22.2 C
Jalandhar
Friday, April 19, 2024
spot_img

ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਨੇ ਸਥਾਪਨਾ ਦਿਵਸ ਮਨਾਇਆ

ਨਿਹਾਲ ਸਿੰਘ ਵਾਲਾ (ਨਛੱਤਰ ਸਿੰਘ ਸੰਧੂ)
ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਆਜ਼ਾਦੀ ਤੋਂ ਪਹਿਲਾਂ ਦੀ ਸਭ ਤੋਂ ਪੁਰਾਣੀ ਵਿਦਿਆਰਥੀ ਜਥੇਬੰਦੀ ਹੈ, ਜਿਸ ਨੇ ਵਿਦਿਆਰਥੀ ਹਿੱਤਾਂ ਦੀ ਲੜਾਈ ਲੜਦਿਆਂ ਆਜ਼ਾਦੀ ਦੇ ਘੋਲ ਵਿੱਚ ਵੀ ਆਪਣਾ ਯੋਗਦਾਨ ਪਾਇਆ ਹੈ | ਦੇਸ਼-ਵਿਆਪੀ ਇਸ ਜਥੇਬੰਦੀ ਦੇ ਕਾਰਕੁਨਾਂ ਨੇ ਸਰਕਾਰਾਂ ਵੱਲੋਂ ਲਿਆਂਦੀਆਂ ਵਿੱਦਿਆ ਵਿਰੋਧੀ ਨੀਤੀਆਂ ਦੇ ਖਿਲਾਫ ਤੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਚੱਲੀ ਹਰ ਤਰ੍ਹਾਂ ਦੀ ਲੜਾਈ ਵਿੱਚ ਆਪਣਾ ਹਿੱਸਾ ਪਾਇਆ ਹੈ | ਇਸ ਜੱਥੇਬੰਦੀ ਦਾ 87 ਸਾਲਾਂ ਦਾ ਇਤਿਹਾਸ ਲਗਾਤਾਰ ਪ੍ਰਾਪਤੀਆਂ ਦਾ ਸ਼ਾਨਾਮੱਤਾ ਇਤਿਹਾਸ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ, ਮੋਗਾ ਵਿਖੇ ਜਥੇਬੰਦੀ ਦੀ ਸਥਾਪਨਾ ਦਿਵਸ ਮੌਕੇ ਸੂਬਾ ਹੈੱਡਕੁਆਰਟਰ ‘ਤੇ ਜ਼ਿਲ੍ਹਾ ਵਿਦਿਆਰਥੀ ਆਗੂ ਸਵਰਾਜ ਖੋਸਾ, ਬਲਕਰਨ ਨਿਹਾਲ ਸਿੰਘ ਵਾਲਾ ਅਤੇ ਨਵਜੋਤ ਬਿਲਾਸਪੁਰ ਦੀ ਅਗਵਾਈ ‘ਚ ਕੀਤੇ ਸਮਾਗਮ ਸਮੇਂ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੀ ਕੌਮੀ ਗਰਲਜ਼ ਕਨਵੀਨਰ ਕਰਮਵੀਰ ਬੱਧਨੀ, ਸਕੱਤਰੇਤ ਮੈਂਬਰ ਅਵਤਾਰ ਚੜਿੱਕ ਅਤੇ ਸਰਵ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਗੁਰਾਂਦਿੱਤਾ ਦੀਨਾ ਨੇ ਕੀਤਾ |
ਆਗੂਆਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀਆਂ ਕਾਰਪੋਰੇਟ ਪੱਖੀ ਸਰਕਾਰਾਂ ਦੀ ਨੀਤੀ ਹੈ ਕਿ ਉਹ ਹਰ ਤਰੀਕਾ ਵਰਤ ਕੇ ਵਿਦਿਆਰਥੀਆਂ ਤੋਂ ਵਿੱਦਿਆ ਦਾ ਹੱਕ ਖੋਹ ਰਹੀਆਂ ਹਨ | ਸਾਰੇ ਦਾ ਸਾਰਾ ਵਿੱਦਿਅਕ ਢਾਂਚਾ ਪ੍ਰਾਈਵੇਟ ਹੱਥਾਂ ਵਿੱਚ ਦੇ ਕੇ ਆਮ ਲੋਕਾਂ ਤੋਂ ਵਿੱਦਿਆ ਦਾ ਹੱਕ ਦੂਰ ਕੀਤਾ ਜਾ ਰਿਹਾ ਹੈ, ਜਿਸ ਸਦਕਾ ਕਰੋੜਾਂ ਦੀ ਗਿਣਤੀ ‘ਚ ਵਿਦਿਆਰਥੀ ਸਕੂਲ/ਕਾਲਜ ਛੱਡ, ਘਰ ‘ਚ ਬੈਠਣ ਲਈ ਮਜਬੂਰ ਹਨ | ਰਾਸ਼ਟਰੀ ਸਿੱਖਿਆ ਨੀਤੀ ਦੇ ਨਾਂਅ ‘ਤੇ ਸਿੱਖਿਆ ਵਿਰੋਧੀ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ | ਪੰਜਾਬ ਦੀਆਂ ਯੂਨੀਵਰਸਿਟੀਆਂ/ਕਾਲਜਾਂ ਨੂੰ ਪ੍ਰਾਈਵੇਟ ਹੱਥਾਂ ਵਿਚ ਦੇ, ਸਿੱਖਿਆ ਦੇ ਹੱਕ ਨੂੰ ਕੁਝ ਹੱਥਾਂ ਤੱਕ ਸੀਮਤ ਕੀਤਾ ਜਾ ਰਿਹਾ ਹੈ | ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਸਰਕਾਰ ਦੀ ਇਸ ਮਨਸ਼ਾ ਨੂੰ ਕਦੀ ਵੀ ਬਰਦਾਸ਼ਤ ਨਹੀਂ ਕਰੇਗੀ | 87 ਸਾਲਾਂ ਦਾ ਇਤਿਹਾਸ ਦੱਸਦਾ ਹੈ ਕਿ ਵਿਦਿਆਰਥੀ ਹਿੱਤਾਂ ਦੀ ਲੜਾਈ ਲੜਦਿਆਂ ਜਥੇਬੰਦੀ ਨੇ ਹਮੇਸ਼ਾ ਵਿਦਿਆਰਥੀ ਹਿੱਤਾਂ ਦੀ ਰਾਖੀ ਕੀਤੀ ਹੈ ਅਤੇ ਅੱਗੇ ਵੀ ਕਰਦੀ ਰਹੇਗੀ | ਇਸ ਸਮੇਂ ਸਰਵ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਗੁਰਾਂਦਿੱਤਾ ਦੀਨਾ ਨੇ ਜਥੇਬੰਦੀ ਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਉਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਨੌਜਵਾਨਾਂ/ ਵਿਦਿਆਰਥੀਆਂ ਨੂੰ ਗਿਆਨ ਦੀ ਚੇਟਕ ਲਾਉਣ ਵਾਲੇ ਅਤੇ ਆਪਣੀਆਂ ਬਹੁਤ ਕੀਮਤੀ ਕਿਤਾਬਾਂ ਵਿਦਿਆਰਥੀਆਂ ਨੂੰ ਦੇ ਉਨ੍ਹਾਂ ਦੇ ਦਿਮਾਗ਼ਾਂ ਨੂੰ ਰੁਸ਼ਨਾਉਣ ਦੀ ਕੋਸ਼ਿਸ਼ ਕਰਨ ਵਾਲੇ ਕਾਮਰੇਡ ਪ੍ਰੀਤਮ ਸਿੰਘ ਦਰਦੀ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਜੀਵਨ ਦੀ ਘਾਲਣਾ ਨੂੰ ਸਲਾਮ ਕੀਤਾ ਗਿਆ | ਲਗਾਤਾਰ ਗੰਧਲੇ ਹੋ ਰਹੇ ਵਾਤਾਵਰਣ ਅਤੇ ਧਰਤੀ ਹੇਠਲੇ ਡਿੱਗਦੇ ਪਾਣੀ ਦੇ ਪੱਧਰ ਦੀ ਸੰਭਾਲ ਲਈ ਜਥੇਬੰਦੀ ਹਮੇਸ਼ਾ ਕੰਮ ਕਰਦੀ ਆ ਰਹੀ ਹੈ | ਵਿਦਿਆਰਥੀਆਂ ਵੱਲੋਂ ਜਥੇਬੰਦੀ ਦੇ ਸਥਾਪਨਾ ਦਿਵਸ ਮੌਕੇ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ, ਜੋ ਕਿ ਲਗਾਤਾਰ ਸਾਰਾ ਸਾਲ ਜਾਰੀ ਰਹੇਗੀ | ਇਸ ਸਮੇਂ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਨਿਹਾਲ ਸਿੰਘ ਵਾਲਾ, ਕਿਰਨਦੀਪ ਬੱਧਨੀ, ਲਵਪ੍ਰੀਤ ਮੋਗਾ, ਅਨਮੋਲ ਮੋਗਾ, ਸਿਮਰਨਜੀਤ, ਗੁਰਲੀਨ ਕੌਰ, ਹਰਵਿੰਦਰ ਸਿੰਘ ਆਦਿ ਵਿਦਿਆਰਥੀ ਹਾਜ਼ਰ ਸਨ |

Related Articles

LEAVE A REPLY

Please enter your comment!
Please enter your name here

Latest Articles