ਜਲੰਧਰ (ਕੇਸਰ)-‘ਮੇਲਾ ਗ਼ਦਰੀ ਬਾਬਿਆਂ ਦਾ’ ਦੂਜੇ ਦਿਨ ਸ਼ੁੱਕਰਵਾਰ ਗ਼ਦਰੀ ਬਾਬਾ ਜਵਾਲਾ ਸਿੰਘ ਹਾਲ ਵਿੱਚ ਸ਼ਮ੍ਹਾ ਰੌਸ਼ਨ ਕਰਕੇ ਕੁਇਜ਼, ਭਾਸ਼ਣ, ਗਾਇਨ ਅਤੇ ਪੇਂਟਿੰਗ ਮੁਕਾਬਲਿਆਂ ਨਾਲ ਸ਼ੁਰੂ ਹੋਇਆ | ਇੱਕੋ ਵੇਲੇ ਹੋਏ ਮੁਕਾਬਲਿਆਂ ਕਾਰਨ ਦੇਸ਼ ਭਗਤ ਯਾਦਗਾਰ ਹਾਲ ਦੇ ਸਾਰੇ ਹਾਲ ਅਤੇ ਅਜੀਤ ਸਿੰਘ, ਜਿਊਲੀਅਸ ਫਿਊਚਿਕ ਹਾਲ ਵਿੱਚ ਨੰਨ੍ਹੇ-ਮੁੰਨੇ ਬਾਲਾਂ ਅਤੇ ਚੜ੍ਹਦੀ ਜੁਆਨੀ ਦੀਆਂ ਖ਼ੂਬ ਰੌਣਕਾਂ ਲੱਗੀਆਂ ਰਹੀਆਂ |
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਮੂਹ ਅਹੁਦੇਦਾਰਾਂ ਅਤੇ ਹਾਜ਼ਰ ਮੈਂਬਰਾਂ ਨੇ ਵੰਨ-ਸੁਵੰਨੇ ਮੁਕਾਬਲਿਆਂ ਦੇ ਪ੍ਰਤੀਯੋਗੀਆਂ, ਉਹਨਾਂ ਦੇ ਸਕੂਲਾਂ ਦੇ ਸਟਾਫ, ਪਰਿਵਾਰਕ ਮੈਂਬਰਾਂ ਅਤੇ ਮੇਲਾ ਪ੍ਰੇਮੀਆਂ ਦੀਆਂ ਤਾੜੀਆਂ ਦੀ ਗੂੰਜ ਵਿੱਚ ਜਦੋਂ ਸ਼ਮ੍ਹਾ ਰੌਸ਼ਨ ਕੀਤੀ ਤਾਂ ‘ਗ਼ਦਰੀ ਬਾਬਿਆਂ ਦਾ ਪੈਗ਼ਾਮ: ਜਾਰੀ ਰੱਖਣਾ ਹੈ ਸੰਗਰਾਮ’ ਦੇ ਨਾਅਰੇ ਗੰੂਜਦੇ ਰਹੇ | ਸਮ੍ਹਾ ਰੌਸ਼ਨ ਸਮੇਂ ਕਮੇਟੀ ਮੀਤ ਪ੍ਰਧਾਨ ਕੁੁਲਵੰਤ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਖਜ਼ਾਨਚੀ ਸ਼ੀਤਲ ਸਿੰਘ ਸੰਘਾ ਤੇ ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਰਮਿੰਦਰ ਪਟਿਆਲਾ ਆਦਿ ਸਮਾਂ ਰੌਸ਼ਨ ਸਮੇਂ ਹਾਲ ਸਮੂਹ ਅਹੁਦੇਦਾਰ ਅਤੇ ਕਮੇਟੀ ਮੈਂਬਰ ਮੌਜੂਦ ਸਨ | ਕੁਇਜ਼, ਭਾਸ਼ਣ, ਗਾਇਨ ਅਤੇ ਪੇਂਟਿੰਗ ਕਮੇਟੀ ਦੇ ਕਰਮਵਾਰ ਕਨਵੀਨਰ ਹਰਵਿੰਦਰ ਭੰਡਾਲ, ਪ੍ਰੋ. ਗੋਪਾਲ ਸਿੰਘ ਬੁੱਟਰ, ਡਾ. ਤੇਜਿੰਦਰ ਵਿਰਲੀ ਅਤੇ ਡਾ. ਸੈਲੇਸ਼ ਦੀ ਅਗਵਾਈ ‘ਚ ਹੋਏ ਮੁਕਾਬਲਿਆਂ ਦੇ ਆਗਾਜ਼ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਸੰਖੇਪ ਜਿਹੇ ਸੁਨੇਹੇ ਵਿੱਚ ਕਿਹਾ ਕਿ ਕਲਾ ਖੇਤਰ ਦੀਆਂ ਬਹੁ-ਭਾਂਤੀ ਵਿਧਾਵਾਂ ਰਾਹੀਂ ਗ਼ਦਰ ਲਹਿਰ ਦੀ ਵਿਚਾਰਧਾਰਾ ਅਤੇ ਸਾਡੇ ਸਮਿਆਂ ਦੇ ਤਿੱਖੜੇ ਸੁਆਲਾਂ ਨੂੰ ਰੌਸ਼ਨੀ ਵਿੱਚ ਲਿਆਉਣ ਲਈ ਕਮੇਟੀ ਨੂੰ ਲੋਕਾਂ ਦੇ ਭਰਵੇਂ ਸਹਿਯੋਗ ਦੀ ਲੋੜ ਹੈ |
ਕੁਇਜ਼ ਮੁਕਾਬਲੇ ਵਿੱਚ ਕੁੱਲ 14 ਟੀਮਾਂ ਸ਼ਾਮਲ ਹੋਈਆਂ | ਮੁੱਢਲੇ ਟੈਸਟ ਵਿੱਚ ਉਹਨਾਂ ਵਿਚੋਂ ਅੱਵਲ ਦਰਜਾ ਪ੍ਰਾਪਤ ਕਰਨ ਵਾਲੀਆਂ ਪੰਜ ਟੀਮਾਂ ਵਿੱਚ ਅੰਤਮ ਮੁਕਾਬਲਾ ਹੋਇਆ | ਕੁਇਜ਼ ਸੰਚਾਲਕ ਹਰਵਿੰਦਰ ਭੰਡਾਲ ਵੱਲੋਂ ਤਿੰਨ ਰਾਊਾਡ ਵਿੱਚ ਪੁੱਛੇ ਸੁਆਲਾਂ ਦੇ ਸਹੀ ਜੁਆਬ ਦੇਣ ਵਾਲੀਆਂ ਟੀਮਾਂ ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਗੁਰੂ ਹਰਗੋਬਿੰਦ ਪਬਲਿਕ ਸੈਕੰਡਰੀ ਸਕੂਲ ਜੋੜਕੀਆਂ (ਮਾਨਸਾ), ਡਾਇਟ ਸ਼ੇਖੂਪੁਰਾ (ਕਪੂਰਥਲਾ), ਸੰਤ ਹੀਰਾ ਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਾਲਾ ਸੰਘਿਆਂ (ਕਪੂਰਥਲਾ) ਟੀਮਾਂ ਨੇ ਹਾਸਲ ਕੀਤਾ |
ਭਾਸ਼ਣ ਮੁਕਾਬਲੇ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਕਰਮਵਾਰ ਹਰਪ੍ਰੀਤ ਕੌਰ (ਗੁਰੂ ਨਾਨਕ ਖਾਲਸਾ ਕਾਲਜ, ਸੁਲਤਾਨਪੁਰ ਲੋਧੀ), ਬਲਪ੍ਰੀਤ ਕੌਰ (ਲਾਇਲਪੁਰ ਖਾਲਸਾ ਕਾਲਜ, ਜਲੰਧਰ) ਅਤੇ ਰਮਨਦੀਪ ਕੌਰ ਨੇ ਪ੍ਰਾਪਤ ਕੀਤਾ | ਗਾਇਨ ਮੁਕਾਬਲੇ ਦੇ ਸੋਲੋ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਕਰਮਵਾਰ ਤਾਨੀਆ (ਗਰਚਾ ਮਿਊਜ਼ਿਕ ਅਕੈਡਮੀ, ਬੰਗਾ), ਅਮਨਪ੍ਰੀਤ ਕੌਰ (ਸੰਤ ਬਾਬਾ ਭਾਗ ਸਿੰਘ ਇੰਟਰ ਸਕੂਲ, ਖਿਆਲਾ) ਤੇ ਜਤਿਨ (ਸ੍ਰੀ ਪਾਰਵਤੀ ਜੈਨ ਸਕੂਲ, ਜਲੰਧਰ) ਅਤੇ ਹਰਿਤਿਕ (ਡੀ ਏ ਵੀ ਸਕੂਲ ਬਿਲਗਾ) ਨੇ ਪ੍ਰਾਪਤ ਕੀਤਾ | ਗਾਇਨ ਦੇ ਗਰੁੱਪ ਮੁਕਾਬਲੇ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਕਰਮਵਾਰ ਦਿ੍ਸ਼ਟੀ ਤੇ ਸਾਥੀ (ਸ੍ਰੀ ਪਾਰਵਤੀ ਜੈਨ ਸਕੂਲ, ਜਲੰਧਰ), ਹਰਿਤਿਕ ਤੇ ਸਾਥੀ (ਡੀ ਏ ਵੀ ਸਕੂਲ ਬਿਲਗਾ) ਅਤੇ ਨਵਪ੍ਰੀਤ ਤੇ ਸਾਥੀ (ਜਲੰਧਰ ਮਾਡਲ ਸਕੂਲ, ਜਲੰਧਰ) ਨੇ ਪ੍ਰਾਪਤ ਕੀਤਾ |
ਪੇਂਟਿੰਗ ਮੁਕਾਬਲੇ ਦੇ ਗਰੁੱਪ ਏ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਕਰਮਵਾਰ ਹਰਸਿਮਰਨ ਕੌਰ (ਸੀ ਟੀ ਇੰਸਟੀਚੀਊਟ ਸ਼ਾਹਪੁਰ, ਜਲੰਧਰ), ਸਨਿਆ (ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਜਲੰਧਰ), ਕਰੁਣਾ ਠਾਕੁਰ (ਗੁਰੂ ਨਾਨਕ ਖਾਲਸਾ ਕਾਲਜ, ਸੁਲਤਾਨਪੁਰ ਲੋਧੀ), ਗਰੁੱਪ ਬੀ ਵਿੱਚ ਭਵਯਾ (ਡੀ.ਏ.ਵੀ. ਮਾਡਲ ਸਕੂਲ, ਜਲੰਧਰ), ਹਰਮਨ ਕੁਮਾਰ (ਐੱਸ ਆਰ ਟੀ ਡੀ ਏ ਵੀ ਪਬਲਿਕ ਸਕੂਲ ਬਿਲਗਾ) ਅਤੇ ਗੁਰਦਵਿੰਦਰ ਸਿੰਘ (ਐੱਸ ਡੀ ਮਾਡਲ ਸਕੂਲ, ਜਲੰਧਰ) ਅਤੇ ਗਰੁੱਪ ਸੀ ਵਿੱਚ ਲਵਲੀ ਕੁਮਾਰੀ (ਐੱਸ ਡੀ ਮਾਡਲ ਸਕੂਲ), ਰਾਜਾ ਰਾਮ (ਲਾਲਾ ਜਗਤ ਨਰਾਇਣ ਡੀ ਏ ਵੀ ਮਾਡਲ ਸਕੂਲ) ਅਤੇ ਅਰਮਾਨ (ਏ ਐੱਨ ਗੁਜਰਾਲ ਸੀਨੀਅਰ ਸੈਕੰਡਰੀ ਸਕੂਲ) ਨੇ ਪ੍ਰਾਪਤ ਕੀਤਾ | ਸਭਨਾਂ ਮੁਕਾਬਲਿਆਂ ਦੇ ਜੇਤੂਆਂ ਦਾ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਨਕਦ ਰਾਸ਼ੀ, ਪੁਸਤਕਾਂ ਅਤੇ ਸਰਟੀਫਿਕੇਟ ਨਾਲ ਸਨਮਾਨ ਕੀਤਾ ਗਿਆ | ਸਭਨਾਂ ਮੁਕਾਬਲਿਆਂ ਵਿੱਚ ਹੌਸਲਾ-ਵਧਾਊ ਇਨਾਮ ਵੀ ਦਿੱਤੇ ਗਏ | ਦੁਪਹਿਰ ਵੇਲੇ ਅਜੀਤ ਸਿੰਘ ਪੰਡਾਲ ਵਿੱਚ ਇਕੱਤਰਤਾ ਅੱਗੇ ਲਹਿਰਾ ਬੇਗਾ (ਬਠਿੰਡਾ) ਦੇ ਬਾਲ ਕਲਾਕਾਰਾਂ ਵੱਲੋਂ ਕਿਰਨਜੀਤ ਕੌਰ ਦੀ ਨਿਰਦੇਸ਼ਨਾ ‘ਚ ‘ਜਲਿ੍ਹਆਂਵਾਲਾ ਬਾਗ਼’ ਲਘੂ ਨਾਟਕ ਖੇਡਕੇ ਖ਼ੂਨੀ ਵਿਸਾਖੀ ਦੀ ਵੰਗਾਰ ਪਾਈ ਗਈ | ਇਸ ਮੌਕੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਚਿੰਤਕ ਰਾਜਪਾਲ ਨੇ ਬੱਚਿਆਂ ਦੇ ਤਰਕਸੰਗਤ ਅਤੇ ਵਿਗਿਆਨਕ ਨਜ਼ਰੀਆ ਅਪਨਾਉਣ ਅਤੇ ਮਾਨਵਤਾ ਦੇ ਸੋਹਣੇ ਜੀਵਨ ਲਈ ਮਹਿਕਾਂ ਵੰਡਦੇ ਫੁੱਲ ਬਣਨ ਲਈ ਮਿਆਰੀ ਸਾਹਿਤ ਨਾਲ ਜੁੜਨ ਦੀ ਅਪੀਲ ਕੀਤੀ | ਇਸ ਉਪਰੰਤ ਹੋਈ ਵਿਚਾਰ-ਚਰਚਾ ਵਿੱਚ ਮੁੱਖ ਵਕਤਾ ਡਾ. ਅਪੂਰਵਾਨੰਦ ਅਤੇ ਐਡਵੋਕੇਟ ਰਾਜਿੰਦਰ ਸਿੰਘ ਚੀਮਾ ਨੇ ਫੌਜਦਾਰੀ ਕਾਨੂੰਨਾਂ ਅਤੇ ਵਿਚਾਰਾਂ ਦੀ ਆਜ਼ਾਦੀ ਦੇ ਮੁੱਦਿਆਂ, ਜੇਲ੍ਹੀਂ ਡੱਕੇ ਬੁੱਧੀਜੀਵੀਆਂ ਬਾਰੇ ਪ੍ਰਭਾਵਸ਼ਾਲੀ ਵਿਚਾਰ ਰੱਖੇ | ਮੰਚ ਸੰਚਾਲਕ ਡਾ. ਪਰਮਿੰਦਰ ਨੇ ਕਿਹਾ ਕਿ ਵਿਚਾਰਾਂ ਦੀ ਆਜ਼ਾਦੀ ਲਈ ਲੋਕ ਸਰੋਕਾਰਾਂ ਤੇ ਲੋਕ ਆਵਾਜ਼ ਬੁਲੰਦ ਕਰਨ ਦੀ ਲੋੜ ਹੈ | ਸ਼ਾਮ 4 ਵਜੇ ਹੋਏ ਕਵੀ-ਦਰਬਾਰ ਦਾ ਆਗਾਜ਼ ਦਰਜਨਾਂ ਹੀ ਕਿਤਾਬਾਂ ਲੋਕ-ਅਰਪਣ ਕਰਨ ਨਾਲ ਹੋਇਆ | ਡਾ. ਪਰਮਿੰਦਰ, ਦਰਸ਼ਨ ਖਟਕੜ, ਸੁਰਜੀਤ ਜੱਜ ਅਤੇ ਮਦਨ ਵੀਰਾ ਦੀ ਪ੍ਰਧਾਨਗੀ ‘ਚ ਹੋਏ ਕਵੀ ਦਰਬਾਰ ਵਿੱਚ ਸ਼ਬਦੀਸ਼, ਸੰਦੀਪ ਜਸਵਾਲ, ਮਨਜੀਤ ਪੁਰੀ, ਅਮਰੀਕ ਡੋਗਰਾ, ਹਰਮੀਤ ਵਿਦਿਆਰਥੀ, ਮਨਜਿੰਦਰ ਕਮਲ, ਸ਼ਮਸੇਰ ਮੋਹੀ, ਮਨਦੀਪ ਔਲਖ, ਡਾ. ਦੇਵਿੰਦਰ ਬਿਮਰਾ, ਭੁਪਿੰਦਰ ਵੜੈਚ, ਨਵਤੇਜ ਗੜ੍ਹਦੀਵਾਲਾ, ਨਰਿੰਦਰਪਾਲ ਕੰਗ, ਸੁਸ਼ੀਲ ਦੁਸਾਂਝ, ਤਲਵਿੰਦਰ ਸ਼ੇਰਗਿੱਲ, ਪਰਮਿੰਦਰ ਕੌਰ ਸਵੈਚ ਅਤੇ ਜਗਵਿੰਦਰ ਜੋਧਾ ਆਦਿ ਕਵੀਆਂ ਨੇ ਆਪਣੀਆਂ ਨਜ਼ਮਾਂ ਸਾਂਝੀਆਂ ਕੀਤੀਆਂ | ਕਵੀ ਦਰਬਾਰ ਦਾ ਸੰਚਾਲਨ ਕਮੇਟੀ ਮੈਂਬਰ ਹਰਵਿੰਦਰ ਭੰਡਾਲ ਨੇ ਕੀਤਾ | ਇਸ ਉਪਰੰਤ ਮੁਲਕ ਦੇ ਨਾਮਵਰ ਫ਼ਿਲਮਸਾਜ਼ ਸੰਜੇ ਕਾਕ ਨੇ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਕੀਤੇ | ਉਹਨਾ ਦੀ ਨਿਰਦੇਸ਼ਨਾ ‘ਚ ਬਣੀ ਫ਼ਿਲਮ ‘ਮਾਟੀ ਕੇ ਲਾਲ’ ਜਦੋਂ ਵਿਖਾਈ ਗਈ ਤਾਂ 2 ਘੰਟੇ ਲੋਕਾਂ ਨੇ ਸਾਹ ਰੋਕ ਕੇ ਫ਼ਿਲਮ ਦੇਖੀ | ਮੇਲੇ ਦੇ ਤੀਜੇ ਅਤੇ ਆਖਰੀ ਦਿਨ 9 ਨਵੰਬਰ ਸਵੇਰੇ 10 ਵਜੇ ਕਮੇਟੀ ਮੈਂਬਰ ਹਰਦੇਵ ਅਰਸ਼ੀ ਗ਼ਦਰੀ ਝੰਡਾ ਲਹਿਰਾਉਣਗੇ | ਝੰਡੇ ਦਾ ਗੀਤ, ਅਰੁੰਧਤੀ ਰਾਏ, ਪ੍ਰਬੀਰ ਦਾ ਭਾਸ਼ਣ, ਵਿਚਾਰ-ਚਰਚਾ ਹੋਏਗੀ | ਸਾਰੀ ਰਾਤ ਨਾਟਕਾਂ ਅਤੇ ਗੀਤਾਂ ਦਾ ਪ੍ਰਵਾਹ 10 ਨਵੰਬਰ ਸਵੇਰ ਤੱਕ ਜਾਰੀ ਰਹੇਗਾ |