ਲਾੜਾ-ਲਾੜੀ ਸਣੇ 7 ਦੀ ਮੌਤ

0
128

ਬਿਜਨੌਰ : ਯੂ ਪੀ ਦੇ ਬਿਜਨੌਰ ਜ਼ਿਲ੍ਹੇ ਦੇ ਧਾਮਪੁਰ ਖੇਤਰ ਵਿੱਚ ਨੈਸ਼ਨਲ ਹਾਈਵੇ ’ਤੇ ਕਰੇਟਾ ਅਤੇ ਟੈਂਪੂ ਵਿਚਕਾਰ ਟੱਕਰ ’ਚ ਲਾੜਾ-ਲਾੜੀ ਸਮੇਤ 7 ਵਿਅਕਤੀਆਂ ਦੀ ਮੌਤ ਹੋ ਗਈ। ਲਾੜਾ ਵਿਸ਼ਾਲ ਅਤੇ ਲਾੜੀ ਖੁਸ਼ੀ ਪਰਵਾਰ ਨਾਲ ਝਾਰਖੰਡ ਤੋਂ ਬਿਜਨੌਰ ਵਾਪਸ ਆ ਰਹੇ ਸਨ। ਸ਼ੁੱਕਰਵਾਰ ਰਾਤੀਂ 1.30 ਵਜੇ ਟੈਂਪੂ ਕਿਰਾਏ ’ਤੇ ਲੈ ਕੇ ਘਰ ਜਾਣ ਮੌਕੇ ਤਿਬੜੀ ਨੇੜੇ ਕਰੇਟਾ ਨਾਲ ਟੱਕਰ ਹੋ ਗਈ।
ਅਦਾਕਾਰਾ ਦਾ ਪਿਓ ਲਾਲਚ ’ਚ 25 ਲੱਖ ਦੀ ਲੁੱਪੀ ਲੁਆ ਬੈਠਾ
ਬਰੇਲੀ : ਬਾਲੀਵੁੱਡ ਅਦਾਕਾਰਾ ਦਿਸ਼ਾ ਪਾਟਨੀ ਦੇ ਪਿਤਾ ਅਤੇ ਯੂ ਪੀ ਪੁਲਸ ਦੇ ਸੇਵਾਮੁਕਤ ਡੀ ਐੱਸ ਪੀ ਜਗਦੀਸ਼ ਸਿੰਘ ਪਾਟਨੀ ਨਾਲ 25 ਲੱਖ ਰੁਪਏ ਦੀ ਠੱਗੀ ਹੋ ਗਈ ਹੈ। ਕੋਤਵਾਲੀ ਪੁਲਸ ਨੇ ਪੰਜ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਐੱਸ ਐੱਚ ਓ ਸ੍ਰੀ ਡੀ ਕੇ ਸ਼ਰਮਾ ਨੇ ਦੱਸਿਆ ਕਿ ਜਗਦੀਸ਼ ਪਾਟਨੀ ਨੇ ਦੋਸ਼ ਲਾਇਆ ਹੈ ਕਿ ਸ਼ਿਵੇਂਦਰ ਸਿੰਘ ਨੇ ਉਸ ਦੀ ਮੁਲਾਕਾਤ ਦਿਵਾਕਰ ਗਰਗ ਅਤੇ ਜੂਨਾ ਅਖਾੜੇ ਦੇ ਅਚਾਰੀਆ ਜੈਪ੍ਰਕਾਸ਼ ਨਾਲ ਕਰਵਾਈ ਅਤੇ ਇਨ੍ਹਾਂ ਵਿਅਕਤੀਆਂ ਦੇ ਸਿਆਸੀ ਸੰਬੰਧ ਹੋਣ ਦਾ ਹਵਾਲਾ ਦਿੰਦਿਆਂ ਉਸ ਨੂੰ ਸਰਕਾਰੀ ਕਮਿਸ਼ਨ ’ਚ ਉਚ ਅਹੁਦਾ ਦਿਵਾਉਣ ਦਾ ਵਾਅਦਾ ਕੀਤਾ। ਇਨ੍ਹਾਂ ਨੇ ਉਸ ਤੋਂ 25 ਲੱਖ ਰੁਪਏ ਵਸੂਲ ਕੀਤੇ ਹਨ, ਜਿਸ ’ਚ ਪੰਜ ਲੱਖ ਰੁਪਏ ਨਕਦ ਅਤੇ 20 ਲੱਖ ਰੁਪਏ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰਵਾਏ। ਤਿੰਨ ਮਹੀਨੇ ਬੀਤਣ ਉਪਰੰਤ ਵਾਅਦਾ ਪੂਰਾ ਨਾ ਹੋਣ ’ਤੇ ਜਦੋਂ ਉਸ ਨੇ ਆਪਣੀ ਰਕਮ ਵਾਪਸ ਮੰਗੀ ਤਾਂ ਦੋਸ਼ੀਆਂ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਚੋਣ ਕਮਿਸ਼ਨ ਦਾ ਕਾਂਗਰਸ ਤੇ ਭਾਜਪਾ ਪ੍ਰਧਾਨਾਂ ਨੂੰ ਨੋਟਿਸ
ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਭਾਜਪਾ ਤੇ ਕਾਂਗਰਸ ਪ੍ਰਧਾਨਾਂ ਤੋਂ ਇਕ-ਦੂਜੇ ਖਿਲਾਫ ਚੋਣ ਜ਼ਾਬਤੇ ਦੀ ਉਲੰਘਣਾ ਦੀਆਂ ਸ਼ਿਕਾਇਤਾਂ ’ਤੇ ਜਵਾਬ ਮੰਗਿਆ ਹੈ। ਦੋਵਾਂ ਧਿਰਾਂ ਨੂੰ ਸੋਮਵਾਰ ਦੁਪਹਿਰ 1 ਵਜੇ ਤੱਕ ਜਵਾਬ ਦੇਣਾ ਹੋਵੇਗਾ। ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੌਰਾਨ 22 ਮਈ ਨੂੰ ਦਿੱਤੀ ਗਈ ਐਡਵਾਇਜ਼ਰੀ ਨੂੰ ਵੀ ਯਾਦ ਕਰਵਾਇਆ ਹੈ। ਇਸ ਐਡਵਾਇਜ਼ਰੀ ’ਚ ਸਟਾਰ ਪ੍ਰਚਾਰਕਾਂ ਅਤੇ ਆਗੂਆਂ ਨੂੰ ਜ਼ਾਬਤੇ ਵਿੱਚ ਰਹਿਣ ਲਈ ਕਿਹਾ ਗਿਆ ਸੀ, ਤਾਂ ਜੋ ਚੋਣ ਪ੍ਰਚਾਰ ਦੌਰਾਨ ਜਨਤਕ ਮਰਿਆਦਾ ਦੀ ਉਲੰਘਣਾ ਨਾ ਹੋਵੇ ਅਤੇ ਚੋਣ ਜ਼ਾਬਤੇ ਦੀ ਪਾਲਣਾ ਹੁੰਦੀ ਰਹੇ।