ਰਾਮਗੜ੍ਹ (ਬਿਹਾਰ) : ਜਨ ਸੁਰਾਜ ਦੇ ਬਾਨੀ ਪ੍ਰਸ਼ਾਂਤ ਕਿਸ਼ੋਰ ਨੇ ਐਤਵਾਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਨਿਰਲੱਜ ਗਰਦਾਨਦਿਆਂ ਕਿਹਾ ਕਿ ਉਸਨੇ ਭਾਜਪਾ ਨਾਲ ਗੱਠੋਜੜ ਕਰਕੇ ਮੁਸਲਮਾਨਾਂ ਦੀ ਪਿੱਠ ’ਚ ਛੁਰਾ ਮਾਰਿਆ। ਨਿਤੀਸ਼ ਕੁਮਾਰ ਦੇ ਕਿਸੇ ਵੇਲੇ ਅੱਤ ਦੇ ਕਰੀਬੀ ਰਹੇ ਸਾਬਕਾ ਚੋਣ ਰਣਨੀਤੀਕਾਰ ਨੇ ਇਹ ਦੋਸ਼ ਨਿਤੀਸ਼ ਵੱਲੋਂ ਚਾਰ ਅਸੰਬਲੀ ਸੀਟਾਂ ਦੀ ਜ਼ਿਮਨੀ ਚੋਣ ਦੌਰਾਨ ਮੁਸਲਮਾਨਾਂ ਨੂੰ ਰਿਝਾਉਣ ਸੰਬੰਧੀ ਸਵਾਲ ਦੇ ਜਵਾਬ ’ਚ ਲਾਇਆ।
ਕਿਸ਼ੋਰ ਨੇ ਕਿਹਾ ਕਿ ਨਿਤੀਸ਼ ਨੇ 2015 ਵਿੱਚ ਮੁਸਲਮਾਨਾਂ ਦੀ ਜ਼ਬਰਦਸਤ ਹਮਾਇਤ ਨਾਲ ਸਰਕਾਰ ਬਣਾਈ ਤੇ ਦੋ ਸਾਲ ਬਾਅਦ ਭਾਜਪਾ ਨਾਲ ਗੱਠਜੋੜ ਕਰ ਲਿਆ। ਕਿਸ਼ੋਰ ਨੇ ਅੱਗੇ ਕਿਹਾਮੁਸਲਮਾਨਾਂ ਨੇ ਦੋ ਕੁ ਸਾਲ ਪਹਿਲਾਂ ਮਹਾਗੱਠਬੰਧਨ ਦੀ ਸਰਕਾਰ ਬਣਾਉਣ ’ਚ ਵੀ ਨਿਤੀਸ਼ ਦੀ ਹਮਾਇਤ ਕੀਤੀ ਪਰ ਉਹ ਫਿਰ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਵਿੱਚ ਵੜ ਗਿਆ। ਹੁਣ ਉਸਦੀ ਪਾਰਟੀ ਉਸ ਕੇਂਦਰੀ ਸਰਕਾਰ ਵਿਚ ਭਾਈਵਾਲ ਹੈ, ਜਿਸਨੇ ਵਿਵਾਦਗ੍ਰਸਤ ਵਕਫ ਬਿੱਲ ਲਿਆਂਦਾ ਹੈ। ਨਿਤੀਸ਼ ਕੁਮਾਰ ਨਿਰਲੱਜ ਆਦਮੀ ਹੈ, ਜਿਸਤੋਂ ਬਿਹਾਰ ਦੇ ਲੋਕ ਦੁਖੀ ਹੋ ਚੁੱਕੇ ਹਨ ਤੇ ਉਸਨੂੰ ਸੱਤਾ ਤੋਂ ਬੇਦਖਲ ਕਰਨਾ ਚਾਹੁੰਦੇ ਹਨ।
ਜਨਤਾ ਦਲ (ਯੂ) ਦੇ ਸਾਬਕਾ ਕੌਮੀ ਉਪ ਪ੍ਰਧਾਨ ਕਿਸ਼ੋਰ, ਜਿਸਨੂੰ ਨਾਗਰਿਕਤਾ ਸੋਧ ਕਾਨੂੰਨ (ਸੀ ਏ ਏ) ’ਤੇ ਨਿਤੀਸ਼ ਕੁਮਾਰ ਨਾਲ ਜਨਤਕ ਬਹਿਸ ਕਾਰਨ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ, ਨੇ ਇਹ ਦੋਸ਼ ਵੀ ਲਾਇਆ ਕਿ ਨਿਤੀਸ਼ ਨੇ ਉਸ ਬਿੱਲ ਦੀ ਹਮਾਇਤ ਕੀਤੀ ਜਿਸਨੇ ਮੁਸਲਮਾਨਾਂ ਤੋਂ ਵੋਟ ਦਾ ਹੱਕ ਖੋਹ ਲੈਣ ਦਾ ਖਤਰਾ ਪੈਦਾ ਕਰ ਦਿੱਤਾ ਸੀ।
ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ‘ਬਟੇਂਗੇ ਤੋਂ ਕਟੇਂਗੇ’ ਦੇ ਨਾਅਰੇ ਬਾਰੇ ਪੁੱਛੇ ਜਾਣ ’ਤੇ ਕਿਸ਼ੋਰ ਨੇ ਕਿਹਾਹਿੰਦੂਆਂ ਨੂੰ ਅਸੁਰੱਖਿਅਤ ਮਹਿੂਸਸ ਕਰਾ ਕੇ ਚੋਣ ਲਾਹਾ ਲੈਣ ਦੀ ਇਹ ਭਾਜਪਾ ਦੀ ਪੁਰਾਣੀ ਰਣਨੀਤੀ ਹੈ। ਪਾਰਟੀ ਨੂੰ ਬਿਹਾਰ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਮੋਦੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਲੈ ਕੇ ਬਿਹਾਰ ਵਿੱਚ ਕਿੰਨੀਆਂ ਫੈਕਟਰੀਆਂ ਲਾਈਆਂ।