ਸ੍ਰੀਲੰਕਾ ਦੇ ਲੋਕਾਂ ਵੱਲੋਂ ਦਿਸਾਨਾਇਕੇ ਨੂੰ ਫ੍ਰੀ ਹੈਾਡ

0
134

ਕੋਲੰਬੋ : ਸ੍ਰੀਲੰਕਾ ਦੇ ਰਾਸ਼ਟਰਪਤੀ ਦੀ ਚੋਣ ਜਿੱਤ ਕੇ ਇਤਿਹਾਸ ਰਚਣ ਵਾਲੇ ਅਨੁਰਾ ਕੁਮਾਰਾ ਦਿਸਾਨਾਇਕੇ ਦੀ ਅਗਵਾਈ ਵਾਲੇ ਖੱਬੇ ਮੋਰਚੇ ‘ਨੈਸ਼ਨਲ ਪੀਪਲਜ਼ ਪਾਵਰ’ (ਐੱਨ ਪੀ ਪੀ) ਨੇ ਸੰਸਦੀ ਚੋਣਾਂ ‘ਚ 225 ਵਿੱਚੋਂ 159 ਸੀਟਾਂ ਜਿੱਤ ਕੇ ਇਕ ਹੋਰ ਇਤਿਹਾਸ ਰਚ ਦਿੱਤਾ ਹੈ | ਅਪੋਜ਼ੀਸ਼ਨ ਆਗੂ ਪ੍ਰੇਮਦਾਸਾ ਦੀ ਸਮਾਗੀ ਬਾਲਵੇਗਯਾ ਪਾਰਟੀ 40 ਸੀਟਾਂ ਜਿੱਤ ਸਕੀ, ਜਦਕਿ ਸਾਬਕਾ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਦੇ ਸਮਰਥਨ ਵਾਲੇ ਨਿਊ ਡੈਮੋਕਰੇਟਿਕ ਫਰੰਟ ਨੂੰ ਸਿਰਫ ਪੰਜ ਸੀਟਾਂ ਮਿਲੀਆਂ | ਰਾਜਪਕਸ਼ੇ ਖਾਨਦਾਨ ਦੀ ਸ੍ਰੀਲੰਕਾ ਪੋਦੂਜਨਾ ਪੇਰਾਮੁਨਾ ਪਾਰਟੀ ਨੂੰ ਸਿਰਫ ਤਿੰਨ ਸੀਟਾਂ ਨਸੀਬ ਹੋਈਆਂ ਹਨ | ਰਾਜਪਕਸ਼ੇ ਖਾਨਦਾਨ ਨੇ ਸ੍ਰੀਲੰਕਾ ਨੂੰ ਦੋ ਰਾਸ਼ਟਰਪਤੀ ਦਿੱਤੇ ਸਨ | ਹੰੂਝਾ-ਫੇਰ ਜਿੱਤ ਨਾਲ ਖੱਬੀ ਸਰਕਾਰ ਨੇ ਜੜ੍ਹਾਂ ਹੋਰ ਮਜ਼ਬੂਤ ਕਰ ਲਈਆਂ ਹਨ |
ਸਤੰਬਰ ਵਿੱਚ ਰਾਸ਼ਟਰਪਤੀ ਚੋਣ ‘ਚ ਦਿਸਾਨਾਇਕੇ ਨੂੰ 42 ਫੀਸਦੀ ਵੋਟਾਂ ਮਿਲੀਆਂ ਸਨ, ਪਰ ਸੰਸਦੀ ਚੋਣਾਂ ‘ਚ ਐੱਨ ਪੀ ਪੀ ਨੂੰ ਲਗਪਗ 62 ਫੀਸਦੀ ਵੋਟਾਂ ਮਿਲੀਆਂ ਹਨ | ਪਿਛਲੀ ਸੰਸਦ ‘ਚ ਦਿਸਾਨਾਇਕੇ ਦੀ ਪਾਰਟੀ ਕੋਲ ਤਿੰਨ ਸੀਟਾਂ ਸਨ | ਸ੍ਰੀਲੰਕਾ ਵਿੱਚ ਰਾਸ਼ਟਰਪਤੀ ਦੀ ਕੁਰਸੀ ‘ਤੇ ਦਹਾਕਿਆਂ ਤਕ ਸਿਆਸੀ ਵਿਰਾਸਤ ਵਾਲੇ ਖਾਨਦਾਨਾਂ ਦਾ ਕਬਜ਼ਾ ਰਿਹਾ ਹੈ | ਦਿਸਾਨਾਇਕੇ ਆਮ ਪਰਵਾਰ ਵਿੱਚੋਂ ਆਉਂਦੇ ਹਨ ਤੇ ਉਨ੍ਹਾ ਦਾ ਕੋਈ ਸਿਆਸੀ ਪਿਛੋਕੜ ਨਹੀਂ |
ਚੋਣਾਂ ਸਮੇਂ ਤੋਂ ਇੱਕ ਸਾਲ ਪਹਿਲਾਂ ਹੋਈਆਂ ਕਿਉਂਕਿ ਬਿੱਲ ਪਾਸ ਕਰਾਉਣ ‘ਚ ਪੈਣ ਵਾਲੇ ਅੜਿੱਕੇ ਦੂਰ ਕਰਨ ਲਈ ਦਿਸਾਨਾਇਕੇ ਨੇ ਸੰਸਦ ਸਮੇਂ ਤੋਂ ਪਹਿਲਾਂ ਭੰਗ ਕਰ ਦਿੱਤੀ ਸੀ | ਹੂੰਝਾ-ਫੇਰ ਜਿੱਤ ਨਾਲ ਦਿਸਾਨਾਇਕੇ ਨੂੰ ਗਰੀਬੀ-ਵਿਰੋਧੀ ਤੇ ਕੁਰੱਪਸ਼ਨ-ਵਿਰੋਧੀ ਨੀਤੀਆਂ ਲਾਗੂ ਕਰਨ ਵਿੱਚ ਸੌਖ ਹੋਵੇਗੀ | ਹਾਲਾਂਕਿ ਰਾਸ਼ਟਰਪਤੀ ਕੋਲ ਕਾਰਜਕਾਰੀ ਸ਼ਕਤੀਆਂ ਹੁੰਦੀਆਂ ਹਨ, ਦਿਸਾਨਾਇਕੇ ਨੂੰ ਮੰਤਰੀ-ਮੰਡਲ ਬਣਾਉਣ, ਟੈਕਸ ਘਟਾਉਣ, ਸਥਾਨਕ ਸਨਅਤ ਦੇ ਵਿਕਾਸ ਆਦਿ ਲਈ ਸੰਸਦ ਦੀ ਹਮਾਇਤ ਦਰਕਾਰ ਸੀ | ਦਿਸਾਨਾਇਕੇ ਤਾਕਤਵਰ ਰਾਸ਼ਟਰਪਤੀ ਦੀ ਰਵਾਇਤ ਖਤਮ ਕਰਕੇ ਸੰਸਦ ਨੂੰ ਸ਼ਕਤੀਸ਼ਾਲੀ ਬਣਾਉਣਾ ਚਾਹੁੰਦੇ ਹਨ | ਇਸ ਲਈ ਸੰਸਦ ‘ਚ ਦੋ-ਤਿਹਾਈ ਹਮਾਇਤ ਦੀ ਲੋੜ ਹੈ | ਇਸ ਵੇਲੇ ਰਾਸ਼ਟਰਪਤੀ ਨੂੰ ਏਨੀਆਂ ਤਾਕਤਾਂ ਹਨ ਕਿ ਉਹ ਸੁਪਰੀਮ ਕੋਰਟ ਦੇ ਜੱਜ ਬਦਲ ਸਕਦਾ ਹੈ ਤੇ ਕਾਤਲਾਂ ਨੂੰ ਬਖਸ਼ ਸਕਦਾ ਹੈ | ਦਿਸਾਨਾਇਕੇ ਮਾਰਕਸੀ ਵਿਚਾਰਧਾਰਾ ਵਾਲੀ ਪਾਰਟੀ ਜਨਤਾ ਵਿਮੁਕਤੀ ਪੇਰਾਮੁਨਾ (ਜੇ ਵੀ ਪੀ) ਦੇ ਪ੍ਰਧਾਨ ਹਨ | ਉਨ੍ਹਾ ਨੇ ਹਮਖਿਆਲ ਪਾਰਟੀਆਂ ਦਾ ਮੋਰਚਾ ਬਣਾ ਕੇ ਚੋਣਾਂ ਲੜੀਆਂ |
ਸੰਸਦ ਦੀਆਂ 225 ਸੀਟਾਂ ਵਿੱਚੋਂ 196 ਦੀ ਚੋਣ ਲੋਕ ਸਿੱਧੀ ਵੋਟ ਨਾਲ ਕਰਦੇ ਹਨ, ਜਦਕਿ 29 ਸੀਟਾਂ ਪਾਰਟੀਆਂ ਨੂੰ ਮਿਲੀਆਂ ਵੋਟਾਂ ਦੇ ਹਿਸਾਬ ਨਾਲ ਅਨੁਪਾਤਕ ਆਧਾਰ ‘ਤੇ ਤੈਅ ਹੁੰਦੀਆਂ ਹਨ | ਤਾਮਿਲ ਬਹੁਗਿਣਤੀ ਵਾਲੇ ਉੱਤਰੀ ਜਾਫਨਾ ‘ਚ ਵੀ ਐੱਨ ਪੀ ਪੀ (ਜਿਹੜੀ ਦੱਖਣੀ ਹਿੱਸੇ ਵਿਚ ਬਹੁਗਿਣਤੀ ਸਿਨਹਾਲੀਆਂ ਦੀ ਪਾਰਟੀ ਮੰਨੀ ਜਾਂਦੀ ਹੈ) ਨੇ ਛੇ ਵਿੱਚੋਂ ਤਿੰਨ ਸੀਟਾਂ ਜਿੱਤਕੇ ਰਵਾਇਤੀ ਤਾਮਿਲ ਕੌਮਪ੍ਰਸਤ ਪਾਰਟੀਆਂ ਨੂੰ ਝਟਕਾ ਦਿੱਤਾ ਹੈ | ਇਸਤੋਂ ਪਹਿਲਾਂ ਸਿਨਹਾਲੀ ਪਾਰਟੀ ਜਾਫਨਾ ਵਿੱਚ ਕਦੇ ਨਹੀਂ ਜਿੱਤੀ |
ਦਿਸਾਨਾਇਕੇ ਨੇ ਕਿਹਾ ਸੀ ਕਿ ਉਨ੍ਹਾ ਦੀ ਪਾਰਟੀ ਨੂੰ ਸਾਰੇ ਭਾਈਚਾਰਿਆਂ ਵੱਲੋਂ ਸੱਚੀ ਕੌਮੀ ਪਾਰਟੀ ਵਜੋਂ ਸਵੀਕਾਰ ਕੀਤਾ ਜਾ ਰਿਹਾ ਹੈ | ਇਕ ਭਾਈਚਾਰੇ ਨੂੰ ਦੂਜੇ ਭਾਈਚਾਰੇ ਖਿਲਾਫ ਖੜ੍ਹਾ ਕਰਕੇ ਵੰਡ ਪਾਉਣ ਦਾ ਯੁਗ ਖਤਮ ਹੋ ਗਿਆ ਹੈ |