣੀਆਂ ਸੰਸਥਾਵਾਂ ਅਤੇ ਗੁਰਦੁਆਰਿਆਂ ਦੇ ਬਾਹਰ ਇੱਕ ਵੀ ਬੋਰਡ ਨਹੀਂ ਲਗਾਇਆ, ਜਿਸ ਵਿੱਚ ਸਿੱਖ ਸੰਗਤ ਨੂੰ ਇਹ ਜਾਣਕਾਰੀ ਦਿੱਤੀ ਗਈ ਹੋਵੇ ਕਿ ਉਨ੍ਹਾਂ ਨਾਲ ਕੋਈ ਸੰਬੰਧ ਨਾ ਰੱਖਿਆ ਜਾਵੇ।ਪ੍ਰੈੱਸ ਕਾਨਫਰੰਸ ਦੌਰਾਨ ਪੰਨੂ ਨੇ ਕਿਹਾ ਕਿ ਧਾਮੀ ਪ੍ਰੈੱਸ ਕਾਨਫਰੰਸ ਤੋਂ ਬਚ ਰਹੇ ਹਨ ਅਤੇ ਇਸ ਦੀ ਬਜਾਏ ਚਾਰ ਮੈਂਬਰੀ ਕਮੇਟੀ ਦਾ ਐਲਾਨ ਕਰਨ ਲਈ ਵੀਡੀਓ ਰਾਹੀਂ ਸਾਹਮਣੇ ਆਏ ਹਨ। ਉਨ੍ਹਾ ਕਮੇਟੀ ਨੂੰ ਜਵਾਬ ਦੇਣ ਲਈ 15 ਦਿਨਾਂ ਦਾ ਸਮਾਂ ਦਿੱਤਾ ਹੈ। 15 ਦਿਨ ਦੇਣ ਦਾ ਕੀ ਮਕਸਦ ਹੈ? ਕੀ ਧਾਮੀ ਨੂੰ ਉਮੀਦ ਹੈ ਕਿ 15 ਦਿਨਾਂ ਬਾਅਦ ਲੋਕ ਇਸ ਮਾਮਲੇ ਨੂੰ ਭੁੱਲ ਜਾਣਗੇ? ਸਿੱਖ ਬੁੱਧੀਜੀਵੀ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਹੁਣ ਸਵਾਲ ਪੁੱਛ ਰਹੀਆਂ ਹਨ ਅਤੇ ਐੱਸ ਜੀ ਪੀ ਸੀ ਨੂੰ ਉਨ੍ਹਾਂ ਦੇ ਜਵਾਬ ਦੇਣੇ ਪੈਣਗੇ।
ਕਮੇਟੀ ਦੇ ਗਠਨ ‘ਤੇ ਸਵਾਲ ਚੁੱਕਦਿਆਂ ਪੰਨੂ ਨੇ ਪੁੱਛਿਆ ਕਿ ਜੂਨੀਅਰ ਮੈਂਬਰ ਉਨ੍ਹਾਂ ਸੀਨੀਅਰ ਆਗੂਆਂ ਤੋਂ ਪੁੱਛਗਿੱਛ ਕਿਵੇਂ ਕਰ ਸਕਦੇ ਹਨ, ਜਿਨ੍ਹਾਂ ਦੇ ਨਾਂਅ ਇਸ ਵਿਵਾਦ ਵਿੱਚ ਸਾਹਮਣੇ ਆਏ ਹਨ। ਔਰਤ ਨੇ ਖ਼ੁਦ ਆਪਣੀ ਵੀਡੀਓ ਵਿੱਚ ਕਿਹਾ ਹੈ ਕਿ ਉਹ ਆਪਣੀ ਸ਼ਿਕਾਇਤ ਲੈ ਕੇ ਲੋਕਾਂ ਕੋਲ ਗਈ ਸੀ। ਇਸ ਮਾਮਲੇ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਹਰਜਿੰਦਰ ਸਿੰਘ ਧਾਮੀ ਦੇ ਨਾਂਅ ਲਏ ਗਏ ਹਨ। ਉਨ੍ਹਾ ਪੁੱਛਿਆ ਕੀ ਇਹ ਜੂਨੀਅਰ ਮੈਂਬਰ ਉਨ੍ਹਾਂ ਤੋਂ ਪੁੱਛਗਿੱਛ ਕਰਨਗੇ? ਇਹਨਾਂ ਚਾਰ ਮੈਂਬਰਾਂ ਵਿੱਚੋਂ ਕਿਸੇ ਕੋਲ ਅਜਿਹੇ ਗੰਭੀਰ ਮਾਮਲੇ ਦੀ ਜਾਂਚ ਕਰਨ ਲਈ ਲੋੜੀਂਦੀ ਕਾਨੂੰਨੀ ਮੁਹਾਰਤ ਹੈ?
ਉਨ੍ਹਾ ਕਿਹਾ ਕਿ ਜੇਕਰ ਐੱਸ ਜੀ ਪੀ ਸੀ ਸੱਚਮੁੱਚ ਨਿਰਪੱਖ ਜਾਂਚ ਚਾਹੁੰਦੀ ਹੁੰਦੀ, ਤਾਂ ਉਹ ਕਿਸੇ ਸੇਵਾਮੁਕਤ ਸਿੱਖ ਜੱਜ ਜਾਂ ਕਿਸੇ ਸੇਵਾ-ਮੁਕਤ ਪੁਲਿਸ ਅਧਿਕਾਰੀ ਨੂੰ ਸ਼ਾਮਲ ਕਰ ਸਕਦੀ ਸੀ, ਜੋ ਅੰਮ੍ਰਿਤਧਾਰੀ ਗੁਰਸਿੱਖ ਹੋਵੇ ਅਤੇ ਜਾਂਚ ਤੇ ਕਾਨੂੰਨ ਦਾ ਤਜਰਬਾ ਰੱਖਦਾ ਹੋਵੇ। ਪੰਨੂ ਨੇ ਸਵਾਲ ਕੀਤਾ ਕਿ ਔਰਤ ਨੂੰ ਏਨੇ ਲੰਮੇ ਸਮੇਂ ਲਈ ਐੱਸ ਜੀ ਪੀ ਸੀ ਦੀ ਸਰਾਂ ਵਿੱਚ ਰਹਿਣ ਦੀ ਇਜਾਜ਼ਤ ਕਿਉਂ ਦਿੱਤੀ ਗਈ ਅਤੇ ਮੰਗ ਕੀਤੀ ਕਿ ਉੱਥੇ ਅਸਲ ਵਿੱਚ ਕੀ ਵਾਪਰਿਆ ਸੀ, ਇਸ ਦਾ ਜਵਾਬ ਦਿੱਤਾ ਜਾਵੇ। ਉਨ੍ਹਾ ਇਹ ਵੀ ਪੁੱਛਿਆ ਕਿ ਸਰਬਜੀਤ ਸਿੰਘ ਝਿੰਜਰ ਅਤੇ ਵਿਰਸਾ ਸਿੰਘ ਵਲਟੋਹਾ ਦੀ ਔਰਤ ਨੂੰ ਉੱਥੇ ਲਿਆਉਣ ਵਿੱਚ ਕੀ ਭੂਮਿਕਾ ਸੀ ਅਤੇ ਕੀ ਕਮੇਟੀ ਉਨ੍ਹਾਂ ਤੋਂ ਉਨ੍ਹਾਂ ਪਰਿਸਥਿਤੀਆਂ ਬਾਰੇ ਪੁੱਛਗਿੱਛ ਕਰੇਗੀ, ਜਿਨ੍ਹਾਂ ਵਿੱਚ ਉਸ ਨੂੰ ਸਰਾਂ ਵਿੱਚ ਲਿਆਂਦਾ ਗਿਆ ਸੀ।
ਪੰਨੂ ਨੇ ਕਿਹਾ—ਸੀਨੀਅਰ ਅਕਾਲੀ ਆਗੂਆਂ ਦੀ ਚੁੱਪ ਵੀ ਬਹੁਤ ਕੁਝ ਬਿਆਨ ਕਰਦੀ ਹੈ। ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਿਉਂ ਕੀਤਾ ਅਤੇ ਬਿਕਰਮ ਸਿੰਘ ਮਜੀਠੀਆ, ਜੋ ਸਿਆਸੀ ਮੁੱਦਿਆਂ ‘ਤੇ ਕਈ ਪ੍ਰੈੱਸ ਕਾਨਫਰੰਸਾਂ ਕਰਦੇ ਹਨ, ਉਹ ਵੀ ਇਸ ਮੁੱਦੇ ‘ਤੇ ਚੁੱਪ ਕਿਉਂ ਹਨ।ਬਲਤੇਜ ਪੰਨੂ ਨੇ ਕਿਹਾ ਕਿ ਕਾਂਗਰਸ ਤੇ ਭਾਜਪਾ ਨੇ ਵੀ ਪੂਰੀ ਤਰ੍ਹਾਂ ਚੁੱਪ ਧਾਰੀ ਹੋਈ ਹੈ।




