17 C
Jalandhar
Thursday, November 21, 2024
spot_img

ਬਿੱਟੂ ਦਾ ਬਿਆਨ ਪੰਜਾਬ ’ਚ ਅਸ਼ਾਂਤੀ ਫੈਲਾਉਣ ਵਾਲਾ : ਸੇਖੋਂ

ਚੰਡੀਗੜ੍ਹ : ਭਾਜਪਾ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਪੰਜਾਬ ਦੇ ਕਿਸਾਨ ਆਗੂਆਂ ਦੀ ਤੁਲਨਾ ਦੁਨੀਆ ਭਰ ’ਚ ਬਦਨਾਮ ਦਹਿਸ਼ਤਗਰਦਾਂ ਤਾਲਿਬਾਨ ਨਾਲ ਕਰਨਾ ਜਿੱਥੇ ਅਤੀ ਨਿੰਦਾਜਨਕ ਹੈ ਉਥੇ ਪੰਜਾਬ ਦੇ ਹਾਲਾਤ ਖ਼ਰਾਬ ਕਰਨ ਵੱਲ ਇਸ਼ਾਰਾ ਵੀ ਹੈ। ਇਹ ਦੋਸ਼ ਲਾਉਦਿਆਂ ਸੀ ਪੀ ਆਈ ਐਮ ਪੰਜਾਬ ਦੇ ਸਕੱਤਰ ਕਾ. ਸੁਖਵਿੰਦਰ ਸਿੰਘ ਸੇਖੋਂ ਨੇ ਭਾਜਪਾ ਹਾਈਕਮਾਂਡ ਤੋਂ ਮੰਗ ਕੀਤੀ ਕਿ ਇਸ ਬਿਆਨ ਸੰਬੰਧੀ ਆਪਣਾ ਪੱਖ ਸਪੱਸ਼ਟ ਕਰੇ। ਵਰਨਣਯੋਗ ਹੈ ਕਿ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਬੀਤੇ ਦਿਨ ਸ੍ਰੀ ਮੁਕਤਸਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਆਗੂਆਂ ਦੀ ਤਾਲਿਬਾਨਾਂ ਨਾਲ ਤੁਲਨਾ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦੀਆਂ ਜਾਇਦਾਦਾਂ ਦੀ ਜਾਂਚ ਕਰਵਾਈ ਜਾਵੇਗੀ।
ਕਾ. ਸੇਖੋਂ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਅਧਾਰਤ ਸੂਬਾ ਹੈ ਅਤੇ ਦਿੱਲੀ ਵਿਖੇ ਕੀਤੇ ਵੱਡੇ ਕਿਸਾਨ ਅੰਦੋਲਨ ਸਮੇਂ ਪੰਜਾਬ ਦੇ ਕਿਸਾਨ ਆਗੂਆਂ ਨੇ ਮੋਹਰੀ ਭੂਮਿਕਾ ਨਿਭਾਈ ਸੀ, ਜਿਸ ਦੀ ਦੁਨੀਆ ਭਰ ਵਿੱਚ ਸ਼ਲਾਘਾ ਹੋਈ ਸੀ। ਇਨ੍ਹਾਂ ਕਿਸਾਨ ਆਗੂਆਂ ਦੀ ਅਗਵਾਈ ਵਿੱਚ ਇਹ ਮੋਰਚਾ ਜਿੱਤਿਆ ਗਿਆ ਸੀ । ਉਨ੍ਹਾ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਿਸਾਨੀ ਨੂੰ ਖਤਮ ਕਰਨ ਵਾਲੀਆਂ ਨੀਤੀਆਂ ਲਾਗੂ ਕਰਨ ਤੋਂ ਰੋਕਣ ਲਈ ਕਿਸਾਨ ਜਥੇਬੰਦੀਆਂ ਹਮੇਸ਼ਾ ਸੰਘਰਸ਼ ਕਰਦੀਆਂ ਰਹੀਆਂ ਹਨ। ਸੂਬਾ ਸਕੱਤਰ ਨੇ ਕਿਹਾ ਕਿ ਰਵਨੀਤ ਬਿੱਟੂ ਕੋਈ ਆਮ ਵਰਕਰ ਨਹੀਂ, ਉਹ ਕੇਂਦਰ ਸਰਕਾਰ ਦਾ ਵਜ਼ੀਰ ਹੈ, ਇਸ ਲਈ ਉਸ ਵੱਲੋਂ ਦਿੱਤਾ ਜਾਣ ਵਾਲਾ ਬਿਆਨ ਕੇਂਦਰ ਸਰਕਾਰ ਦੀ ਨੀਤੀ ਦਾ ਹਿੱਸਾ ਹੀ ਮੰਨਿਆ ਜਾਵੇਗਾ। ਆਗੂਆਂ ਦੀਆਂ ਜਾਇਦਾਦਾਂ ਦੀ ਜਾਂਚ ਕਰਵਾਉਣਾ ਜਾਂ ਨਾ ਕਰਵਾਉਣਾ ਸਰਕਾਰ ਦਾ ਕੰਮ ਹੈ, ਪਰ ਕਿਸਾਨ ਆਗੂਆਂ ਨੂੰ ਤਾਲਿਬਾਨੀ ਕਹਿਣਾ ਨਿਖੇਧੀਯੋਗ ਹੈ। ਇਸ ਬਿਆਨ ਵਿੱਚੋਂ ਕਿਸਾਨ ਆਗੂਆਂ ਤੇ ਤਾਲਿਬਾਨ ਦਹਿਸ਼ਤਗਰਦਾਂ ਵਾਂਗ ਪਾਬੰਦੀਆਂ ਲਾ ਕੇ ਪੰਜਾਬ ਦੇ ਹਾਲਾਤ ਖ਼ਰਾਬ ਕਰਨ ਦੀ ਸਾਜਿਸ਼ ਦੀ ਬੋਅ ਆਉਦੀ ਹੈ।ਕਾ. ਸੇਖੋਂ ਨੇ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ, ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਇਸ ਰਾਜ ਵਿੱਚ ਸ਼ਾਂਤੀ ਰੱਖਣੀ ਜ਼ਰੂਰੀ ਹੈ, ਪਰ ਬਿੱਟੂ ਦਾ ਬਿਆਨ ਅਸ਼ਾਂਤੀ ਫੈਲਾਉਣ ਵਾਲਾ ਹੈ। ਉਨ੍ਹਾ ਭਾਜਪਾ ਦੀ ਹਾਈਕਮਾਂਡ ਤੋਂ ਵੀ ਮੰਗ ਕੀਤੀ ਕਿ ਪਾਰਟੀ ਪੱਧਰ ’ਤੇ ਇਸ ਬਿਆਨ ਬਾਰੇ ਆਪਣਾ ਪ੍ਰਤੀਕਰਮ ਸਪੱਸ਼ਟ ਕਰੇ। ਇਸ ਦੌਰਾਨ ਬਿੱਟੂ ਵੱਲੋਂ ਕਿਸਾਨ ਆਗੂਆਂ ਖ਼ਿਲਾਫ਼ ਭੜਕਾਊ ਤੇ ਜਰਕਾਊ ਬਿਆਨ ਦਿੱਤੇ ਜਾਣ ਦੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਸਖ਼ਤ ਨਿਖੇਧੀ ਕਰਦਿਆਂ ਬਿੱਟੂ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਆਖਿਆ ਕਿ ਭਾਜਪਾ ਸਰਕਾਰ ਸਮੇਤ ਵੱਖ ਵੱਖ ਸਰਕਾਰਾਂ ਦੀਆਂ ਕਿਸਾਨਾਂ ਮਜ਼ਦੂਰਾਂ ਤੇ ਦੇਸ਼ ਵਿਰੋਧੀ ਨੀਤੀਆਂ ਖ਼ਿਲਾਫ਼ ਸੰਘਰਸ਼ ਦੇ ਰਾਹ ਡਟੇ ਹੋਏ ਕਿਸਾਨ ਆਗੂਆਂ ਖ਼ਿਲਾਫ਼ ਮੌਕਾਪ੍ਰਸਤ ਸਿਆਸਤਦਾਨ ਰਵਨੀਤ ਸਿੰਘ ਬਿੱਟੂ ਦਾ ਬਿਆਨ ਭਾਜਪਾ ਸਰਕਾਰ ਦੀ ਭੜਕਾਹਟ ਦਾ ਸੂਚਕ ਹੈ। ਉਨ੍ਹਾਂ ਆਖਿਆ ਕਿ ਇਹ ਬਿੱਟੂ ਦੀ ਮੌਕਾਪ੍ਰਸਤੀ ਹੀ ਹੈ ਜੋ ਇਤਿਹਾਸਕ ਕਿਸਾਨ ਅੰਦੋਲਨ ਸਮੇਂ ਨਰਿੰਦਰ ਮੋਦੀ ਤੇ ਉਸ ਦੀ ਸਰਕਾਰ ਖ਼ਿਲਾਫ ਬਿਆਨ ਦਿੰਦਾ ਰਿਹਾ ਅਤੇ ਕਿਸਾਨ ਸੰਘਰਸ਼ ਦੀ ਜੈ-ਜੈ ਕਾਰ ਕਰਦਾ ਰਿਹਾ, ਪਰ ਹੁਣ ਆਪਣੇ ਨਿੱਜੀ ਹਿੱਤਾਂ ਲਈ ਯੂ ਟਰਨ ਲੈਂਦਿਆਂ ਮੋਦੀ ਦੀ ਗੋਦੀ ’ਚ ਬੈਠ ਕੇ ਉਸ ਦੇ ਗੁਣਗਾਨ ਕਰ ਰਿਹਾ ਹੈ ਅਤੇ ਕਿਸਾਨ ਆਗੂਆਂ ਵਿਰੁੱਧ ਜ਼ਹਿਰ ਉਗਲਣ ਲੱਗ ਪਿਆ ਹੈ।
ਉਨ੍ਹਾਂ ਸਮੂਹ ਲੋਕ ਹਿਤੈਸ਼ੀ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਬਿੱਟੂ ਵੱਲੋਂ ਕਿਸਾਨ ਆਗੂਆਂ ਖ਼ਿਲਾਫ਼ ਦਿੱਤੇ ਭੜਕਾਊ ਬਿਆਨ ਵਿਰੁੱਧ ਅਵਾਜ਼ ਉਠਾਉਣ ਦਾ ਸੱਦਾ ਦਿੱਤਾ।

Related Articles

Latest Articles