ਪਾਸ਼ ਦੇ ਪਿੰਡ ਦੇ ਸਰਪੰਚ ’ਤੇ ਕੇਸ ਦਰਜ ਨਾ ਕਰਨ ਵਿਰੁਧ ਵਿਖਾਵਿਆਂ ’ਚ ਸ਼ਾਮਲ ਹੋਣ ਦਾ ਸਦਾ

0
6

ਜਲੰਧਰ (ਰਾਜੇਸ਼ ਥਾਪਾ)
ਹਰਮੇਸ਼ ਮਾਲੜੀ ਮਜ਼ਦੂਰ ਆਗੂ ਅਤੇ ਕਹਾਣੀਕਾਰ ਨੂੰ ਜਾਤੀ ਸੂਚਕ ਸ਼ਬਦ ਬੋਲਣ, ਹਮਲਾ ਕਰਨ ਅਤੇ ਜਨਮ ਦਿਹਾੜੇ ਦੇ ਸਮਾਗਮ ਦੀ ਤਿਆਰੀ ਕਰਦੇ ਕਾਰਕੁਨਾਂ ਦੇ ਮੋਬਾਇਲ ਖੋਹਣ ਦੀ ਕਾਰਵਾਈ ਕਰਨ ਵਾਲੇ ਤਲਵੰਡੀ ਸਲੇਮ ਦੇ ਸਰਪੰਚ ਪ੍ਰਦੀਪ ਸਿੰਘ ਅਤੇ ਉਸ ਦੇ ਜੋਟੀਦਾਰਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਮੰਗਲਵਾਰ ਦੇਸ਼ ਭਗਤ ਯਾਦਗਾਰ ਹਾਲ ਵਿੱਚ ਸਾਹਿਤਕਾਰਾਂ, ਬੁੱਧੀਜੀਵੀਆਂ, ਲੇਖਕਾਂ, ਰੰਗਕਰਮੀਆਂ ਅਤੇ ਕਵੀਆਂ ਨੇ ਵਿਸ਼ੇਸ਼ ਤੌਰ ’ਤੇ ਸਾਂਝੀ ਮੀਟਿੰਗ ਕੀਤੀ।
ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਸੀਨੀਅਰ ਆਗੂ ਸੰਧੂ ਵਰਿਆਣਵੀ, ਪਾਸ਼ ਯਾਦਗਾਰੀ ਕੌਮਾਂਤਰੀ ਟਰ¾ਸਟ ਦੇ ਮੈਂਬਰ ਡਾ. ਪਰਮਿੰਦਰ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਅਤੇ ਪਾਸ਼ ਟਰ¾ਸਟ ਦੇ ਮੈਂਬਰ ਗੁਰਮੀਤ ਸਿੰਘ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਸਰਗਰਮ ਆਗੂ ਸੁਰਜੀਤ ਜੱਜ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਨੇ 9 ਅਕਤੂਬਰ ਨਕੋਦਰ, 14 ਅਕਤੂਬਰ ਸੰਧਵਾਂ (ਫਰੀਦਕੋਟ) ਅਤੇ 15 ਅਕਤੂਬਰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਕੀਤੇ ਜਾ ਰਹੇ ਵਿਖਾਵਿਆਂ ਨੂੰ ਸਫ਼ਲ ਬਣਾਉਣ ਲਈ ਸਾਹਿਤਕਾਰਾਂ, ਲੇਖਕਾਂ, ਬੁੱਧੀਜੀਵੀਆਂ, ਕਵੀਆਂ, ਰੰਗਕਰਮੀਆਂ, ਤਰਕਸ਼ੀਲ਼, ਜਮਹੂਰੀਅਤ ਪਸੰਦ ਲੋਕਾਂ ਅਤੇ ਜਨਤਕ ਜੱਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿਚ ਇਹਨਾਂ ਇਕੱਠਾਂ ਵਿੱਚ ਸ਼ਾਮਲ ਹੋਣ।
ਮੀਟਿੰਗ ਵਿੱਚ ਆਪਣੇ ਵਿਚਾਰ ਰੱਖਦੇ ਹੋਏ ਪ੍ਰੋ. ਸੰਧੂ ਵਰਿਆਣਵੀ, ਪ੍ਰੋ. ਤੇਜਿੰਦਰ ਵਿਰਲੀ, ਹਰਵਿੰਦਰ ਭੰਡਾਲ, ਡਾ. ਸੈਲੇਸ਼, ਸੁਰਜੀਤ ਜੱਜ, ਸੁਰਿੰਦਰ ਕੁਮਾਰੀ ਕੋਛੜ, ਹਰਮੇਸ਼ ਮਾਲੜੀ, ਕਸ਼ਮੀਰ ਘੁੱਗਸ਼ੋਰ, ਕਵੀ ਕੁਲਵੰਤ ਕੌਰ ਨਗਰ, ਪਲਸ ਮੰਚ ਦੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਪੱਪੀ ਅਤੇ ਪ੍ਰਧਾਨ ਅਮੋਲਕ ਸਿੰਘ ਨੇ ਸਭਨਾਂ ਲੇਖਕਾਂ ਨੂੰ ਅਪੀਲ ਕੀਤੀ ਕਿ ਉਹ ਨਕੋਦਰ, ਸੰਧਵਾਂ ਅਤੇ ਸੰਗਰੂਰ ’ਚ ਹੋ ਰਹੇ ਸਮਾਗਮਾਂ ਵਿੱਚ ਸ਼ਾਮਲ ਹੋਣ।
ਮੀਟਿੰਗ ’ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਪ੍ਰੋ. ਗੋਪਾਲ ਬੁੱਟਰ, ਕਮੇਟੀ ਮੈਂਬਰ ਵਿਜੈ ਬੰਬੇਲੀ, ਮੱਖਣ ਮਾਨ, ਕੁਲਬੀਰ ਸੰਘੇੜਾ, ਸੁਰਿੰਦਰ ਕੌਰ ਸੰਘੇੜਾ ਅਤੇ ਪ੍ਰਸ਼ੋਤਮ ਵੀ ਸ਼ਾਮਲ ਸਨ| ਮੀਟਿੰਗ ’ਚ ਜ਼ੋਰਦਾਰ ਮੰਗ ਕੀਤੀ ਗਈ ਕਿ ਸਰਪੰਚ ਅਤੇ ਉਸ ਦੇ ਜੋਟੀਦਾਰਾਂ ’ਤੇ ਕੇਸ ਦਰਜ ਕੀਤਾ ਜਾਵੇ, ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ’ਤੇ ਕਬਜ਼ਾ ਕਰਨ ਦੀਆਂ ਕੋਝੀਆਂ ਚਾਲਾਂ ਬੰਦ ਕੀਤੀਆਂ ਜਾਣ ਅਤੇ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਨੂੰ ਯਾਦਗਾਰ ਐਲਾਨ ਕੇ ਬਕਾਇਦਾ ਉਸ ਦੀ ਮਾਣ-ਮਰਿਆਦਾ ਦੀ ਗਰੰਟੀ ਕੀਤੀ ਜਾਵੇ|