ਮੁਹਾਲੀ (ਗੁਰਜੀਤ ਬਿੱਲਾ)
ਮੁਹਾਲੀ ਜ਼ਿਲ੍ਹੇ ਦੇ ਲਾਲੜੂ ਥਾਣਾ ਖੇਤਰ ਦੇ ਲਹਿਲੀ ਇਲਾਕੇ ’ਚ ਐਤਵਾਰ ਸਵੇਰੇ ਪੁਲਸ ਅਤੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਵਿਚਾਲੇ ਮੁਕਾਬਲਾ ਹੋ ਗਿਆ, ਜਦੋਂ ਲੁਟੇਰਿਆਂ ਨੇ ਪਿੱਛਾ ਕਰ ਰਹੀ ਪੁਲਸ ਦੀ ਗੱਡੀ ’ਤੇ ਤਿੰਨ ਗੋਲੀਆਂ ਚਲਾਈਆਂ। ਜਵਾਬੀ ਗੋਲੀਬਾਰੀ ’ਚ ਮੁਲਜ਼ਮ ਸਤਪ੍ਰੀਤ ਸਿੰਘ ਸੱਤੀ ਵਾਸੀ ਦੰਦਰਾਲਾ (ਡੇਰਾ ਬੱਸੀ) ਜ਼ਖਮੀ ਹੋ ਗਿਆ, ਜਦਕਿ ਉਸ ਦਾ ਸਾਥੀ ਫਰਾਰ ਹੋ ਗਿਆ। ਸੱਤੀ ਨੂੰ ਡੇਰਾ ਬੱਸੀ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਮੌਕੇ ਤੋਂ ਮੋਟਰਸਾਈਕਲ ਤੋਂ ਇਲਾਵਾ ਇੱਕ ਪਿਸਤੌਲ ਬਰਾਮਦ ਕੀਤਾ ਹੈ।
ਐੱਸ ਪੀ (ਦਿਹਾਤੀ) ਮੁਹਾਲੀ ਮਨਪ੍ਰੀਤ ਸਿੰਘ ਅਤੇ ਡੀ ਐੱਸ ਪੀ ਸਬ-ਡਵੀਜ਼ਨ ਡੇਰਾ ਬੱਸੀ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਬੀਤੀ 3 ਨਵੰਬਰ ਅਤੇ 11 ਨਵੰਬਰ ਨੂੰ ਚੰਡੀਗੜ੍ਹ-ਅੰਬਾਲਾ ਹਾਈਵੇ ’ਤੇ ਬੰਦੂਕ ਦੀ ਨੋਕ ’ਤੇ ਲੋਕਾਂ ਨੂੰ ਲੁੱਟਣ ਦੀਆਂ ਘਟਨਾਵਾਂ ਵਾਪਰੀਆਂ ਸਨ, ਜਿਸ ਸੰਬੰਧ ’ਚ ਦੋ ਐੱਫ ਆਈ ਆਰ ਦਰਜ ਕਰ ਕੇ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਸੱਤੀ ਨੇ ਵਾਰਦਾਤਾਂ ਕੀਤੀਆਂ। ਗੁਪਤ ਸੂਚਨਾ ਮਿਲੀ ਸੀ ਕਿ ਉਹ ਆਪਣੇ ਸਾਥੀ ਨਾਲ ਮੋਟਰਸਾਈਕਲ ’ਤੇ ਲਹਿਲੀ ਇਲਾਕੇ ’ਚ ਕਿਤੇ ਜਾ ਰਿਹਾ ਸੀ। ਬਰਾੜ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਨੇ ਲਹਿਲੀ ਇਲਾਕੇ ’ਚ ਹਾਈਵੇ ’ਤੇ ਡਰੇਨ ਨੇੜੇ ਪੁਲਸ ਦੀ ਗੱਡੀ ’ਤੇ ਤਿੰਨ ਗੋਲੀਆਂ ਚਲਾਉਣ ਵਾਲੇ ਮੁਲਜ਼ਮਾਂ ਦਾ ਪਿੱਛਾ ਕੀਤਾ। ਸੱਤੀ ਦੀ ਲੱਤ ’ਚ ਗੋਲੀ ਲੱਗ ਗਈ, ਜਦਕਿ ਉਸ ਦਾ ਸਾਥੀ ਝਾੜੀਆਂ ਦਾ ਫਾਇਦਾ ਉਠਾ ਕੇ ਫਰਾਰ ਹੋ ਗਿਆ।