ਚੰਡੀਗੜ/ਨਵੀਂ ਦਿੱਲੀ
(ਗੁਰਜੀਤ ਬਿੱਲਾ/ਨਵਾਂ ਜ਼ਮਾਨਾ ਸਰਵਿਸ)
ਵੋਟ ਚੋਰੀ ਖਿਲਾਫ ਕਾਨੂੰਨੀ ਦੇ ਨਾਲ-ਨਾਲ ਦੇਸ਼-ਭਰ ਵਿੱਚ ਜ਼ਮੀਨੀ ਲੜਾਈ ਤੇਜ਼ ਹੋ ਗਈ ਹੈ।
ਪੰਜਾਬ ਕਾਂਗਰਸ ਨੇ ਸੂਬਾ ਇਕਾਈ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਸ਼ੁੱਕਰਵਾਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਬਰਖਾਸਤ ਕਰਨ ਅਤੇ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਵਿੱਚ ਚੋਣ ਕਮਿਸ਼ਨ ਦਫਤਰ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਸ ਨੇ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕੀਤੀ। ਪੰਜਾਬ ਕਾਂਗਰਸ ਦੇ ਕਈ ਨੇਤਾਵਾਂ, ਪਾਰਟੀ ਵਿਧਾਇਕਾਂ ਅਤੇ ਵਰਕਰਾਂ ਨੇ ਸੈਕਟਰ 17 ਵਿੱਚ ਪ੍ਰਦਰਸ਼ਨ ਕੀਤਾ। ਜਿਵੇਂ ਹੀ ਉਨ੍ਹਾਂ ਨੇ ਸੂਬਾ ਚੋਣ ਕਮਿਸ਼ਨ ਦਫਤਰ ਵੱਲ ਮਾਰਚ ਕਰਨ ਲਈ ਪੁਲਸ ਬੈਰੀਕੇਡਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੂੰ ਪੁਲਸ ਨੇ ਰੋਕ ਲਿਆ। ਹਿਰਾਸਤ ਵਿੱਚ ਲਏ ਜਾਣ ਤੋਂ ਪਹਿਲਾਂ, ਪ੍ਰਦਰਸ਼ਨ ਕਰ ਰਹੇ ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਚੋਣ ਪ੍ਰਕਿਰਿਆ ਵਿੱਚ ਧਾਂਦਲੀ ਕੀਤੀ ਗਈ ਹੈ ਅਤੇ ਨਾਗਰਿਕਾਂ ਤੋਂ ਵੋਟ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ। ਵੜਿੰਗ ਨੇ ਕਿਹਾ ਕਿ ਭਾਜਪਾ ਵੋਟ ਚੋਰੀ ਕਰਕੇ ਸਰਕਾਰਾਂ ਬਣਾ ਰਹੀ ਹੈ।
ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਰਾਹੁਲ ਗਾਂਧੀ ਪਿਛਲੇ ਤਿੰਨ ਸਾਲਾਂ ਤੋਂ ਇਹ ਗੱਲ ਕਹਿ ਰਹੇ ਹਨ ਕਿ ਚੋਣ ਕਮਿਸ਼ਨ ਭਾਜਪਾ ਦੀ ਕਠਪੁਤਲੀ ਬਣ ਕੇ ਕੰਮ ਕਰ ਰਿਹਾ ਹੈ ਅਤੇ ਦੋਵੇਂ ਰਲ਼ ਕੇ ਚੋਣਾਂ ਵਿੱਚ ਘਪਲੇਬਾਜ਼ੀ ਕਰ ਰਹੇ ਹਨ।ਅੱਜ ਭਾਜਪਾ ਅਤੇ ਚੋਣ ਕਮਿਸ਼ਨ ਦੋਵੇਂ ਹੀ ਦੇਸ਼ ਦੇ ਲੋਕਾਂ ਸਾਹਮਣੇ ਨੰਗੇ ਹੋ ਚੁੱਕੇ ਹਨ।ਮੁਜ਼ਾਹਰੇ ਵਿੱਚ ਕਾਂਗਰਸ ਦੇ ਕੌਮੀ ਸਕੱਤਰ ਸੂਰਜ ਠਾਕੁਰ, ਸੰਸਦ ਮੈਂਬਰ ਧਰਮਵੀਰ ਗਾਂਧੀ, ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ, ਕਾਰਜਕਾਰੀ ਪ੍ਰਧਾਨ ਰਾਜ ਕੁਮਾਰ ਵੇਰਕਾ, ਕਾਂਗਰਸ ਦੇ ਕੌਮੀਸਹਿ-ਖ਼ਜ਼ਾਨਚੀ ਵਿਜੈ ਇੰਦਰ ਸਿੰਗਲਾ, ਪੰਜਾਬ ਦੇ ਖਜ਼ਾਨਚੀ ਅਮਿਤ ਵਿਜ, ਜਨਰਲ ਸਕੱਤਰ ਸੰਦੀਪ ਸਿੰਘ ਸੰਧੂ, ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ, ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਪਰਗਟ ਸਿੰਘ, ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਫਰੰਟਲ ਸੰਗਠਨ ਦੇ ਪ੍ਰਧਾਨ ਬਲਜੀਤ ਕੌਰ, ਗੁਰਪ੍ਰੀਤ ਸਿੰਘ ਲੱਕੀ ਪੱਖੋ, ਜਗਸੀਰ ਸਿੰਘ, ਜਸਪ੍ਰੀਤ ਸਿੰਘ, ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ, ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਪ੍ਰੀਤ ਲਾਲੀ, ਮੋਹਿਤ ਮਹਿੰਦਰਾ ਅਤੇ ਹੋਰ ਸ਼ਾਮਲ ਸਨ।ਨਵੀਂ ਦਿੱਲੀ ਦੇ ਜੰਤਰ-ਮੰਤਰ ‘ਤੇ ਭਾਰੀ ਬੈਰੀਕੇਡਿੰਗ ਕੀਤੀ ਗਈ, ਕਿਉਂਕਿ ਕਾਰਕੁੰਨਾਂ, ਵਿਦਿਆਰਥੀਆਂ ਅਤੇ ਨੇਤਾਵਾਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਵਿਰੋਧ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ।
ਚੋਣ ਕਮਿਸ਼ਨ ਦਫਤਰ ਵੱਲ ਜਾਣ ਵਾਲੀ ਸੜਕ ‘ਤੇ ਪ੍ਰਦਰਸ਼ਨ ਕਰ ਰਹੇ ਵਰਕਰਾਂ ਨੂੰ ਪੁਲਸ ਨੇ ਹਟਾ ਦਿੱਤਾ, ਜਦੋਂ ਕਿ ਖੱਬੇ ਪੱਖੀ ਨੇਤਾਵਾਂ ਅਤੇ ਹੋਰ ਪ੍ਰਦਰਸ਼ਨਕਾਰੀਆਂ ਨੂੰ ਬੈਰੀਕੇਡਾਂ ਦੇ ਪਿੱਛੇ ਰੋਕ ਦਿੱਤਾ। ਸੀ ਪੀ ਆਈ (ਐੱਮ ਐੱਲ) ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ, ਕਾਰਕੁੰਨ ਯੋਗੇਂਦਰ ਯਾਦਵ, ਏ ਆਈ ਐੱਸ ਏ ਦੀ ਕੌਮੀ ਪ੍ਰਧਾਨ ਨੇਹਾ ਅਤੇ ਹੋਰ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਸ਼ਿਮਲਾ ਵਿੱਚ ਕਾਂਗਰਸੀਆਂ ਨੇ ਚੋਣ ਕਮਿਸ਼ਨ ਦਫਤਰ ਦੇ ਬੋਰਡ ‘ਤੇ ਕਾਲਖ ਪੋਚ ਦਿੱਤੀ। ਲਖਨਊ ਵਿੱਚ ਕਾਂਗਰਸੀ ਕਾਰਕੁੰਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਕੋਲਕਾਤਾ ਵਿੱਚ ਮਾਰਚ ਕੀਤਾ ਗਿਆ। ਅਖਿਲ ਗੋਗੋਈ ਨੂੰ ਗੁਹਾਟੀ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ। ਉੱਤਰਾਖੰਡ ਦੇ ਦੇਹਰਾਦੂਨ ਵਿੱਚ ਕਾਂਗਰਸੀ ਵਰਕਰ ਬੈਰੀਕੇਡਾਂ ‘ਤੇ ਚੜ੍ਹ ਗਏ।
ਪਟਨਾ ਵਿੱਚ, ਕਾਂਗਰਸੀ ਵਰਕਰਾਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ। ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰੋਕਣ ਲਈ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ। ਕਾਂਗਰਸੀ ਵਰਕਰਾਂ ਅਤੇ ਪੁਲਸ ਵਿਚਕਾਰ ਝੜਪ ਹੋ ਗਈ। ਰਾਏਪੁਰ ਵਿੱਚ, ਮੀਂਹ ਦੇ ਵਿਚਕਾਰ, ਕਾਂਗਰਸੀ ਵਰਕਰ ਚੋਣ ਕਮਿਸ਼ਨ ਦਾ ਵਿਰੋਧ ਕਰਨ ਲਈ ਸੜਕਾਂ ‘ਤੇ ਉਤਰ ਆਏ। ਉਨ੍ਹਾਂ ਨੇ ਰਾਜੀਵ ਗਾਂਧੀ ਚੌਕ ਤੋਂ ਸ਼ਾਸਤਰੀ ਚੌਕ ਵਿਖੇ ਮੁੱਖ ਚੋਣ ਕਮਿਸ਼ਨਰ ਦੇ ਦਫਤਰ ਤੱਕ ਮਾਰਚ ਕੀਤਾ।



