1967 ਵਿੱਚ ਹਰਿਆਣਾ ਦੀ ਹਸਨਪੁਰ ਸੀਟ (ਹੁਣ ਹੋਡਲ) ਤੋਂ ਚੁਣੇ ਗਏ ਆਜ਼ਾਦ ਵਿਧਾਇਕ ਗਯਾ ਲਾਲ ਨੇ ਦੋ ਹਫਤਿਆਂ ਵਿੱਚ ਕਈ ਟਪੂਸੀਆਂ ਮਾਰੀਆਂ ਸਨ। ਪਹਿਲਾਂ ਕਾਂਗਰਸ ‘ਚ ਸ਼ਾਮਲ ਹੋਏ, ਫਿਰ ਯੂਨਾਈਟਿਡ ਫਰੰਟ ਵਿੱਚ ਗਏ, ਫਿਰ ਕਾਂਗਰਸ ‘ਚ ਮੁੜ ਆਏ ਤੇ ਓੜਕ ਯੂਨਾਈਟਿਡ ਫਰੰਟ ‘ਚ ਚਲੇ ਗਏ। ਜਦੋਂ ਯੂਨਾਈਟਿਡ ਫਰੰਟ ਤੋਂ ਕਾਂਗਰਸ ਵਿੱਚ ਪਰਤੇ ਸਨ ਤਾਂ ਕਾਂਗਰਸ ਆਗੂ ਰਾਓ ਵੀਰੇਂਦਰ ਸਿੰਘ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਲਾ ਕੇ ਗਯਾ ਲਾਲ ਨੂੰ ਮੀਡੀਆ ਦੇ ਸਾਹਮਣੇ ਪੇਸ਼ ਕਰਦੇ ਹੋਏ ਕਿਹਾ ਸੀ-ਗਯਾ ਰਾਮ ਹੁਣ ਆਯਾ ਰਾਮ ਹੋ ਗਏ ਹਨ। ਉਦੋਂ ਤੋਂ ‘ਆਯਾ ਰਾਮ ਗਯਾ ਰਾਮ’ ਦਾ ਜੁਮਲਾ ਮਸ਼ਹੂਰ ਹੋਇਆ। ਬੋਲਣ ਨੂੰ ਤਾਂ ਇਹ ਜੁਮਲਾ ਚੰਗਾ ਲੱਗਦਾ ਹੈ, ਪਰ ਹੈ ਇਹ ਭਾਰਤੀ ਲੋਕਤੰਤਰ ਲਈ ਕਲੰਕ। ਇਸ ਕਲੰਕ ਨੂੰ ਧੋਣ ਲਈ 1985 ਵਿੱਚ ਰਾਜੀਵ ਗਾਂਧੀ ਸਰਕਾਰ ਨੇ ਦਲ-ਬਦਲੀ ਵਿਰੋਧੀ ਕਾਨੂੰਨ ਪਾਸ ਕੀਤਾ ਸੀ। ਉਮੀਦ ਸੀ ਕਿ ਦਲ-ਬਦਲੀ ਦੇ ਕੋਹੜ ਤੋਂ ਛੁਟਕਾਰਾ ਮਿਲ ਜਾਵੇਗਾ, ਪਰ ਸਿਆਸਤਦਾਨਾਂ ਨੇ ਕਾਨੂੰਨ ਦੀ ਐਸੀ ਦੁਰਗਤ ਕੀਤੀ ਕਿ ਇਹ ਨਾਂਅ ਦਾ ਹੀ ਕਾਨੂੰਨ ਰਹਿ ਗਿਆ। ਮੋਦੀ-ਸ਼ਾਹ ਦੀ ਜੋੜੀ ਨੇ ਸੱਤਾ ਸੰਭਾਲਣ ਤੋਂ ਬਾਅਦ ਤਾਂ ਇਸ ਦਾ ਬੁਰੀ ਤਰ੍ਹਾਂ ਜਨਾਜ਼ਾ ਕੱਢ ਦਿੱਤਾ।
ਲੋਕ ਸਭਾ, ਰਾਜ ਸਭਾ ਅਤੇ ਰਾਜ ਵਿਧਾਨ ਸਭਾਵਾਂ ਲਈ ਚੁਣੇ ਜਾਣ ਤੋਂ ਬਾਅਦ 111 ਮੌਜੂਦਾ ਸੰਸਦ ਮੈਂਬਰਾਂ/ਵਿਧਾਇਕਾਂ ਨੇ ਦਲ-ਬਦਲੀ ਵਿਰੋਧੀ ਕਾਨੂੰਨ ਦਾ ਮਜ਼ਾਕ ਉਡਾਉਂਦੇ ਹੋਏ ਪਾਰਟੀਆਂ ਬਦਲ ਲਈਆਂ। ਇਨ੍ਹਾਂ ਵਿੱਚੋਂ 26 ਲੋਕ ਸਭਾ ਸੰਸਦ ਮੈਂਬਰ, ਸੱਤ ਰਾਜ ਸਭਾ ਸੰਸਦ ਮੈਂਬਰ ਅਤੇ 78 ਵਿਧਾਇਕ ਸਨ। ਇਹ ਖੁਲਾਸਾ ਜਮਹੂਰੀ ਸੁਧਾਰਾਂ ਲਈ ਯਤਨਸ਼ੀਲ ਜਥੇਬੰਦੀ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏ ਡੀ ਆਰ) ਦੀ ਤਾਜ਼ਾ ਰਿਪੋਰਟ ਵਿੱਚ ਕੀਤਾ ਗਿਆ ਹੈ। ਰਿਪੋਰਟ ਮੁਤਾਬਕ 17 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਦਲ-ਬਦਲੀ ਦੇ ਮਾਮਲੇ ਸਾਹਮਣੇ ਆਏ ਹਨ। ਨਾਗਾਲੈਂਡ ਸੂਚੀ ਵਿੱਚ ਸਭ ਤੋਂ ਉੱਪਰ ਹੈ, ਜਿੱਥੇ 32 ਪ੍ਰਤੀਨਿਧੀਆਂ ਨੇ ਪਾਰਟੀਆਂ ਬਦਲੀਆਂ ਹਨ। ਇਸ ਤੋਂ ਬਾਅਦ ਪੱਛਮੀ ਬੰਗਾਲ ਵਿੱਚ 20, ਤੇਲੰਗਾਨਾ ਵਿੱਚ ਨੌਂ, ਗੋਆ ਤੇ ਪੰਜਾਬ ਵਿੱਚ ਅੱਠ-ਅੱਠ, ਮਹਾਰਾਸ਼ਟਰ ਤੇ ਮੇਘਾਲਿਆ ਵਿੱਚ ਛੇ-ਛੇ ਅਤੇ ਮਨੀਪੁਰ ਵਿੱਚ ਪੰਜ ਪ੍ਰਤੀਨਿਧੀਆਂ ਨੇ ਇਹ ਕਾਰਾ ਕੀਤਾ। ਦਿਲਚਸਪ ਗੱਲ ਇਹ ਹੈ ਕਿ ਨਾਗਾਲੈਂਡ ਅਤੇ ਪੱਛਮੀ ਬੰਗਾਲ ਵਿੱਚ ਕੁੱਲ ਦਲ-ਬਦਲੀ ਦੇ ਮਾਮਲਿਆਂ ਵਿੱਚੋਂ ਲੱਗਭੱਗ 47 ਪ੍ਰਤੀਸ਼ਤ ਦਾ ਯੋਗਦਾਨ ਰਿਹਾ। 2022 ਅਤੇ 2026 ਦੇ ਵਿਚਕਾਰ ਇਸ ਵੱਡੀ ਸਿਆਸੀ ਹਿਜਰਤ ਨੇ ਨਾਗਾਲੈਂਡ, ਪੱਛਮੀ ਬੰਗਾਲ, ਤੇਲੰਗਾਨਾ, ਗੋਆ, ਮਹਾਰਾਸ਼ਟਰ ਅਤੇ ਮਨੀਪੁਰ ਸਮੇਤ ਕਈ ਰਾਜਾਂ ਵਿੱਚ ਹੁਕਮਰਾਨ ਅਤੇ ਵਿਰੋਧੀ ਧਿਰ ਦੀ ਤਸਵੀਰ ਬਦਲ ਦਿੱਤੀ ਹੈ।
ਰਿਪੋਰਟ ਦਰਸਾਉਂਦੀ ਹੈ ਕਿ ਨੈਸ਼ਨਲ ਡੈਮੋਕਰੇਟਿਕ ਪ੍ਰੋਗ੍ਰੈਸਿਵ ਪਾਰਟੀ (ਐੱਨ ਡੀ ਪੀ ਪੀ) ਨੂੰ ਸਭ ਤੋਂ ਵੱਧ ਨੁਕਸਾਨ ਹੋਇਆ। ਇਸ ਪਾਰਟੀ ਦੇ 25 ਚੁਣੇ ਹੋਏ ਪ੍ਰਤੀਨਿਧੀਆਂ ਨੇ ਪਾਰਟੀ ਛੱਡ ਦਿੱਤੀ, ਜੋ ਕਿ ਕੁੱਲ ਦਲ-ਬਦਲੀਆਂ ਦਾ 23 ਪ੍ਰਤੀਸ਼ਤ ਹੈ। ਇਸ ਤੋਂ ਬਾਅਦ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਤੇ ਕਾਂਗਰਸ ਦਾ ਨੰਬਰ ਆਉਂਦਾ ਹੈ, ਜਿਨ੍ਹਾਂ ਦੇ 20 ਅਤੇ 19 ਚੁਣੇ ਹੋਏ ਪ੍ਰਤੀਨਿਧਾਂ ਨੇ ਦਲ-ਬਦਲੀ ਕੀਤੀ। ਇਸ ਤੋਂ ਇਲਾਵਾ ਭਾਰਤ ਰਾਸ਼ਟਰ ਸਮਿਤੀ ਦੇ 9 ਪ੍ਰਤੀਨਿਧੀਆਂ, ਆਮ ਆਦਮੀ ਪਾਰਟੀ ਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ 7-7, ਸ਼ਿਵ ਸੈਨਾ (ਯੂ ਬੀ ਟੀ) ਦੇ 6, ਜੇ ਡੀ (ਯੂ) ਦੇ 5 ਅਤੇ ਮੇਘਾਲਿਆ ਦੀ ਨੈਸ਼ਨਲ ਪੀਪਲਜ਼ ਪਾਰਟੀ ਦੇ 4 ਪ੍ਰਤੀਨਿਧਾਂ ਨੇ ਪਾਰਟੀਆਂ ਬਦਲੀਆਂ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਐੱਨ ਡੀ ਪੀ ਪੀ, ਤ੍ਰਿਣਮੂਲ ਕਾਂਗਰਸ ਅਤੇ ਕਾਂਗਰਸ ਤੋਂ ਆਉਣ ਵਾਲੇ ਨੇਤਾਵਾਂ ਦੀ ਗਿਣਤੀ 64 ਸੀ, ਜੋ ਕਿ ਕੁੱਲ ਦਲ-ਬਦਲੀਆਂ ਦੇ ਮਾਮਲਿਆਂ ਦਾ 58 ਪ੍ਰਤੀਸ਼ਤ ਹੈ। ਪਾਰਟੀ ਬਦਲਣ ਵਾਲਿਆਂ ਲਈ ਨਾਗਾਲੈਂਡ ਦੀ ਪਾਰਟੀ ਨਾਗਾ ਪੀਪਲਜ਼ ਫਰੰਟ (ਐੱਨ ਪੀ ਐੱਫ) ਮੁੱਖ ਪਸੰਦ ਰਹੀ, ਜਿਸ ਵਿੱਚ 32 ਨੇਤਾ ਸ਼ਾਮਲ ਹੋਏ। ਇਸ ਤੋਂ ਬਾਅਦ ਭਾਜਪਾ ਨੇ 29 ਅਤੇ ਨੈਸ਼ਨਲਿਸਟ ਸਿਟੀਜ਼ਨਜ਼ ਪਾਰਟੀ ਆਫ ਇੰਡੀਆ (ਐੱਨ ਸੀ ਪੀ ਆਈ) ਨੇ 20 ਆਗੂ ਸ਼ਾਮਲ ਕਰਵਾਏ। ਕਾਂਗਰਸ ਨੇ ਨੌਂ, ਸ਼ਿਵ ਸੈਨਾ ਨੇ ਅੱਠ, ਐੱਨ ਪੀ ਪੀ ਨੇ ਛੇ ਅਤੇ ਪੀ ਪੀ ਏ ਨੇ ਚਾਰ ਪ੍ਰਤੀਨਿਧੀ ਖਿੱਚੇ। ਐੱਨ ਪੀ ਐੱਫ, ਭਾਜਪਾ ਅਤੇ ਨੈਸ਼ਨਲਿਸਟ ਸਿਟੀਜ਼ਨਜ਼ ਪਾਰਟੀ ਆਫ ਇੰਡੀਆ ਨੇ ਮਿਲ ਕੇ 111 ਵਿੱਚੋਂ 81 ਆਗੂਆਂ ਨੂੰ ਆਪਣੇ ਵੱਲ ਖਿੱਚਿਆ। ਇਹ ਕੁੱਲ ਦਲ-ਬਦਲੀ ਦਾ 73 ਪ੍ਰਤੀਸ਼ਤ ਹੈ।
ਹਾਲ ਹੀ ਦੇ ਸਾਲਾਂ ਵਿੱਚ, ਕੁਝ ਰਾਜਾਂ ਵਿੱਚ ਸਰਕਾਰਾਂ ਦੇ ਡਿੱਗਣ ਜਾਂ ਸਿਆਸੀ ਤਬਦੀਲੀਆਂ ਵਿੱਚ ਵਿਧਾਇਕਾਂ ਵੱਲੋਂ ਦਲ ਬਦਲਣਾ ਇੱਕ ਮਹੱਤਵਪੂਰਨ ਕਾਰਕ ਰਿਹਾ ਹੈ। ਨਾਗਾਲੈਂਡ ਵਿੱਚ ਸਭ ਤੋਂ ਵੱਧ ਦਲ-ਬਦਲੀਆਂ ਹੋਈਆਂ, 32 ਪ੍ਰਤੀਨਿਧੀਆਂ ਨੇ ਪੱਖ ਬਦਲਿਆ, ਜਿਸ ਨਾਲ ਉੱਥੇ ਸਿਆਸੀ ਤਾਕਤਾਂ ਦਾ ਇੱਕ ਨਵਾਂ ਸੰਤੁਲਨ ਬਣਿਆ। ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਤੋਂ 20 ਸੰਸਦ ਮੈਂਬਰਾਂ ਦੇ ਜਾਣ ਨਾਲ ਵਿਰੋਧੀ ਰਾਜਨੀਤੀ ਦੀ ਦਿਸ਼ਾ ਬਦਲ ਗਈ। ਤੇਲੰਗਾਨਾ ਵਿੱਚ ਨੌਂ ਬੀ ਆਰ ਐੱਸ ਵਿਧਾਇਕ ਕਾਂਗਰਸ ਵਿੱਚ ਸ਼ਾਮਲ ਹੋਏ, ਜਿਸ ਨਾਲ ਵਿਧਾਨ ਸਭਾ ਵਿੱਚ ਪਾਰਟੀ ਦੀ ਤਾਕਤ ਕਮਜ਼ੋਰ ਹੋਈ ਅਤੇ ਕਾਂਗਰਸ ਦੀ ਸਥਿਤੀ ਮਜ਼ਬੂਤ ਹੋਈ। ਗੋਆ ਵਿੱਚ ਅੱਠ ਕਾਂਗਰਸੀ ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋਏ। ਮਨੀਪੁਰ ਵਿੱਚ ਪੰਜ ਜੇ ਡੀ (ਯੂ) ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋਏ, ਜਦੋਂ ਕਿ ਮਹਾਰਾਸ਼ਟਰ ਵਿੱਚ ਛੇ ਸ਼ਿਵ ਸੈਨਾ (ਯੂ ਬੀ ਟੀ) ਸੰਸਦ ਮੈਂਬਰ ਸ਼ਿੰਦੇ ਧੜੇ ਦੀ ਸ਼ਿਵ ਸੈਨਾ ਵਿੱਚ ਸ਼ਾਮਲ ਹੋਏ। ਬਹੁਤ ਸਾਰੇ ਰਾਜਾਂ ਵਿੱਚ ਦਲ-ਬਦਲੀਆਂ ਨੇ ਚੋਣਾਂ ਦੇ ਸਮੇਂ ਵੋਟਰਾਂ ਵੱਲੋਂ ਬਣਾਏ ਗਏ ਸਿਆਸੀ ਦ੍ਰਿਸ਼ ਨੂੰ ਬਦਲ ਦਿੱਤਾ।
ਲੋਕਤੰਤਰ ਦਾ ਸਿਧਾਂਤ ‘ਲੋਕਾਂ ਦੀ ਸਰਕਾਰ, ਲੋਕਾਂ ਵੱਲੋਂ ਅਤੇ ਲੋਕਾਂ ਲਈ’ ਉੱਤੇ ਨਿਰਭਰ ਹੈ, ਜਿੱਥੇ ‘ਨਾਗਰਿਕਾਂ ਦੇ ਹਿੱਤ’ ਸਭ ਤੋਂ ਵੱਧ ਮਹੱਤਵ ਰੱਖਦੇ ਹਨ, ਪਰ ਇਸ ਬੁਨਿਆਦੀ ਸਿਧਾਂਤ ਦਾ ਮੋਦੀ ਸਰਕਾਰ ਆਉਣ ਤੋਂ ਬਾਅਦ ਰੋਜ਼ ਜਨਾਜ਼ਾ ਨਿਕਲ ਰਿਹਾ ਹੈ।
ਕਦੇ ਨਾ ਖਤਮ ਹੋਣ ਵਾਲੀ ‘ਸੱਤਾ ਅਤੇ ਪੈਸੇ ਦੀ ਭੁੱਖ’ ਸਾਡੇ ਵਿਧਾਇਕਾਂ ਅਤੇ ਸਿਆਸੀ ਪਾਰਟੀਆਂ ਵਿੱਚ ਇੱਕ ਆਮ ਅਭਿਆਸ ਬਣ ਗਿਆ ਹੈ। ਵਰਤਮਾਨ ਦਲ-ਬਦਲੀ ਕਾਨੂੰਨ ਬੇਬੱਸ ਹੈ, ਪਰ ਉਮੀਦ ਦੀ ਇੱਕ ਨਵੀਂ ਕਿਰਨ ਨਜ਼ਰ ਆਈ ਹੈ। ਦੇਸ਼ ਦਾ ਨੌਜਵਾਨ ਜਾਗ ਪਿਆ ਹੈ ਤੇ ਹੁਣ ਉਹ ਹੀ ਦੱਸੇਗਾ ਕਿ ਦਲ-ਬਦਲੂਆਂ ਨਾਲ ਕਿਵੇਂ ਨਜਿੱਠਣਾ ਹੈ।




