ਮਾਨਸਾ : ਗੈਂਗਸਟਰ ਤੋਂ ਅੱਤਵਾਦੀ ਬਣੇ ਅਰਸ਼ ਡੱਲਾ ਦੇ ਨੈੱਟਵਰਕ ਨੂੰ ਇੱਕ ਹੋਰ ਝਟਕਾ ਦਿੰਦਿਆਂ ਕਾਊਂਟਰ ਇੰਟੈਲੀਜੈਂਸ (ਸੀ ਆਈ) ਬਠਿੰਡਾ ਦੀ ਟੀਮ ਨੇ ਮਾਨਸਾ ਪੁਲਸ ਨਾਲ ਸਾਂਝੇ ਅਪ੍ਰੇਸ਼ਨ ਵਿੱਚ ਮਾਨਸਾ ਗ੍ਰਨੇਡ ਹਮਲੇ ਦੇ ਮੁੱਖ ਮੁਲਜ਼ਮ ਸ਼ਿਮਲਾ ਸਿੰਘ, ਜਿਸ ਨੇ ਨੇ ਅਰਸ਼ ਡੱਲਾ ਦੇ ਨਿਰਦੇਸ਼ਾਂ ’ਤੇ ਪੈਟਰੋਲ ਪੰਪ ’ਤੇ ਗ੍ਰਨੇਡ ਸੁੱਟਿਆ ਸੀ, ਨੂੰ ਗਿ੍ਰਫਤਾਰ ਕਰਕੇ ਇਸ ਮਾਮਲੇ ਦੀ ਗੁੱਥੀ ਸੁਲਝਾ ਲਈ ਹੈ। ਇਹ ਜਾਣਕਾਰੀ ਡੀ ਜੀ ਪੀ ਗੌਰਵ ਯਾਦਵ ਨੇ ਦਿੱਤੀ।
ਇਹ ਸਫ਼ਲਤਾ ਗੁਰਪ੍ਰੀਤ ਸਿੰਘ ਹਰੀ ਨੌ ਉਰਫ਼ ਭੋਡੀ, ਜਿਸ ਨੂੰ ਅਰਸ਼ ਡੱਲਾ ਦੇ ਇਸ਼ਾਰੇ ’ਤੇ 9 ਅਕਤੂਬਰ ਨੂੰ ਮਾਰ ਦਿੱਤਾ ਗਿਆ ਸੀ, ਦੇ ਕਤਲ ਵਿੱਚ ਸ਼ਮੂਲੀਅਤ ਲਈ ਦੋ ਸ਼ੂਟਰਾਂ ਬਰਨਾਲਾ ਦੇ ਅਨਮੋਲਪ੍ਰੀਤ ਸਿੰਘ ਉਰਫ਼ ਵਿਸ਼ਾਲ ਅਤੇ ਖਰੜ ਦੇ ਨਵਜੋਤ ਸਿੰਘ ਉਰਫ਼ ਨੀਤੂ ਦੀ ਗਿ੍ਰਫ਼ਤਾਰੀ ਦੇ 72 ਘੰਟਿਆਂ ਤੋਂ ਵੀ ਘੱਟ ਸਮੇਂ ਅੰਦਰ ਹਾਸਲ ਹੋਈ ਹੈ।
ਜਾਣਕਾਰੀ ਅਨੁਸਾਰ ਬੀਤੀ 26 ਅਤੇ 27 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਮਾਨਸਾ ਦੇ ਸਿਰਸਾ ਰੋਡ ਸਥਿਤ ਜੀਓ ਦੇ ਪੈਟਰੋਲ ਪੰਪ ਸਟੇਸ਼ਨ ’ਤੇ ਹੈਂਡ ਗ੍ਰਨੇਡ ਹਮਲਾ ਕੀਤਾ ਗਿਆ ਸੀ। ਧਮਾਕੇ ਤੋਂ ਬਾਅਦ ਪੈਟਰੋਲ ਪੰਪ ਦੇ ਮਾਲਕ ਨੂੰ ਇੱਕ ਵਿਦੇਸ਼ੀ ਮੋਬਾਇਲ ਨੰਬਰ ਤੋਂ ਧਮਕੀ ਭਰੀ ਕਾਲ ਆਈ ਸੀ, ਜਿਸ ਵਿੱਚ ਫੋਨ ਕਰਨ ਵਾਲੇ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਅਤੇ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ।
ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਸ਼ਿਮਲਾ ਸਿੰਘ ਨੇ ਮਾਨਸਾ ਗ੍ਰਨੇਡ ਹਮਲੇ ਵਿੱਚ ਆਪਣੀ ਭੂਮਿਕਾ ਦਾ ਇਕਬਾਲ ਕਰਦਿਆਂ ਖੁਲਾਸਾ ਕੀਤਾ ਕਿ ਉਸ ਨੇ ਅਰਸ਼ ਡੱਲਾ ਦੇ ਨਿਰਦੇਸ਼ਾਂ ’ਤੇ ਗੜ੍ਹਸ਼ੰਕਰ ਇਲਾਕੇ ਤੋਂ ਇਹ ਗ੍ਰਨੇਡ ਹਾਸਲ ਕੀਤਾ ਸੀ।ਉਨ੍ਹਾ ਦੱਸਿਆ ਕਿ ਮੁੱਢਲੀ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਸ਼ਿਮਲਾ ਸਿੰਘ ਨੇ ਗੁਰਪ੍ਰੀਤ ਸਿੰਘ ਹਰੀ ਨੌ ਕਤਲ ਕਾਂਡ ਵਿੱਚ ਸ਼ਾਮਲ ਸ਼ੂਟਰਾਂ ਨੂੰ ਲੌਜਿਸਟਿਕਲ ਸਹਾਇਤਾ ਵੀ ਪ੍ਰਦਾਨ ਕੀਤੀ ਸੀ।
ਡੀ ਜੀ ਪੀ ਨੇ ਕਿਹਾ ਕਿ ਸ਼ਿਮਲਾ ਸਿੰਘ ਪਹਿਲਾਂ ਵੀ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸੀ ਅਤੇ ਅਪ੍ਰੈਲ 2023 ਵਿੱਚ ਸੀ ਆਈ ਬਠਿੰਡਾ ਨੇ ਉਸ ਨੂੰ ਤਿੰਨ ਪਿਸਤੌਲਾਂ ਸਮੇਤ ਗਿ੍ਰਫ਼ਤਾਰ ਕਰਕੇ ਉੱਤਰਾਖੰਡ ਦੇ ਇੱਕ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਸਬੰਧੀ ਦੀ ਉਸ ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ ਸੀ। ਸਾਜ਼ਿਸ਼ ਦੇ ਅਗਲੇ-ਪਿਛਲੇ ਸੰਬੰਧਾਂ ਦਾ ਪਤਾ ਲਾਉਣ ਲਈ ਹੋਰ ਪੁੱਛਗਿੱਛ ਜਾਰੀ ਹੈ। ਇਸ ਮਾਮਲੇ ਵਿੱਚ ਹੋਰ ਗਿ੍ਰਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।
ਇਸ ਸਬੰਧੀ ਐੱਸ ਐੱਸ ਪੀ ਮਾਨਸਾ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਉਕਤ ਮਾਮਲੇ ਦੀ ਅਗਲੇਰੀ ਜਾਂਚ ਲਈ ਐੱਸ ਪੀ ਇਨਵੈਸਟੀਗੇਸ਼ਨ ਮਾਨਸਾ ਮਨਮੋਹਨ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਦਾ ਗਠਨ ਕੀਤਾ ਗਿਆ ਸੀ। ਐੱਸ ਆਈ ਟੀ ਨੇ ਸੀ ਆਈ ਬਠਿੰਡਾ ਨਾਲ ਤਾਲਮੇਲ ਕਰਕੇ ਤੁਰੰਤ ਕਾਰਵਾਈ ਕਰਦਿਆਂ ਵਿਗਿਆਨਕ ਢੰਗ ਨਾਲ ਜਾਂਚ ਕੀਤੀ।
ਏ ਆਈ ਜੀ (ਸੀ ਆਈ) ਬਠਿੰਡਾ ਅਵਨੀਤ ਕੌਰ ਨੇ ਦੱਸਿਆ ਕਿ ਸੀ ਆਈ ਬਠਿੰਡਾ ਅਤੇ ਮਾਨਸਾ ਪੁਲਸ ਦੀਆਂ ਟੀਮਾਂ ਨੇ ਸਾਂਝੇ ਤੌਰ ’ਤੇ ਸ਼ਿਮਲਾ ਸਿੰਘ ਨੂੰ ਮਾਨਸਾ ਦੇ ਖੋਖਰ ਰੋਡ ਤੋਂ ਉਸ ਵੇਲੇ ਗਿ੍ਰਫ਼ਤਾਰ ਕੀਤਾ, ਜਦੋਂ ਉਹ ਪੈਦਲ ਕਿਤੇ ਜਾ ਰਿਹਾ ਸੀ।