18.3 C
Jalandhar
Thursday, November 21, 2024
spot_img

ਕੈਨੇਡਾ ’ਚ ਅਰਸ਼ ਡੱਲਾ ਦੀ ਗਿ੍ਰਫਤਾਰੀ ਦੀ ਪੁਸ਼ਟੀ

ਵੈਨਕੂਵਰ : ਕੈਨੇਡਾ ਪੁਲਸ ਨੇ ਪਿਛਲੇ ਦਿਨੀਂ ਹਾਲਟਨ ਇਲਾਕੇ ਵਿਚ ਗੋਲੀਆਂ ਚੱਲਣ ਦੇ ਮਾਮਲੇ ’ਚ ਜਿਨ੍ਹਾਂ ਦੋ ਨੌਜਵਾਨਾਂ ਨੂੰ ਗਿ੍ਰਫਤਾਰ ਕੀਤਾ ਸੀ, ਉਨ੍ਹਾਂ ’ਚ ਗੈਂਗਸਟਰ ਅਰਸ਼ਦੀਪ ਸਿੰਘ ਗਿੱਲ ਉਰਫ ਅਰਸ਼ ਡੱਲਾ ਵੀ ਸੀ। ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ।
ਹਾਲਟਨ ਇਲਾਕੇ ਵਿਚ ਲਾਰੈਂਸ ਬਿਸ਼ਨੋਈ ਗਰੋਹ ਵੱਲੋਂ ਕੀਤੇ ਜਾਨਲੇਵਾ ਹਮਲੇ ’ਚ ਅਰਸ਼ ਡੱਲਾ ਦੇ ਤਿੰਨ ਗੋਲੀਆਂ ਲੱਗੀਆਂ। ਪੱਟ ’ਚ ਗੋਲੀ ਲੱਗਣ ਕਰਕੇ ਉਹ ਭੱਜ ਨਹੀਂ ਸਕਿਆ ਤੇ ਕੈਨੇਡਾ ਪੁਲਸ ਦੇ ਹੱਥ ਆ ਗਿਆ। ਚੋਰੀ ਦੀ ਲਗਜ਼ਰੀ ਕਾਰ, ਜਿਸ ’ਚ ਉਹ ਹਮਲੇ ਮੌਕੇ ਸਵਾਰ ਸੀ, ਉੱਤੇ ਦਰਜਨ ਤੋਂ ਵੱਧ ਗੋਲੀਆਂ ਲੱਗੀਆਂ। ਹਾਲਟਨ ਪੁਲਸ ਨੇ ਹਾਲਾਂਕਿ ਉਸ ਦਿਨ ਅਰਸ਼ ਡੱਲਾ ਦੀ ਸ਼ਨਾਖਤ ਨਹੀਂ ਕੀਤੀ ਸੀ, ਪਰ ਅਦਾਲਤ ’ਚ ਪੇਸ਼ੀ ਮੌਕੇ ਕੁਝ ਦਸਤਾਵੇਜ਼ਾਂ ਤੋਂ ਉਸ ਦੀ ਪਛਾਣ ਹੋ ਗਈ। ਗੋਲੀਬਾਰੀ ਦੌਰਾਨ ਜਿਸ ਕਾਰ ’ਚ ਡੱਲਾ ਤੇ ਉਸ ਦਾ ਦੋਸਤ ਗੁਰਜੰਟ ਸਿੰਘ ਗਿੱਲ ਸਵਾਰ ਸਨ, ਉਸ ਉੱਤੇ ਜਾਲ੍ਹੀ ਨੰਬਰ ਪਲੇਟ ਲੱਗੀ ਹੋਈ ਸੀ। ਇਸ ਕਾਰ ਵਿੱਚੋਂ ਕਈ ਮਾਰੂ ਹਥਿਆਰ ਅਤੇ ਗੋਲੀਸਿੱਕਾ ਮਿਲਿਆ ਸੀ। ਪੁਲਸ ਨੇ ਡੱਲਾ ਖਿਲਾਫ 11 ਅਪਰਾਧਕ ਦੋਸ਼ ਆਇਦ ਕੀਤੇ ਹਨ। ਜ਼ਖਮੀ ਹੋਣ ਕਰਕੇ ਉਸ ਨੂੰ ਉਦੋਂ ਫੌਰੀ ਅਦਾਲਤ ’ਚ ਪੇਸ਼ ਨਹੀਂ ਕੀਤਾ ਗਿਆ ਸੀ। ਉਂਝ ਇਹ ਜਾਣਕਾਰੀ ਨਹੀਂ ਮਿਲੀ ਕਿ ਮਾਣਯੋਗ ਜੱਜ ਨੇ ਡੱਲਾ ਨੂੰ ਜ਼ਮਾਨਤ ਦਿੱਤੀ ਹੈ ਜਾਂ ਹਿਰਾਸਤ ’ਚ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਪੁਲਸ ਨੇ ਅਜੇ ਇਹ ਜਾਣਕਾਰੀ ਵੀ ਨਹੀਂ ਦਿੱਤੀ ਕਿ ਡੱਲਾ ਤੇ ਉਸ ਦੇ ਸਾਥੀ ਉੱਤੇ ਗੋਲੀਆਂ ਚਲਾਉਣ ਵਾਲੇ ਹਮਲਾਵਰਾਂ ਖਿਲਾਫ ਕੀ ਕਾਰਵਾਈ ਕੀਤੀ ਜਾ ਰਹੀ ਹੈ। ਉਂਝ ਮੰਨਿਆ ਜਾਂਦਾ ਹੈ ਕਿ ਇਹ ਹਮਲਾ ਬਿਸ਼ਨੋਈ ਗਰੋਹ ਨਾਲ ਸੰਬੰਧਤ ਲੋਕਾਂ ਵੱਲੋਂ ਕੀਤਾ ਗਿਆ ਸੀ। ਭਾਰਤ ਦੀ ਕੇਂਦਰੀ ਜਾਂਚ ਏਜੰਸੀ ਵੱਲੋਂ ਕੈਨੇਡਾ ਤੋਂ ਅਰਸ਼ ਡੱਲਾ ਦੀ ਹਵਾਲਗੀ ਲਈ ਚਾਰਾਜ਼ੋਈ ਸ਼ੁਰੂ ਕਰਨ ਦੀ ਕਾਰਵਾਈ ਬਾਰੇ ਅਜੇ ਤੱਕ ਤਸਵੀਰ ਸਾਫ ਨਹੀਂ ਹੈ। ਉਂਜ ਏਜੰਸੀ ਨੇ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਉਸ ਨੂੰ ਖਾਲਿਸਤਾਨ ਟਾਈਗਰ ਫੋਰਸ ਦਾ ਮੁਖੀ ਐਲਾਨਿਆ ਹੋਇਆ ਹੈ ਤੇ ਉਸ ਨੂੰ ਸ਼ਰਨ ਦੇਣ ਲਈ ਕੈਨੇਡਾ ਸਰਕਾਰ ਨੂੰ ਕੋਸਿਆ ਜਾਂਦਾ ਰਿਹਾ ਹੈ।
ਮੋਗਾ ਨੇੜਲੇ ਪਿੰਡ ਦੇ ਛੋਟੇ ਕਿਸਾਨ ਚਰਨਜੀਤ ਸਿੰਘ ਦੇ ਪੁੱਤਰ ਅਰਸ਼ ਡੱਲਾ ਉੱਤੇ ਭਾਰਤ ’ਚ ਕਤਲ, ਫਿਰੌਤੀਆਂ, ਮਾਰਕੁੱਟ ਅਤੇ ਲੁੱਟਮਾਰ ਦੇ ਕਰੀਬ 6 ਦਰਜਨ ਮਾਮਲੇ ਦਰਜ ਹਨ। 2017-18 ਵਿੱਚ ਉਹ ਆਈਲੈਟਸ ਬੈਂਡ ਵਾਲੀ ਕੁੜੀ ਨਾਲ ਵਿਆਹ ਕਰਵਾ ਕੇ ਕੈਨੇਡਾ ਪਹੁੰਚਿਆ ਤੇ ਸਰੀ ਰਹਿਣ ਲੱਗਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕੈਨੇਡਾ ਪਹੁੰਚਣ ਤੋਂ ਸਾਲ ਕੁ ਬਾਅਦ ਜਦ ਉਹ ਕੁਝ ਦਿਨਾਂ ਲਈ ਭਾਰਤ ਗਿਆ ਤਾਂ ਮੋਗਾ ਦੇ ਕਿਸੇ ਸੁੱਖੇ ਲੰਮੇ ਨਾਲ ਤਕਰਾਰ ਤੋਂ ਬਾਅਦ ਉਸ ਨੂੰ ਮਾਰ ਦਿੱਤਾ ਤੇ ਰੈੱਡ ਕਾਰਨਰ ਨੋਟਿਸ ਜਾਰੀ ਹੋਣ ਤੋਂ ਪਹਿਲਾਂ ਕੈਨੇਡਾ ਪਹੁੰਚ ਗਿਆ। ਮਨ ’ਚ ਪੈਦਾ ਹੋਏ ਡਰ ਕਾਰਨ ਉੁਹ ਕਥਿਤ ਤੌਰ ’ਤੇ ਹਰਦੀਪ ਸਿੰਘ ਨਿੱਝਰ ਦੇ ਸੰਪਰਕ ਵਿਚ ਆ ਗਿਆ। ਏਜੰਸੀ ਅਨੁਸਾਰ ਨਿੱਝਰ ਦੇ ਕਤਲ ਤੋਂ ਬਾਅਦ ਉਹ ਟਾਈਗਰ ਫੋਰਸ ਦੇ ਮੁਖੀ ਵਜੋਂ ਵਿਚਰਨ ਲੱਗਾ। ਪਤਾ ਲੱਗਾ ਹੈ ਕਿ ਉਸ ਦੇ ਪਿਤਾ ਚਰਨਜੀਤ ਸਿੰਘ ਵਿਰੁੱਧ ਫਿਰੌਤੀਆਂ ਦੇ ਦੋਸ਼ ਲੱਗੇ ਤੇ ਹੁਣ ਉਹ ਸੰਗਰੂਰ ਜੇਲ੍ਹ ’ਚ ਬੰਦ ਹੈ।

Related Articles

Latest Articles