ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਦੇ ਵਿੱਤ, ਯੋਜਨਾਬੰਦੀ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੰਗਲਵਾਰ ਇੱਥੇ ਐਲਾਨ ਕੀਤਾ ਕਿ ਭਗਵੰਤ ਸਿੰਘ ਮਾਨ ਸਰਕਾਰ ਨੇ ਸੂਬੇ ਦੀ ਪ੍ਰਮੁੱਖ ਸਕੀਮ “ਬਿੱਲ ਲਿਆਓ ਇਨਾਮ ਪਾਓ” (ਮੇਰਾ ਬਿੱਲ ਸਕੀਮ) ਵਿੱਚ ਇੱਕ ਹੋਰ ਸਾਲ ਦਾ ਵਾਧਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾ ਕਿਹਾ, “ਇਸ ਸਕੀਮ ਤਹਿਤ ਹੁਣ ਤੱਕ 9.40 ਕਰੋੜ ਰੁਪਏ ਦੇ ਜੁਰਮਾਨੇ ਦੀ ਮੰਗ ਕੀਤੀ ਗਈ ਹੈ (ਜਿਸ ਵਿੱਚੋਂ 7.31 ਕਰੋੜ ਰੁਪਏ ਦੀ ਵਸੂਲੀ ਹੋ ਚੁੱਕੀ ਹੈ), 135 ਨਵੇਂ ਡੀਲਰ ਰਜਿਸਟਰ ਕੀਤੇ ਗਏ ਅਤੇ ਵਿੱਤੀ ਵਰ੍ਹੇ 2025–26 ਤੇ 2026–27 ਦੌਰਾਨ ਕੱਢੇ ਗਏ 4,058 ਡਰਾਵਾਂ ਵਿੱਚ 3,548 ਪ੍ਰਮਾਣਤ ਲੱਕੀ ਡਰਾਅ ਜੇਤੂਆਂ ਨੂੰ 2.30 ਕਰੋੜ ਰੁਪਏ ਤੋਂ ਵੱਧ ਦੀ ਇਨਾਮੀ ਰਾਸ਼ੀ ਵੰਡੀ ਗਈ ਹੈ। ਇਸ ਸਕੀਮ ਨੇ ਨਿਯਮਾਂ ਦੀ ਪਾਲਣਾ ਕਰਵਾਉਣ ਅਤੇ ਲੋਕਾਂ ਨੂੰ ਉਤਸ਼ਾਹਤ ਕਰਨ, ਦੋਵਾਂ ਪੱਖਾਂ ਤੋਂ ਸ਼ਾਨਦਾਰ ਨਤੀਜੇ ਦਿੱਤੇ ਹਨ।”ਇਸ ਪਹਿਲਕਦਮੀ ਦੀ ਕਾਮਯਾਬੀ ’ਤੇ ਚਾਨਣਾ ਪਾਉਂਦਿਆਂ ਚੀਮਾ ਨੇ ਕਿਹਾ, ‘ਇਸ ਸਕੀਮ ਰਾਹੀਂ ਬਿੱਲਾਂ ਦੀ ਪੁਖ਼ਤਾ ਜਾਂਚ ਯਕੀਨੀ ਬਣੀ ਅਤੇ ਸੂਬੇ ਭਰ ਵਿੱਚ ਟੈਕਸ ਨਿਯਮਾਂ ਦੀ ਉਲੰਘਣਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਠੱਲ੍ਹ ਪਈ| ਲਗਾਤਾਰ ਨਿਗਰਾਨੀ ਅਤੇ ਕਾਨੂੰਨੀ ਕਾਰਵਾਈ ਜ਼ਰੀਏ ਕਰ ਵਿਭਾਗ ਨੇ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ਨੂੰ ਫੜਿਆ, ਜਿਸ ਦੇ ਸਿੱਟੇ ਵਜੋਂ 9.40 ਕਰੋੜ ਰੁਪਏ ਦੇ ਜੁਰਮਾਨੇ ਲਗਾਏ ਗਏ ਅਤੇ ਸਰਕਾਰੀ ਖ਼ਜ਼ਾਨੇ ਵਿੱਚ 7.31 ਕਰੋੜ ਰੁਪਏ ਜਮ੍ਹਾਂ ਕਰਵਾਏ ਗਏ। ਇਸ ਦੇ ਨਾਲ ਹੀ 135 ਨਵੇਂ ਡੀਲਰਾਂ ਨੂੰ ਰਜਿਸਟਰ ਕਰਕੇ ਟੈਕਸ ਦੇ ਦਾਇਰੇ ਨੂੰ ਹੋਰ ਵਿਸ਼ਾਲ ਕੀਤਾ ਗਿਆ|’
ਉਨ੍ਹਾ ‘ਮੇਰਾ ਬਿੱਲ ਸਕੀਮ’ ਲੱਕੀ ਡਰਾਅ ਤਹਿਤ ਖਪਤਕਾਰਾਂ ਨੂੰ ਦਿੱਤੇ ਜਾਣ ਵਾਲੇ ਇਨਾਮਾਂ ਦੇ ਅੰਕੜੇ ਸਾਂਝੇ ਕਰਦਿਆਂ ਆਮ ਲੋਕਾਂ ਦੀ ਉਤਸ਼ਾਹੀ ਹਿੱਸੇਦਾਰੀ ਦੀ ਸ਼ਲਾਘਾ ਕੀਤੀ। ਉਨ੍ਹਾ ਕਿਹਾ, ‘ਵਿੱਤੀ ਵਰ੍ਹੇ 2025–26 ਅਤੇ 2026–27 ਦੌਰਾਨ ਕੱਢੇ ਗਏ 4,058 ਡਰਾਵਾਂ ਵਿੱਚੋਂ ਤਸਦੀਕ ਉਪਰੰਤ ਕੁੱਲ 3,548 ਜੇਤੂ ਸਾਹਮਣੇ ਆਏ, ਜਿਨ੍ਹਾਂ ਨੂੰ ਕੁੱਲ 2,30,38,070 ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ। ਇਕੱਲੇ ਵਿੱਤੀ ਵਰ੍ਹੇ 2025–26 ਵਿੱਚ 3,080 ਪ੍ਰਮਾਣਿਤ ਜੇਤੂਆਂ ਨੂੰ 1,98,15,980 ਰੁਪਏ ਦਿੱਤੇ ਗਏ, ਜਦਕਿ ਵਿੱਤੀ ਵਰ੍ਹੇ 2026–27 ਦੌਰਾਨ ਜਾਰੀ ਡਰਾਵਾਂ ਤਹਿਤ ਖ਼ੁਸ਼ਕਿਸਮਤ ਭਾਗੀਦਾਰਾਂ ਨੂੰ ਵਾਧੂ 32,22,090 ਰੁਪਏ ਵੰਡੇ ਜਾ ਚੁੱਕੇ ਹਨ|’ 1 ਮਾਰਚ 2026 ਤੋਂ 31 ਅਗਸਤ 2026 ਤੱਕ ਦੇ ਛੇ ਮਹੀਨਿਆਂ ਦੌਰਾਨ ਇਸ ਸਕੀਮ ਤਹਿਤ ਹੋਈਆਂ ਕਾਰਵਾਈਆਂ ਦਾ ਜਾਇਜ਼ਾ ਲੈਂਦਿਆਂ ਹਰਪਾਲ ਸਿੰਘ ਚੀਮਾ ਨੇ ਦੱਸਿਆ, ‘ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ 33,06,280 ਰੁਪਏ ਦਾ ਜੁਰਮਾਨਾ ਸ਼ਾਮਲ ਹੈ। ਮੈਂ ਕਰ ਵਿਭਾਗ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਅਤੇ ਸੰਬੰਧਤ ਫੀਲਡ ਅਧਿਕਾਰੀਆਂ ਨੂੰ ਅਗਲੇ ਮਹੀਨੇ ਦੇ ਅੰਦਰ-ਅੰਦਰ ਬਕਾਇਆ 33.06 ਲੱਖ ਰੁਪਏ ਦੀ ਵਸੂਲੀ ਨੂੰ ਤਰਜੀਹ ਦੇਣ ਦੇ ਨਿਰਦੇਸ਼ ਦਿੱਤੇ ਹਨ, ਨਾਲ ਹੀ ਇਸ ਮਾਮਲੇ ਦੀ ਕਾਰਵਾਈ ਰਿਪੋਰਟ ਰਿਕਾਰਡ ਵਿੱਚ ਦਰਜ ਕਰਨ ਲਈ ਕਿਹਾ ਹੈ|’



