16.8 C
Jalandhar
Wednesday, November 20, 2024
spot_img

ਸਿੰਧੀਆ ਦੀ ਤਿਲਮਿਲਾਹਟ

ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਨੇ ‘ਦੀ ਇੰਡੀਅਨ ਐੱਕਸਪ੍ਰੈੱਸ’ ਅਖਬਾਰ ਵਿੱਚ ‘ਏ ਨਿਊ ਡੀਲ ਫਾਰ ਇੰਡੀਅਨ ਬਿਜ਼ਨਸ’ ਅਨੁਵਾਨ ਹੇਠ ਲਿਖੇ ਲੇਖ ਵਿਚ ਕਾਰਪੋਰੇਟ ਕੰਪਨੀਆਂ ਦੀ ਇਜਾਰੇਦਾਰੀ ਦੇ ਖਤਰੇ ਦੀ ਨਿਸ਼ਾਨਦੇਹੀ ਕਰਦਿਆਂ ਇਕ ਨਵਾਂ ਆਰਥਕ ਪ੍ਰਸਤਾਵ ਪੇਸ਼ ਕੀਤਾ। ਰਾਹੁਲ ਨੇ ਲਿਖਿਆਈਸਟ ਇੰਡੀਆ ਕੰਪਨੀ ਨੇ ਭਾਰਤ ਦੀ ਆਵਾਜ਼ ਕੁਚਲ ਦਿੱਤੀ ਸੀ। ਇਹ ਆਵਾਜ਼ ਆਪਣੀ ਵਪਾਰਕ ਤਾਕਤ ਨਾਲ ਨਹੀਂ, ਸਗੋਂ ਆਪਣੇ ਸ਼ਿਕੰਜੇ ਨਾਲ ਕੁਚਲੀ ਸੀ। ਕੰਪਨੀ ਨੇ ਸਾਡੇ ਰਾਜਿਆਂ-ਮਹਾਰਾਜਿਆਂ ਤੇ ਨਵਾਬਾਂ ਦੀ ਭਾਈਵਾਲੀ ਨਾਲ, ਉਨ੍ਹਾਂ ਨੂੰ ਰਿਸ਼ਵਤ ਦੇ ਕੇ ਤੇ ਧਮਕਾ ਕੇ ਭਾਰਤ ’ਤੇ ਰਾਜ ਕੀਤਾ। ਸਾਡੀ ਬੈਂਕਿੰਗ, ਨੌਕਰਸ਼ਾਹੀ ਤੇ ਸੂਚਨਾ ਨੈੱਟਵਰਕ ਨੂੰ ਕੰਟਰੋਲ ਕਰ ਲਿਆ ਸੀ। ਈਸਟ ਇੰਡੀਆ ਕੰਪਨੀ ਹੀ ਤੈਅ ਕਰਨ ਲੱਗੀ ਕਿ ਕੌਣ ਕੀ ਤੇ ਕਿਵੇਂ ਵੇਚ ਸਕਦਾ ਹੈ। ਕੰਪਨੀ ਨੇ ਸਾਡੇ ਕੱਪੜਾ ਉਦਯੋਗਾਂ ਤੇ ਮੈਨੂਫੈਕਚਰਿੰਗ ਸੈਕਟਰ ਨੂੰ ਵੀ ਨਸ਼ਟ ਕਰ ਦਿੱਤਾ ਸੀ। ਮੈਂ ਕਦੇ ਨਹੀਂ ਸੁਣਿਆ ਕਿ ਕੰਪਨੀ ਨੇ ਕਦੇ ਕੋਈ ਖੋਜ ਕੀਤੀ।
ਆਮ ਬੰਦਾ ਸਮਝ ਸਕਦਾ ਹੈ ਕਿ ਰਾਹੁਲ ਨੇ ਰਾਜਿਆਂ-ਰਜਵਾੜਿਆਂ ਦਾ ਜ਼ਿਕਰ ਸਰਸਰੀ ਤੌਰ ’ਤੇ ਕੀਤਾ। ਉਸ ਨੇ ਦਰਅਸਲ ਕਾਰਪੋਰੇਟ ਇਜਾਰੇਦਾਰੀ ਦਾ ਨੁਕਤਾ ਉਭਾਰਿਆ, ਜਿਸ ਨੇ ਕਦੇ ਭਾਰਤ ਨੂੰ ਗੁਲਾਮ ਬਣਾਇਆ ਸੀ। ਇਸ ਵੇਲੇ ਵੀ ਲੋਕਾਂ ਨੂੰ ਡਰਾ-ਧਮਕਾ ਕੇ ਜਾਂ ਰਿਸ਼ਵਤ ਦੇ ਕੇ ਚੋਣਵੀਆਂ ਕਾਰਪੋਰੇਟ ਕੰਪਨੀਆਂ ਲਈ ਇਜਾਰੇਦਾਰੀ ਦਾ ਰਾਹ ਖੋਲ੍ਹਿਆ ਜਾ ਰਿਹਾ ਹੈ।
ਕਿਸੇ ਵੇਲੇ ਕਾਂਗਰਸ ਸਰਕਾਰਾਂ ਵਿੱਚ ਮੰਤਰੀ ਰਹੇ ਤੇ ਹੁਣ ਭਾਜਪਾ ’ਚ ਵਿਚਰ ਰਹੇ ‘ਸ੍ਰੀਮੰਤ’ ਜਿਓਤਿਰਾਦਿੱਤਿਆ ਸਿੰਧੀਆ ਨੂੰ ਰਾਹੁਲ ਦੀ ਰਾਜਿਆਂ-ਰਜਵਾੜਿਆਂ ਦੀ ਗੱਲ ’ਤੇ ਬਹੁਤ ਮਿਰਚਾਂ ਲੱਗੀਆਂ ਹਨ। ਉਨ੍ਹਾ ਕਿਹਾ ਹੈਭਾਰਤ ਦੀ ਅਮੀਰ ਵਿਰਾਸਤ ਬਾਰੇ ਰਾਹੁਲ ਗਾਂਧੀ ਦੀ ਅਗਿਆਨਤਾ ਤੇ ਉਨ੍ਹਾ ਦੀ ਬਸਤੀਵਾਦੀ ਮਾਨਸਿਕਤਾ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਜੇ ਰਾਹੁਲ ਦੇਸ਼ ਦੇ ਉਥਾਨ ਦੀ ਗੱਲ ਕਰਦੇ ਹਨ ਤਾਂ ਭਾਰਤ ਮਾਤਾ ਦਾ ਅਪਮਾਨ ਬੰਦ ਕਰ ਦੇਣ ਅਤੇ ਮਹਾਦਜੀ ਸਿੰਧੀਆ, ਯੁਵਰਾਜ ਬੀਰ ਟਿਕੇਂਦਰਜੀਤ, ਕਿੱਤੂਰ ਚੇਨੰਮਾ ਤੇ ਰਾਣੀ ਵੇਲੂ ਨਚਿਆਰ ਵਰਗੇ ਸੱਚੇ ਭਾਰਤੀ ਨਾਇਕਾਂ ਬਾਰੇ ਜਾਣਨ, ਜਿਹੜੇ ਸਾਡੀ ਆਜ਼ਾਦੀ ਲਈ ਵਧ-ਚੜ੍ਹ ਕੇ ਲੜੇ।
ਸਿੰਧੀਆ ਨੇ ਜਿਨ੍ਹਾਂ ਨਾਵਾਂ ਦਾ ਜ਼ਿਕਰ ਕੀਤਾ, ਉਨ੍ਹਾਂ ਦਾ ਸੰਘਰਸ਼ ਉਸ ਸ਼ੁਰੂਆਤੀ ਦੌਰ ਦਾ ਹੈ, ਜਦੋਂ ਈਸਟ ਇੰਡੀਆ ਕੰਪਨੀ ਭਾਰਤ ਵਿੱਚ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਜਿਓਤਿਰਾਦਿੱਤਿਆ ਨੇ ਆਪਣੇ ਜਿਨ੍ਹਾਂ ਪੁਰਖਿਆਂ ਦਾ ਹਵਾਲਾ ਦਿੱਤਾ ਹੈ, ਉਨ੍ਹਾਂ 1782 ਵਿੱਚ ਅੰਗਰੇਜ਼ਾਂ ਨਾਲ ਹੋਈ ‘ਸਾਲਾਬਾਈ ਦੀ ਸੰਧੀ’ ਉੱਤੇ ਪੇਸ਼ਵਾ ਵੱਲੋਂ ਦਸਤਖਤ ਕੀਤੇ ਸਨ। ਇਸ ਦੇ ਨਾਲ ਹੀ ਅੰਗਰੇਜ਼ਾਂ ਨਾਲ ਸੰਘਰਸ਼ ਦਾ ਇਰਾਦਾ ਖਤਮ ਹੋ ਗਿਆ ਸੀ। ਇਹੀ ਨਹੀਂ, 1783 ਵਿੱਚ ਮਹਾਦਜੀ ਜੇ ਗੋਹਦ ਦੇ ਰਾਜਾ ਤੋਂ ਗਵਾਲੀਅਰ ਦਾ ਕਿਲ੍ਹਾ ਖੋਹ ਸਕੇ ਤਾਂ ਉਹ ਅੰਗਰੇਜ਼ਾਂ ਦੀ ਹਮਾਇਤ ਨਾਲ ਹੀ ਸੰਭਵ ਹੋਇਆ ਸੀ। ਮਹਾਦਜੀ ਸਿੰਧੀਆ ਨੇ ਆਪਣੀ ਸ਼ਕਤੀ ਤਮਾਮ ਰਾਜਪੂਤ ਰਾਜਿਆਂ ਨਾਲ ਯੁੱਧ ਕਰਕੇ ਵਧਾਈ, ਨਾ ਕਿ ਅੰਗਰੇਜ਼ਾਂ ਨਾਲ ਲੜ ਕੇ। ਅੰਤ ਵਿੱਚ ਮੁਗਲ ਸਾਮਰਾਜ ਦੇ ‘ਵਕੀਲ-ਉਲ-ਮੁਤਲਕ’ ਬਣੇ। ਇਹ ਉਪਾਧੀ ਉਨ੍ਹਾ ਨੂੰ ਮੁਗਲ ਸਮਰਾਟ ਸ਼ਾਹ ਆਲਮ ਨੇ ਦਿੱਤੀ ਸੀ। ਸੱਚਾਈ ਇਹ ਹੈ ਕਿ ਈਸਟ ਇੰਡੀਆ ਕੰਪਨੀ ਦੇ ਰਾਜ ਖਿਲਾਫ ਰਾਜਿਆਂ-ਰਜਵਾੜਿਆਂ ਦਾ ਅੰਤਮ ਸੰਘਰਸ਼ 1857 ਵਿੱਚ ਹੋਇਆ, ਪਰ ਇਸ ਦੌਰ ’ਚ ਵੀ ਅੰਗਰੇਜ਼ਾਂ ਦਾ ਸਾਥ ਦੇਣ ਵਾਲੇ ਰਾਜਿਆਂ-ਰਜਵਾੜਿਆਂ ਦੀ ਤਾਦਾਦ, ਉਸ ਨਾਲ ਲੜਨ ਵਾਲਿਆਂ ਨਾਲੋਂ ਕਈ ਗੁਣਾ ਵੱਧ ਰਹੀ। ਖੁਦ ਜਿਓਤਿਰਦਿੱਤਿਆ ਦੇ ਪੁਰਖੇ ਜਯਾਜੀਰਾਵ ਸਿੰਧੀਆ ਇਸ ਦੀ ਮਿਸਾਲ ਹਨ, ਜਿਨ੍ਹਾ ਪਹਿਲੇ ਆਜ਼ਾਦੀ ਸੰਘਰਸ਼ ਵਿੱਚ ਅੰਗਰੇਜ਼ਾਂ ਦਾ ਸਾਥ ਨਾ ਦਿੱਤਾ ਹੁੰਦਾ ਤਾਂ ਇਤਿਹਾਸ ਹੀ ਬਦਲ ਗਿਆ ਹੁੰਦਾ। ਜਿਓਤਿਰਦਿੱਤਿਆ ਸਿੰਧੀਆ ਦੇ ਪੁਰਖਾਂ ਨੇ ਜੋ ਕੀਤਾ, ਉਸ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ, ਪਰ ਇਤਿਹਾਸ ਨੂੰ ਵੀ ਨਹੀਂ ਬਦਲਿਆ ਜਾ ਸਕਦਾ। 1857 ਦੀ ਕ੍ਰਾਂਤੀ ਦੀ ਨਾਕਾਮੀ ਦੇ ਬਾਅਦ ਨਾਨਾ ਸਾਹਿਬ ਪੇਸ਼ਵਾ, ਰਾਣੀ ਲਕਸ਼ਮੀ ਬਾਈ ਤੇ ਤਾਂਤੀਆ ਟੋਪੇ ਦਾ ਸਾਥ ਨਾ ਦੇਣ ਦੇ ਇਵਜ਼ ਵਿਚ ਜਯਾਜੀਰਾਵ ਸਿੰਧੀਆ ਨੂੰ ਅੰਗਰੇਜ਼ ਸਰਕਾਰ ਨੇ ‘ਫਿਦਵੀ-ਏ-ਹਜ਼ਰਤ-ਏ-ਮਲਿਕਾ-ਏ-ਮੁਅੱਜ਼ਮਾ-ਏ-ਰਫ਼ੀ-ਉਦ-ਦਰਜਾ-ਏ-ਇੰਗਲਿਸ਼’ ਦਾ ਖਿਤਾਬ ਦਿੱਤਾ, ਜਿਸ ਦਾ ਅਰਥ ‘ਮਹਾਨ ਬਿਟਿ੍ਰਸ਼ ਮਹਾਰਾਣੀ ਦਾ ਸਭ ਤੋਂ ਵੱਡਾ ਸਵਾਮੀ ਭਗਤ ਤੇ ਅੰਗਰੇਜ਼ਾਂ ਦਾ ਸਭ ਤੋਂ ਮਹਾਨ ਦੋਸਤ’ ਹੈ। ਰਾਣੀ ਲਕਸ਼ਮੀ ਬਾਈ ਦੀ ਜਗੀਰ ਸਿੰਧੀਆ ਦੇ ਹਵਾਲੇ ਕਰ ਦਿੱਤੀ ਗਈ। 1886 ਵਿੱਚ ਜਦ ਜੈਵਿਲਾਸ ਪੈਲੇਸ ’ਚ ਜਯਾਜੀਰਾਵ ਸਿੰਧੀਆ ਨੇ ਆਖਰੀ ਸਾਹ ਲਈ, ਉਹ ‘ਸੀ ਆਈ ਏ’ ਯਾਨਿ ‘ਕੰਪੇਨੀਅਨ ਆਫ ਇੰਡੀਅਨ ਅੰਪਾਇਰ’ ਦੀ ਉਪਾਧੀ ਪਾ ਚੁੱਕੇ ਸਨ। ਇਹ ਉਪਾਧੀ ਏਸ਼ੀਆ ਦੇ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਂਦੀ ਸੀ, ਜਿਹੜੇ ਇਸ ਮਹਾਂਦੀਪ ਵਿਚ ਬਿ੍ਰਟਿਸ਼ ਸਾਮਰਾਜ ਦੇ ਵਿਸਤਾਰ ’ਚ ‘ਸਾਥੀ’ ਦੀ ਭੂਮਿਕਾ ਅਦਾ ਕਰਦੇ ਸਨ। ਇਹੀ ਵਜ੍ਹਾ ਹੈ ਕਿ ਸਿੰਧੀਆ ਘਰਾਣੇ ਦੇ ਵਾਰਸ ਹੋਣ ਦੇ ਨਾਤੇ ਜਿਓਤਿਰਦਿੱਤਿਆ ਸਿੰਧੀਆ ਕੋਲ ਤਮਾਮ ਪੈਲੇਸ ਬਰਕਰਾਰ ਹਨ, ਜਦਕਿ 1857 ਦੀ ਕ੍ਰਾਂਤੀ ਦਾ ਪ੍ਰਤੀਕ ਰਿਹਾ ਲਾਲ ਕਿਲ੍ਹਾ ਸਰਕਾਰੀ ਸੰਪਤੀ ਹੈ। ਅੰਤਮ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਦੇ ਵਾਰਸਾਂ ਦਾ ਕੋਈ ਅਤਾ-ਪਤਾ ਨਹੀਂ। ਹਾਲਾਂਕਿ ਲਾਲ ਕਿਲ੍ਹੇ ਦੇ ਕਰੀਬ ਖ਼ੂਨੀ ਦਰਵਾਜ਼ਾ ਅੱਜ ਵੀ ਮੌਜੂਦ ਹੈ, ਜਿੱਥੇ 22 ਸਤੰਬਰ ਨੂੰ ਬਹਾਦਰ ਸ਼ਾਹ ਜ਼ਫਰ ਦੇ ਬੇਟੇ ਤੇ ਵਿਦਰੋਹੀ ਸੈਨਾ ਦੇ ਮੁਖੀ ਮਿਰਜ਼ਾ ਮੁਗਲ, ਮਿਰਜ਼ਾ ਖਿਜ਼ਰ ਸੁਲਤਾਨ ਤੇ ਮਿਰਜ਼ਾ ਮੁਗਲ ਦੇ ਬੇਟੇ ਮਿਰਜ਼ਾ ਅਬੂਬਰਕ ਨੂੰ ਕੈਪਟਨ ਵਿਲਿਅਮ ਹੌਡਸਨ ਨੇ ਨਿਰਵਸਤਰ ਕਰਕੇ ਗੋਲੀਆਂ ਨਾਲ ਉਡਾ ਦਿੱਤਾ ਸੀ। ਉਹ ਚਾਂਦਨੀ ਚੌਕ ਵੀ ਮੌਜੂਦ ਹੈ, ਜਿੱਥੇ ਇਕ ਚਬੂਤਰੇ ’ਤੇ ਇਨ੍ਹਾਂ ਸ਼ਹਿਜ਼ਾਦਿਆਂ ਦੀਆਂ ਨਗਨ ਦੇਹਾਂ ਦਾ ਜਨਤਕ ਪ੍ਰਦਰਸ਼ਨ ਕੀਤਾ ਗਿਆ। ਰਜਵਾੜਿਆਂ ਦੀ ਅੰਗਰੇਜ਼-ਭਗਤੀ ਦੀ ਅਜਿਹੀ ਮਿਸਾਲ ਇਤਿਹਾਸ ਵਿੱਚ ਦੂਜੀ ਨਹੀਂ ਹੈ। ਜਿਓਤਿਰਦਿੱਤਿਆ ਉਸੇ ਜਯਾਜੀਰਾਵ ਦੇ ਖਾਨਦਾਨ ’ਚੋਂ ਹਨ।

Related Articles

Latest Articles