ਛਤਰਪਤੀ ਸੰਭਾਜੀ ਨਗਰ : ਭਾਜਪਾ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਰਾਓਸਾਹਿਬ ਦਾਨਵੇ ਨੇ ਇਕ ਵਿਅਕਤੀ ਨੂੰ ਲੱਤ ਮਾਰ ਕੇ ਫ੍ਰੇਮ ਤੋਂ ਬਾਹਰ ਕਰ ਦਿੱਤਾ, ਜਦੋਂ ਫੋਟੋ ਖਿਚਵਾਈ ਦੌਰਾਨ ਉਹ ਫਰੇਮ ਵਿਚ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਭਾਜਪਾ ਦੇ ਸੀਨੀਅਰ ਨੇਤਾ 20 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਮਹਾਰਾਸ਼ਟਰ ’ਚ ਪ੍ਰਚਾਰ ਕਰ ਰਹੇ ਹਨ। ਸੋਮਵਾਰ ਜਾਲਨਾ ਜ਼ਿਲੇ੍ਹ ਦੇ ਭੋਕਰਦਾਨ ’ਚ ਦਾਨਵੇ ਨੇ ਸ਼ਿਵ ਸੈਨਾ ਨੇਤਾ ਅਤੇ ਸਾਬਕਾ ਮੰਤਰੀ ਅਰਜੁਨ ਖੋਟਕਰ ਨਾਲ ਮੁਲਾਕਾਤ ਕੀਤੀ।
ਵੀਡੀਓ ’ਚ ਦਿਖਾਇਆ ਗਿਆ ਹੈ ਕਿ ਇੱਕ ਵਿਅਕਤੀ ਫਰੇਮ ’ਚ ਆਉਂਦਾ ਹੈ ਅਤੇ ਦਾਨਵੇ ਉਸ ਨੂੰ ਆਪਣੀ ਸੱਜੀ ਲੱਤ ਨਾਲ ਮਾਰਦਾ ਹੈ ਤੇ ਉਸ ਨੂੰ ਇੱਕ ਪਾਸੇ ਜਾਣ ਲਈ ਕਹਿੰਦਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੀ ਪਛਾਣ ਸ਼ੇਖ ਦੇ ਤੌਰ ’ਤੇ ਦੱਸਣ ਵਾਲੇ ਵਿਅਕਤੀ ਨੇ ਕਿਹਾਮੈਂ ਰਾਓਸਾਹਿਬ ਦਾਨਵੇ ਦਾ ਕਰੀਬੀ ਦੋਸਤ ਹਾਂ ਅਤੇ ਸਾਡੀ 30 ਸਾਲਾਂ ਦੀ ਦੋਸਤੀ ਹੈ। ਜੋ ਖਬਰ ਵਾਇਰਲ ਹੋਈ ਹੈ, ਉਹ ਗਲਤ ਹੈ। ਮੈਂ ਸਿਰਫ ਦਾਨਵੇ ਦੀ ਕਮੀਜ਼ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਇਸ ਘਟਨਾ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਸ਼ਿਵ ਸੈਨਾ (ਯੂ ਬੀ ਟੀ) ਦੇ ਨੇਤਾ ਆਦਿੱਤਿਆ ਠਾਕਰੇ ਨੇ ਕਿਹਾਰਾਓਸਾਹਿਬ ਨੂੰ ਫੁੱਟਬਾਲ ’ਚ ਹੋਣਾ ਚਾਹੀਦਾ ਸੀ। ਭਾਜਪਾ ਵਰਕਰਾਂ ਨੂੰ ਪਿਛਲੇ ਦੋ ਸਾਲਾਂ ’ਚ ਕੁਝ ਨਹੀਂ ਮਿਲਿਆ। ਇਸ ਲਈ ਜੇ ਉਹ ਦੁਬਾਰਾ ਭਾਜਪਾ ਨੂੰ ਵੋਟ ਪਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਮੁੜ ਵਿਚਾਰ ਕਰਨਾ ਚਾਹੀਦਾ ਹੈ।