ਚੋਣ ਕਮਿਸ਼ਨ ਦੇ ਦੋ ਚਰਚਿਤ ਚਿਹਰੇ

0
6

ਨਵੀਂ ਦਿੱਲੀ : ਭਾਰਤੀ ਚੋਣ ਕਮਿਸ਼ਨ ਦੇ ਅੰਦਰ ਅੰਦਰੂਨੀ ਟਕਰਾਅ ਦੀਆਂ ਰਿਪੋਰਟਾਂ ਦੇ ਵਿਚਕਾਰ ਦੋ ਮੁੱਖ ਅਧਿਕਾਰੀਆਂ ਡਾਇਰੈਕਟਰ ਜਨਰਲ (ਆਈ ਟੀ) ਸੀਮਾ ਖੰਨਾ ਤੇ ਸੀਨੀਅਰ ਡਿਪਟੀ ਚੋਣ ਕਮਿਸ਼ਨਰ ਮਨੀਸ਼ ਗਰਗ ਦੀਆਂ ਭੂਮਿਕਾਵਾਂ ਚਰਚਾ ਵਿੱਚ ਹਨ। ਦੋ ਚੋਣ ਕਮਿਸ਼ਨਰਾਂ ਐੱਸ ਐੱਸ ਸੰਧੂ ਅਤੇ ਵਿਵੇਕ ਜੋਸ਼ੀ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਆਪਣੀ ਚਿੱਠੀ-ਪੱਤਰੀ ਵਿੱਚ ਦੋਹਾਂ ਦੀ ਭੂਮਿਕਾ ਨੂੰ ਵਿਸ਼ੇਸ਼ ਤੌਰ ‘ਤੇ ਉਜਾਗਰ ਕੀਤਾ ਸੀ। ਖੰਨਾ ‘ਤੇ ਦੋਸ਼ ਹੈ ਕਿ ਉਸ ਨੇ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ, ਜ਼ਿਲ੍ਹਾ ਚੋਣ ਅਧਿਕਾਰੀਆਂ ਅਤੇ ਮੁੱਖ ਚੋਣ ਅਧਿਕਾਰੀਆਂ ਨੂੰ ਵੋਟਰਾਂ ਨੂੰ ਰਜਿਸਟਰ ਕਰਨ ਲਈ ਚੋਣ ਸੰਸਥਾ ਦੇ ਐਪ ਤੱਕ ਪਹੁੰਚ ਕਰਨ ਤੋਂ ਰੋਕਿਆ। 2025 ਵਿੱਚ ਡੈਪੂਟੇਸ਼ਨ ‘ਤੇ ਚੋਣ ਕਮਿਸ਼ਨ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਖੰਨਾ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਅਧੀਨ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ ਨਾਲ ਜੁੜੀ ਹੋਈ ਸੀ। ਗਰਗ ਚੋਣ ਸੰਸਥਾ ਵਿੱਚ ਪ੍ਰਸ਼ਾਸਨ ਦਾ ਵਾਧੂ ਚਾਰਜ ਮਿਲਣ ਤੋਂ ਤੁਰੰਤ ਬਾਅਦ ਦੋ ਚੋਣ ਕਮਿਸ਼ਨਰਾਂ ਨਾਲ ਸਲਾਹ ਕੀਤੇ ਬਿਨਾਂ ਕੰਮ ਦੀ ਵੰਡ ਵਿੱਚ ਤਬਦੀਲੀ ਕਰਨ ਅਤੇ ਇੱਕ ਹੋਰ ਸਾਥੀ ਅਧਿਕਾਰੀ ਨੂੰ ਡੀ ਜੀ (ਆਈ ਟੀ) ਦੀ ਨਿਗਰਾਨੀ ਤੋਂ ਹਟਾਉਣ ਲਈ ਵਿਵਾਦਾਂ ਵਿੱਚ ਹੈ। ਹਿਮਾਚਲ ਪ੍ਰਦੇਸ਼ ਕੇਡਰ ਦੇ 1996 ਬੈਚ ਦੇ ਆਈ ਏ ਐੱਸ ਅਧਿਕਾਰੀ ਸਤੰਬਰ 2024 ਤੋਂ ਭਾਰਤੀ ਚੋਣ ਕਮਿਸ਼ਨ ਵਿੱਚ ਹੈ।
ਧਾਂਦਲੀ ਹੋ ਰਹੀ ਤਾਂ ਚੋਣਾਂ ਨਾ ਲੜੋ : ਦੀਪਕੇ
ਨਵੀਂ ਦਿੱਲੀ : ਕਾਕਰੋਚ ਜਨਤਾ ਪਾਰਟੀ ਦੇ ਬਾਨੀ ਅਭਿਜੀਤ ਦੀਪਕੇ ਨੇ ਸ਼ੁੱਕਰਵਾਰ ਵਿਰੋਧੀ ਧਿਰਾਂ ਨੂੰ ਅਪੀਲ ਕੀਤੀ ਕਿ ਜੇ ਉਨ੍ਹਾਂ ਨੂੰ ਲੱਗਦਾ ਹੈ ਕਿ ਚੋਣ ਪ੍ਰਕਿਰਿਆ ਵਿੱਚ ਧਾਂਦਲੀ ਹੋ ਰਹੀ ਹੈ, ਤਾਂ ਉਹ ਚੋਣਾਂ ਵਿੱਚ ਹਿੱਸਾ ਲੈਣਾ ਬੰਦ ਕਰਨ। ਵਿਰੋਧੀ ਧਿਰਾਂ ਦੀ ਲਗਾਤਾਰ ਸ਼ਮੂਲੀਅਤ ਅਜਿਹੀਆਂ ਚੋਣਾਂ ਨੂੰ ਜਾਇਜ਼ ਠਹਿਰਾਉਂਦੀ ਹੈ ਅਤੇ ਇਹ ਭਰਮ ਪੈਦਾ ਕਰਦੀ ਹੈ ਕਿ ਚੋਣਾਂ ਨਿਰਪੱਖ ਹੋ ਰਹੀਆਂ ਹਨ।
ਦੀਪਕੇ ਨੇ ‘ਐਕਸ’ ‘ਤੇ ਲਿਖਿਆ ਕਿ ਵਿਰੋਧੀ ਧਿਰਾਂ ਚੋਣਾਂ ਵਿੱਚ ਧਾਂਦਲੀ ਦਾ ਦੋਸ਼ ਵੀ ਲਾਉਂਦੀਆਂ ਹਨ ਅਤੇ ਨਾਲ ਹੀ ਚੋਣਾਂ ਵੀ ਲੜਦੀਆਂ ਹਨ। ਕੀ ਵਿਰੋਧੀ ਧਿਰਾਂ ਸਿਆਸੀ ਵਜੂਦ ਖਤਮ ਹੋਣ ਦੇ ਡਰੋਂ ਚੋਣਾਂ ਲੜ ਰਹੀਆਂ ਹਨ? ਦੀਪਕੇ ਮੁਤਾਬਕ ਵੋਟਾਂ ਦੀ ਚੋਰੀ, ਵਿਧਾਇਕਾਂ-ਸੰਸਦ ਮੈਂਬਰਾਂ ਦੀ ਖਰੀਦੋ-ਫਰੋਖ਼ਤ ਅਤੇ ਪਾਰਟੀਆਂ ਦੇ ਦਿਨ-ਦਿਹਾੜੇ ਟੋਟੇ ਹੋਣ ਦੇ ਬਾਵਜੂਦ ਅਜਿਹੇ ਪ੍ਰਬੰਧ ਵਿੱਚ ਹਿੱਸਾ ਲੈਣਾ ਸਿਆਸੀ ਬਚਾਅ ਨਹੀਂ ਹੈ।
ਉਨ੍ਹਾ ਮੈਚ ਫਿਕਸਿੰਗ ਦੀ ਮਿਸਾਲ ਦਿੰਦਿਆਂ ਕਿਹਾ ਕਿ ਜਿਵੇਂ ਫਿਕਸ ਮੈਚ ਨੂੰ ਰੋਚਕ ਬਣਾਉਣ ਲਈ ਕੁਝ ਕੈਚ ਫੜੇ ਜਾਂਦੇ ਹਨ, ਉਸੇ ਤਰ੍ਹਾਂ ਚੋਣਾਂ ਵਿੱਚ ਵੀ ਵਿਰੋਧੀ ਧਿਰ ਨੂੰ ਕੁਝ ਜਿੱਤਾਂ ਦੇ ਕੇ ਮਾਹੌਲ ਨੂੰ ਅਸਲੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਦੀਪਕੇ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰਾਂ ਸਿਰਫ ਆਪਣੀ ਪਸੰਦ ਦੇ ਸੂਬਿਆਂ ਵਿੱਚ ਹੀ ਧਾਂਦਲੀ ਦਾ ਮੁੱਦਾ ਚੁੱਕਦੀਆਂ ਹਨ।
ਇਸ ਦੌਰਾਨ, ਕਾਕਰੋਚ ਜਨਤਾ ਪਾਰਟੀ ਨੇ ਕਿਹਾ ਕਿ ਜੇ ਗਿਆਨੇਸ਼ ਕੁਮਾਰ ਅਸਤੀਫਾ ਨਹੀਂ ਦਿੰਦੇ ਹਨ, ਤਾਂ ਉਹ 2 ਅਕਤੂਬਰ ਤੋਂ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਸ਼ੁਰੂ ਕਰਨਗੇ। ਉਸਨੇ ਵੀਰਵਾਰ ਗਿਆਨੇਸ਼ ਕੁਮਾਰ ਨੂੰ 48 ਘੰਟਿਆਂ ਦਾ ਅਲਟੀਮੇਟਮ ਦਿੱਤਾ ਸੀ।