ਹਾਲਾਂਕਿ ਦੇਸ਼ ਦਾ ਬਹੁਤਾ ਧਿਆਨ ਮਹਾਰਾਸ਼ਟਰ ਤੇ ਝਾਰਖੰਡ ਦੀਆਂ ਅਸੰਬਲੀ ਚੋਣਾਂ ਦੇ ਨਤੀਜਿਆਂ ’ਤੇ ਟਿਕਿਆ ਹੋਇਆ ਹੈ, ਪੱਛਮੀ ਬੰਗਾਲ ਵਿਚ ਇਕ ਨਵੀਂ ਚੀਜ਼ ਦੇਖਣ ਨੂੰ ਮਿਲੀ ਹੈ, ਜਿੱਥੇ 6 ਅਸੰਬਲੀ ਸੀਟਾਂ ਦੀਆਂ ਜ਼ਿਮਨੀ ਚੋਣਾਂ ਲਈ ਅੱਜ ਵੋਟਾਂ ਪੈਣੀਆਂ ਹਨ। ਪਹਿਲੀ ਵਾਰ ਸੂਬੇ ਵਿੱਚ ਖੱਬੇ ਮੋਰਚੇ ’ਚ ਸੀ ਪੀ ਆਈ (ਐੱਮ ਐੱਲ) ਦੀ ਐਂਟਰੀ ਹੋਈ ਹੈ। ਨਾਰਥ 24 ਪਰਗਨਾ ਜ਼ਿਲ੍ਹੇ ਦੀ ਨੈਹਾਟੀ ਸੀਟ ਤੋਂ ਐਤਕੀਂ ਖੱਬੇ ਮੋਰਚੇ ਵੱਲੋਂ ਸੀ ਪੀ ਆਈ (ਐੱਮ ਐੱਲ) ਦੇ ਦੇਬਜਿਓਤੀ ਮਜੂਮਦਾਰ ਉਮੀਦਵਾਰ ਹਨ। 1969 ਤੋਂ ਇਸ ਸੀਟ ’ਤੇ ਸੀ ਪੀ ਆਈ (ਐੱਮ) ਦੀ ਦਾਅਵੇਦਾਰੀ ਰਹੀ ਹੈ, ਜਿਸ ਨੇ 1972, 1987 ਤੇ 1991 ਵਿੱਚ ਕਾਂਗਰਸ ਦੀ ਜਿੱਤ ਨੂੰ ਛੱਡ ਕੇ ਸੱਤ ਵਾਰ ਇਹ ਸੀਟ ਜਿੱਤੀ, ਪਰ 2011 ਤੋਂ ਤਿ੍ਰਣਮੂਲ ਕਾਂਗਰਸ ਦੇ ਪਾਰਥ ਭੌਮਿਕ ਜਿੱਤਦੇ ਆਏ ਹਨ। 2024 ’ਚ ਭੌਮਿਕ ਦੇ ਲੋਕ ਸਭਾ ਲਈ ਚੁਣੇ ਜਾਣ ਤੋਂ ਬਾਅਦ ਇਸ ਸੀਟ ਦੀ ਜ਼ਿਮਨੀ ਚੋਣ ਹੋ ਰਹੀ ਹੈ। ਇਨ੍ਹਾਂ ਜ਼ਿਮਨੀ ਚੋਣਾਂ ਵਿੱਚ ਇੱਕ ਹੋਰ ਅਹਿਮ ਗੱਲ ਇਹ ਹੈ ਕਿ ਇਸ ਵਾਰ ਖੱਬੇ ਮੋਰਚੇ ਤੇ ਕਾਂਗਰਸ ਵਿਚਾਲੇ ਚੋਣ ਗੱਠਜੋੜ ਨਹੀਂ ਹੋਇਆ। ਹਾਲਾਂਕਿ ਇਨ੍ਹਾਂ ਚੋਣਾਂ ਵਿੱਚ ਆਪੋਜ਼ੀਸ਼ਨ ਦੇ ਕਿਸੇ ਉਮੀਦਵਾਰ ਦੇ ਜਿੱਤਣ ਨਾਲ ਖਾਸ ਫਰਕ ਨਹੀਂ ਪੈਣਾ, ਕਿਉਕਿ 294 ਸੀਟਾਂ ਵਾਲੀ ਅਸੰਬਲੀ ’ਚ ਤਿ੍ਰਣਮੂਲ ਕੋਲ ਪਹਿਲਾਂ ਹੀ 215 ਸੀਟਾਂ ਹਨ, ਪਰ ਜ਼ਿਮਨੀ ਚੋਣਾਂ ’ਚ ਖੱਬੇ ਉਮੀਦਵਾਰਾਂ ਨੂੰ ਮਿਲਣ ਵਾਲੀਆਂ ਵੋਟਾਂ ਦੀ ਗਿਣਤੀ ਵਧਦੀ ਹੈ ਤਾਂ ਖੱਬੀ ਏਕਤਾ ਲਈ ਚੰਗਾ ਸੰਕੇਤ ਹੋ ਸਕਦੀ ਹੈ।
ਬਿਹਾਰ ਅਸੰਬਲੀ ਚੋਣਾਂ ਵਿੱਚ ਸੀ ਪੀ ਆਈ (ਐੱਮ ਐੱਲ) ਨੂੰ ਮਿਲੀਆਂ 12 ਸੀਟਾਂ ਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਮਿਲੀਆਂ ਦੋ ਸੀਟਾਂ ਨੇ ਖੱਬੇ ਮੋਰਚੇ ਦੇ ਨੀਤੀ ਘਾੜਿਆਂ ਨੂੰ ਮੁੜ ਵਿਚਾਰ ਕਰਨ ਲਈ ਮਜਬੂਰ ਕੀਤਾ ਹੈ। ਜੇ 2021 ਦੀਆਂ ਪੱਛਮੀ ਬੰਗਾਲ ਅਸੰਬਲੀ ਚੋਣਾਂ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਸੂਬੇ ਦੇ ਇਤਿਹਾਸ ’ਚ ਪਹਿਲੀ ਵਾਰ ਖੱੱਬੇ ਮੋਰਚੇ ਨੂੰ ਇਕ ਵੀ ਸੀਟ ਨਹੀਂ ਮਿਲੀ। ਵੋਟ ਪ੍ਰਤੀਸ਼ਤ ਵੀ ਸਿਰਫ 4.73 ਰਿਹਾ।
ਪੱਛਮੀ ਬੰਗਾਲ ’ਚ ਖੱਬੀਆਂ-ਜਮਹੂਰੀ ਤਾਕਤਾਂ ਲਈ ਸਥਾਨ ਹਮੇਸ਼ਾ ਮੌਜੂਦ ਰਿਹਾ ਹੈ, ਪਰ ਤਿ੍ਰਣਮੂਲ ਕਾਂਗਰਸ ਦੇ ਰਾਜ ਦੌਰਾਨ ਖੱਬੀਆਂ ਪਾਰਟੀਆਂ ਨੇ ਜਿਹੜੇ ਬਦਲ ਪੇਸ਼ ਕੀਤੇ, ਉਹ ਕਾਮਯਾਬ ਨਹੀਂ ਰਹੇ। ਕਾਂਗਰਸ ਨਾਲ ਮਿਲ ਕੇ ਚੋਣਾਂ ਲੜ ਕੇ ਕੁਝ ਹੱਥ-ਪੱਲੇ ਨਹੀਂ ਪਿਆ। ਖੱਬੀਆਂ ਪਾਰਟੀਆਂ ਦੇ ਕਾਰਕੁਨ ਤੇ ਹਮਦਰਦ ਵੱਡੀ ਗਿਣਤੀ ’ਚ ਉਸ ਬਦਲ ਵੱਲ ਆਕਰਸ਼ਤ ਹੁੰਦੇ ਹਨ, ਜਿਹੜਾ ਫਾਸ਼ੀਵਾਦੀ ਤਾਕਤਾਂ ਨੂੰ ਚੋਣ ਸ਼ਿਕਸਤ ਦੇਣ ਲਈ ਠੋਸ ਨੀਤੀ ਨਾਲ ਸਾਹਮਣੇ ਆਉਂਦਾ ਹੈ। ਕੌਮੀ ਪੱਧਰ ’ਤੇ ਸੁੰਗੜਦੀ ਭੂਮਿਕਾ ਦੇ ਮੱਦੇਨਜ਼ਰ ਅੱਜ ਖੱਬੀਆਂ ਪਾਰਟੀਆਂ ਨੂੰ ਵਧੇਰੇ ਠੋਸ ਰਣਨੀਤੀ ਅਪਨਾਉਣ ਦੀ ਲੋੜ ਹੈ। ਇਸ ਰਣਨੀਤੀ ਨਾਲ ਉਹ ਵੱਡਾ ਜਨ ਆਧਾਰ ਹਾਸਲ ਕਰ ਸਕਦੀਆਂ ਹਨ। ਪੱਛਮੀ ਬੰਗਾਲ ਦਾ ਤਜਰਬਾ ਸਫਲ ਰਹਿੰਦਾ ਹੈ ਤਾਂ ਸੈਕੂਲਰ ਸੋਚ ਵਾਲੇ ਲੋਕ ਮੁੜ ਖੱਬੀਆਂ ਪਾਰਟੀਆਂ ਵੱਲ ਆਕਰਸ਼ਤ ਹੋ ਸਕਦੇ ਹਨ।