15.3 C
Jalandhar
Wednesday, November 20, 2024
spot_img

ਕਾਮਰੇਡ ਜੋਸ਼ ਦੇ ਜਨਮ ਦਿਹਾੜੇ ’ਤੇ ਭਰਵੀਂ ਸਿਆਸੀ ਕਾਨਫਰੰਸ

ਚੇਤਨਪੁਰਾ (ਸੁਖਵੰਤ ਚੇਤਨਪੁਰੀ)
ਅੰਮਿ੍ਰਤਸਰ ਦੀ ਅਜਨਾਲਾ ਤਹਿਸੀਲ ਦੇ ਪਿੰਡ ਚੇਤਨਪੁਰਾ ਦੇ ਜੰਮਪਲ ਪ੍ਰਸਿੱਧ ਆਜ਼ਾਦੀ ਘੁਲਾਟੀਏ ਅਤੇ ਸ਼ਹੀਦ ਭਗਤ ਸਿੰਘ ਦੇ ਕਰੀਬੀ ਸਾਥੀਆਂ ਵਿੱਚੋਂ ਇੱਕ ਕਾਮਰੇਡ ਸੋਹਨ ਸਿੰਘ ਜੋਸ਼ ਦੇ ਜਨਮ ਦਿਹਾੜੇ ਮੌਕੇ ਉਨ੍ਹਾ ਦੇ ਜੱਦੀ ਪਿੰਡ ਚੇਤਨਪੁਰਾ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਸਿਆਸੀ ਕਾਨਫਰੰਸ ਕੀਤੀ ਗਈ। ਕਾਨਫਰੰਸ ਦੀ ਸ਼ੁਰੂਆਤ ਹਾਜ਼ਰ ਆਗੂਆਂ ਵੱਲੋਂ ਉਹਨਾ ਦੀ ਯਾਦਗਾਰ ’ਤੇ ਝੰਡਾ ਚੜ੍ਹਾ ਕੇ ਕੀਤੀ ਗਈ।
ਇਸ ਮੌਕੇ ਨਿਰਮਲ ਸਿੰਘ ਧਾਲੀਵਾਲ ਨੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਮੇਂ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਵਿੱਚ ਚੱਲ ਰਹੀ ਭਾਜਪਾ ਸਰਕਾਰ ਵੱਲੋਂ ਅਪਣਾਈਆਂ ਗਈਆਂ ਨੀਤੀਆਂ ਤਂੋ ਹਰੇਕ ਵਰਗ ਦੁਖੀ ਹੈ, ਜਿਸ ਕਾਰਨ ਮਜ਼ਦੂਰ, ਕਿਸਾਨ, ਮੁਲਾਜ਼ਮ ਅਤੇ ਹੋਰ ਸ਼੍ਰੇਣੀਆਂ ਵਿੱਚ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ।ਉਹਨਾ ਕਿਹਾ ਕਿ ਉਕਤ ਸਮੁੱਚੇ ਵਰਗ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਨਿੱਤ ਦਿਨ ਸਰਕਾਰ ਵਿਰੁੱਧ ਧਰਨੇ-ਮੁਜ਼ਾਹਰੇ ਕਰ ਰਹੇ ਹਨ। ਉਹਨਾ ਕਿਹਾ ਕਿ ਇਸ ਤੋਂ ਛੁੱਟ ਮੋਦੀ ਸਰਕਾਰ ਦੇ ਬਾਹਰਲੇ ਮੁਲਕਾਂ ਨਾਲ ਵੀ ਸੰਬੰਧ ਚੰਗੇ ਨਹੀਂ ਹਨ। ਧਾਲੀਵਾਲ ਨੇ ਕਿਹਾ ਕਿ ਕਈ ਤਰ੍ਹਾਂ ਦੇ ਸਬਜ਼ਬਾਗ ਦਿਖਾ ਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਬਣੀ ਸਰਕਾਰ ਵੀ ਲੋਕਾਂ ਦੀਆਂ ਆਸਾਂ ’ਤੇ ਖਰੀ ਨਹੀਂ ਉਤਰ ਸਕੀ ਅਤੇ ਅਤੇ ਪੰਜਾਬ ਦੇ ਬਹਾਦਰ ਲੋਕ ਸਰਕਾਰ ਨੂੰ ਚਲਦਾ ਕਰਨ ਲਈ ਉਤਾਵਲੇ ਹਨ। ਕਾਨਫਰੰਸ ਨੂੰ ਸੀ ਪੀ ਆਈ ਜ਼ਿਲ੍ਹਾ ਅੰਮਿ੍ਰਤਸਰ ਦੇ ਸਕੱਤਰ ਲਖਬੀਰ ਸਿੰਘ ਨਿਜ਼ਾਮਪੁਰਾ, ਸਤਨਾਮ ਸਿੰਘ ਅਜਨਾਲਾ, ਬਲਵਿੰਦਰ ਸਿੰਘ ਦੁਧਾਲਾ, ਬਲਕਾਰ ਸਿੰਘ ਦੁਧਾਲਾ, ਗੁਰਦੀਪ ਸਿੰਘ ਗੁਰੂਵਾਲੀ, ਮੰਗਲ ਸਿੰਘ ਖੁਜਾਲਾ, ਮਨਰੇਗਾ ਦੀ ਪ੍ਰਧਾਨ ਕੁਲਵਿੰਦਰ ਕੌਰ, ਡਾ: ਪਰਮਜੀਤ ਸਿੰਘ, ਮਨਜੀਤ ਸਿੰਘ, ਟਹਿਲ ਸਿੰਘ ਚੇਤਨਪੁਰਾ ਤੇ ਸੁਖਵੰਤ ਚੇਤਨਪੁਰਾ ਨੇ ਵੀ ਸੰਬੋਧਨ ਕੀਤਾ। ਇੱਸ ਸਮੇਂ ਮਜੀਠਾ ਇਕਾਈ ਤੋਂ ਬਲਕਾਰ ਸਿੰਘ ਦੁਧਾਲਾ ਦੀ ਅਗਵਾਈ ਵਿੱਚ ਇੱਕ ਬਹੁਤ ਵੱਡਾ ਜਥਾ ਸ਼ਾਮਲ ਹੋਇਆ, ਜੋ ਪਿੰਡ ਚੇਤਨਪੁਰਾ ਦੇ ਬੱਸ ਸਟੈਂਡ ਤੋਂ ਕਾਮਰੇਡ ਜੋਸ਼ ਦੀ ਯਾਦਗਾਰ ਤੱਕ ਇਕ ਕਾਫਲੇ ਦੇ ਰੂਪ ਵਿੱਚ ‘ਕਾਮਰੇਡ ਜੋਸ਼ ਅਮਰ ਰਹੇ’ ਦੇ ਨਾਅਰੇ ਮਾਰਦਾ ਪੰਡਾਲ ਵਿੱਚ ਪਹੁੰਚਿਆ।
ਗਾਇਕ ਲਖਵਿੰਦਰ ਸਿੰਘ ਗੋਪਾਲਪੁਰਾ, ਰਾਜਵਿੰਦਰ ਕੌਰ ਅਤੇ ਸੁਖਵੰਤ ਚੇਤਨਪੁਰੀ ਵੱਲੋਂ ਉਸਾਰੂ ਗੀਤ ਪੇਸ਼ ਕੀਤੇ ਗਏ। ਹੋਰਨਾਂ ਤੋਂ ਇਲਾਵਾ ਇਸ ਸਮੇਂ ਕੁਲਵੰਤ ਸਿੰਘ ਮੱਲੂ ਨੰਗਲ, ਬਾਬਾ ਸੁਖਦੇਵ ਸਿੰਘ, ਸਤਪਾਲ ਸਿੰਘ ਫੌਜੀ, ਗੁਰਦਿਆਲ ਸਿੰਘ, ਸੰਤੋਖ ਸਿੰਘ, ਅਮਰਜੀਤ ਸਿੰਘ ਅੰਬਾ, ਅਵਤਾਰ ਸਿੰਘ ਗਿੱਲ, ਅਮਰਜੀਤ ਸਿੰਘ ਗਿੱਲ, ਕੁਲਵੰਤ ਸਿੰਘ, ਇੰਸਪੈਕਟਰ ਕਿਰਪਾਲ ਸਿੰਘ, ਸਾਬਕਾ ਮੈਂਬਰ ਪੰਚਾਇਤ ਗੁਲਜਾਰ ਸਿੰਘ, ਗੁਰਤੇਜ ਸਿੰਘ ਅਤੇ ਦਲਜੀਤ ਸਿੰਘ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਤੇ ਪਿੰਡ ਵਾਸੀ ਹਾਜ਼ਰ ਸਨ।

Related Articles

Latest Articles