ਨਵੀਂ ਦਿੱਲੀ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਲੰਮੇ ਸਮੇਂ ਤੋਂ ਅਗਵਾਈ ਕਰ ਰਹੀ ਕਪਤਾਨ ਹਰਮਨਪ੍ਰੀਤ ਕੌਰ ਨੇ ਮੰਗਲਵਾਰ ਨੂੰ ਤਿੰਨੋਂ ਫਾਰਮੈਟਾਂ ਵਿੱਚ ਕਪਤਾਨੀ ਦਾ ਅਹੁਦਾ ਛੱਡ ਦਿੱਤਾ ਹੈ| ਉਨ੍ਹਾ ਕਿਹਾ ਕਿ ਉਨ੍ਹਾ ਇੱਕ ਆਗੂ ਵਜੋਂ ਆਪਣਾ ਫ਼ਰਜ਼ ਨਿਭਾ ਦਿੱਤਾ ਹੈ ਅਤੇ ਹੁਣ ਉਹ ਖੇਡ ਦੇ ਪਿਆਰ ਲਈ ਦੁਬਾਰਾ ਖੇਡਣ ਲਈ ਤਿਆਰ ਹਨ| ਹਰਮਨਪ੍ਰੀਤ ਦਾ ਇਹ ਐਲਾਨ ਗੁਹਾਟੀ ਵਿੱਚ ਬੀ ਸੀ ਸੀ ਆਈ ਦੀ ਇੱਕ ਸਮੀਖਿਆ ਬੈਠਕ ਤੋਂ ਬਾਅਦ ਆਇਆ ਹੈ, ਜੋ ਪਿਛਲੇ ਮਹੀਨਿਆਂ ਵਿੱਚ ਟੀਮ ਦੇ ਪ੍ਰਦਰਸ਼ਨ ਦਾ ਮੁੱਲਾਂਕਣ ਕਰਨ ਲਈ ਸੱਦੀ ਗਈ ਸੀ| ਬੀ ਸੀ ਸੀ ਆਈ ਦੇ ਸਕੱਤਰ ਦੇਵਜੀਤ ਸੈਕੀਆ ਦੀ ਪ੍ਰਧਾਨਗੀ ਹੇਠ ਹੋਈ ਇਸ ਬੈਠਕ ਵਿੱਚ ਹਰਮਨਪ੍ਰੀਤ, ਉਪ-ਕਪਤਾਨ ਸਿਮਰਤੀ ਮੰਧਾਨਾ ਅਤੇ ਮੁੱਖ ਕੋਚ ਅਮੋਲ ਮਜੂਮਦਾਰ ਸ਼ਾਮਲ ਸਨ|
ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਤੋਂ ਹਟਣ ’ਤੇ ਪੰਜਾਬ ਦੀ ਧੀ ਹਰਮਨਪ੍ਰੀਤ ਕੌਰ ਦੇ ਸ਼ਾਨਦਾਰ ਕਪਤਾਨੀ ਕਾਰਜਕਾਲ ਨੂੰ ਸਲਾਮ ਕੀਤਾ ਹੈ| ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਹਰਮਨਪ੍ਰੀਤ ਕੌਰ ਦੀਆਂ ਕ੍ਰਿਕਟ ਦੇ ਖੇਤਰ ਵਿੱਚ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ| ਮੁੱਖ ਮੰਤਰੀ ਨੇ ਕਿਹਾ ਕਿ ਹਰਮਨਪ੍ਰੀਤ ਕੌਰ ਦੀ ਅਗਵਾਈ ਹੇਠ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵਿਸ਼ਵ ਪੱਧਰ ’ਤੇ ਕਈ ਮੁਕਾਮ ਹਾਸਲ ਕੀਤੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ| ਮਾਨ ਨੇ ਕਿਹਾ ਕਿ ਹਰਮਨਪ੍ਰੀਤ ਕੌਰ ਪੰਜਾਬ ਦੀ ਧੀ ਹੈ ਅਤੇ ਉਸ ਦੀਆਂ ਪ੍ਰਾਪਤੀਆਂ ’ਤੇ ਪੂਰੇ ਪੰਜਾਬ ਨੂੰ ਮਾਣ ਹੈ|
ਪਾਕਿਸਤਾਨੀ ਸਿੱਖ ਸ਼ਰਧਾਲੂਆਂ ਨੂੰ ਭਾਰਤ ਯਾਤਰਾ ਦੀ ਮਨਜ਼ੂਰੀ
ਚੰਡੀਗੜ੍ਹ : ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਅਖ਼ੀਰ ਯਾਤਰਾ ਦੀ ਇਜਾਜ਼ਤ ਦੇ ਦਿੱਤੀ ਹੈ| ਇਸ ਤੋਂ ਪਹਿਲਾਂ ਉਹਨਾਂ ਨੂੰ ਹਵਾਈ ਅੱਡੇ ’ਤੇ ਚੜ੍ਹਨ ਤੋਂ ਰੋਕ ਦਿੱਤਾ ਗਿਆ ਸੀ| ਹੁਣ 49 ਮੈਂਬਰੀ ਜਥਾ ਤਾਸ਼ਕੰਦ ਰਸਤੇ 8 ਅਕਤੂਬਰ ਨੂੰ ਨਵੀਂ ਦਿੱਲੀ ਪਹੁੰਚੇਗਾ, ਜੋ ਭਾਰਤ ਦੇ ਪ੍ਰਮੁੱਖ ਸਿੱਖ ਧਾਰਮਿਕ ਅਸਥਾਨਾਂ ਦੇ ਇੱਕ ਮਹੀਨੇ ਦੇ ਯਾਤਰਾ ਦੌਰੇ ’ਤੇ ਰਹੇਗਾ| ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਲਾਹਕਾਰ ਪਰਮਜੀਤ ਸਿੰਘ ਚੰਢੋਕ ਨੇ ਦੱਸਿਆ ਕਿ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਫੈਸਲਾਬਾਦ ਏਅਰਪੋਰਟ ’ਤੇ ਸ਼ਰਧਾਲੂਆਂ ਨੂੰ ਰੋਕੇ ਜਾਣ ਦੇ ਮਾਮਲੇ ਦੀ ਸਮੀਖਿਆ ਤੋਂ ਬਾਅਦ ਇਹ ਮਨਜ਼ੂਰੀ ਦਿੱਤੀ ਹੈ| ਯਾਤਰੀਆਂ ਕੋਲ 30 ਅਕਤੂਬਰ ਤੱਕ ਦਾ ਵੈਧ ਭਾਰਤੀ ਵੀਜ਼ਾ ਹੈ ਅਤੇ ਉਹ ਦਿੱਲੀ ਤੋਂ ਹੀ ਵਾਪਸ ਉਡਾਣ ਭਰਨਗੇ|
ਸਮਾਣਾ ਦਾ ਗੱਭਰੂ ਕੈਨੇਡਾ ਪੁਲਸ ’ਚ ਭਰਤੀ
ਸਮਾਣਾ : ਕਰਨਵੀਰ ਸਿੰਘ ਮਾਹਲ ਪੁੱਤਰ ਪਲਵਿੰਦਰ ਸਿੰਘ ਮਾਹਲ ਕੈਨੇਡਾ ਪੁਲਸ ਵਿੱਚ ਭਰਤੀ ਹੋ ਗਏ| ਕਰਨਵੀਰ ਸਿੰਘ ਨੇ ਕੈਨੇਡਾ ਪੁਲਸ ਵਿੱਚ ਭਰਤੀ ਹੋ ਕੇ ਨਾ ਕੇਵਲ ਸਮਾਣਾ ਦਾ ਨਾਂਅ ਰੌਸ਼ਨ ਕੀਤਾ ਹੈ, ਸਗੋਂ ਸੂਬੇ ਤੇ ਦੇਸ਼ ਦਾ ਨਾਂਅ ਵੀ ਰੌਸ਼ਨ ਕੀਤਾ ਹੈ| ਮਾਹਲ ਦੇ ਪਿਤਾ ਪਲਵਿੰਦਰ ਸਿੰਘ ਮਾਹਲ, ਜੋ ਕਿ ਪੇਸ਼ੇ ਤੋਂ ਕੈਮਿਸਟ ਹਨ, ਨੇ ਦੱਸਿਆ ਕਿ ਕਰਨਵੀਰ ਆਪਣੀ ਬੀ ਟੈੱਕ ਦੀ ਡਿਗਰੀ ਪੰਜਾਬ ਤੋਂ ਕਰਕੇ ਕੈਨੇਡਾ ਚਲਾ ਗਿਆ ਸੀ, ਜਿੱਥੇ ਜਾ ਕੇ ਉਸ ਨੇ ਸਪਲਾਈ ਚੇਨ ਵਿਸ਼ੇ ਵਿੱਚ ਡਿਪਲੋਮਾ ਕੀਤਾ ਤੇ 2024 ਵਿੱਚ ਉਹ ਕੈਨੇਡਾ ਪੁਲਸ ਵਿੱਚ ਭਰਤੀ ਹੋ ਗਿਆ| 2 ਸਾਲਾਂ ਦੀ ਟਰੇਨਿੰਗ ਤੋਂ ਬਾਅਦ ਹੁਣ ਵਿੰਨੀਪੈਗ ਵਿਖੇ ਸਟੇਸ਼ਨ ਅਲਾਟ ਕਰ ਦਿੱਤਾ ਗਿਆ ਹੈ|



