ਸ੍ਰੀਨਗਰ : ਜੰਮੂ-ਕਸ਼ਮੀਰ ਵਿਧਾਨ ਸਭਾ ‘ਚ ਸ਼ੁੱਕਰਵਾਰ ਵੀ ਹੰਗਾਮਾ ਜਾਰੀ ਰਿਹਾ | ਭਾਜਪਾ ਮੈਂਬਰਾਂ ਨੇ ਵਿਸ਼ੇਸ਼ ਦਰਜੇ ਦੀ ਬਹਾਲੀ ਦੇ ਮਤੇ ਖਿਲਾਫ ਪ੍ਰਦਰਸ਼ਨ ਕੀਤਾ, ਜਿਸ ਕਾਰਨ ਸਪੀਕਰ ਨੂੰ ਵਿਰੋਧੀ ਧਿਰ ਦੇ 12 ਵਿਧਾਇਕਾਂ ਅਤੇ ਲੰਗੇਟ ਦੇ ਵਿਧਾਇਕ ਸ਼ੇਖ ਖੁਰਸ਼ੀਦ ਨੂੰ ਮਾਰਸ਼ਲ ਆਊਟ ਕਰਨਾ ਪਿਆ | ਜਿਵੇਂ ਹੀ ਸਦਨ ਦੀ ਬੈਠਕ ਸ਼ੁਰੂ ਹੋਈ, ਭਾਜਪਾ ਵਿਧਾਇਕਾਂ ਨੇ ‘ਪਾਕਿਸਤਾਨੀ ਏਜੰਡਾ ਨਹੀਂ ਚਲੇਗਾ’ ਵਰਗੇ ਨਾਅਰੇ ਲਗਾਏ |
ਭਾਜਪਾ ਦੇ ਵਿਧਾਇਕ ਸਦਨ ਦੇ ਵਿਚਕਾਰ ਆ ਗਏ, ਜਿਸ ਤੋਂ ਬਾਅਦ ਸਪੀਕਰ ਅਬਦੁਲ ਰਹੀਮ ਰਾਠਰ ਨੇ ਉਨ੍ਹਾਂ ਨੂੰ ਮਾਰਸ਼ਲ ਆਊਟ ਕਰਨ ਦਾ ਨਿਰਦੇਸ਼ ਦਿੱਤਾ | ਉਨ੍ਹਾਂ ਨੂੰ ਕੱਢਣ ਤੋਂ ਤੁਰੰਤ ਬਾਅਦ ਭਾਜਪਾ ਦੇ 11 ਹੋਰ ਵਿਧਾਇਕ ਵਿਰੋਧ ‘ਚ ਸਦਨ ਵਿੱਚੋਂ ਵਾਕਆਊਟ ਕਰ ਗਏ | ਸਦਨ ‘ਚ ਪਿਛਲੇ ਦੋ ਦਿਨਾਂ ਤੋਂ ਹੰਗਾਮਾ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਮਤੇ ਦੇ ਪਾਸ ਹੋਣ ਤੋਂ ਬਾਅਦ ਭਾਜਪਾ ਵਿਧਾਇਕ ਜ਼ੋਰਦਾਰ ਵਿਰੋਧ ਕਰ ਰਹੇ ਹਨ | ਉਪ ਮੁੱਖ ਮੰਤਰੀ ਸੁਰਿੰਦਰ ਚੌਧਰੀ ਨੇ ਮੰਗਲਵਾਰ ਮਤਾ ਪੇਸ਼ ਕੀਤਾ ਸੀ, ਜਿਸ ‘ਚ ਕਿਹਾ ਗਿਆ ਸੀ ਕਿ ਇਹ ਵਿਧਾਨ ਸਭਾ ਵਿਸ਼ੇਸ਼ ਦਰਜੇ ਅਤੇ ਸੰਵਿਧਾਨਕ ਗਾਰੰਟੀ ਦੀ ਮਹੱਤਤਾ ਦੀ ਪੁਸ਼ਟੀ ਕਰਦੀ ਹੈ, ਜੋ ਜੰਮੂ-ਕਸਮੀਰ ਦੇ ਲੋਕਾਂ ਦੀ ਪਛਾਣ, ਸੱਭਿਆਚਾਰ ਅਤੇ ਅਧਿਕਾਰਾਂ ਦੀ ਰਾਖੀ ਕਰਦੀ ਹੈ ਅਤੇ ਉਨ੍ਹਾਂ ‘ਤੇ ਚਿੰਤਾ ਪ੍ਰਗਟ ਕਰਦੀ ਹੈ | ਇਸ ਵਿਚ ਕਿਹਾ ਗਿਆ ਕਿ ਵਿਧਾਨ ਸਭਾ ਕੇਂਦਰ ਤੋਂ ਮੰਗ ਕਰਦੀ ਹੈ ਕਿ ਉਹ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਅਤੇ ਸੰਵਿਧਾਨਕ ਗਾਰੰਟੀ ਦੀ ਬਹਾਲੀ ਲਈ ਖੇਤਰ ਦੇ ਚੁਣੇ ਹੋਏ ਪ੍ਰਤੀਨਿਧੀਆਂ ਨਾਲ ਗੱਲਬਾਤ ਸ਼ੁਰੂ ਕਰੇ ਅਤੇ ਇਸ ਲਈ ਸੰਵਿਧਾਨਕ ਵਿਧੀ ਤਿਆਰ ਕਰੇ |





