ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਕਿਹਾ ਕਿ ਭਾਰਤ ਨੇ ਓਡੀਸ਼ਾ ਦੇ ਤੱਟ ਤੋਂ ਦੂਰ ਡਾ. ਏ ਪੀ ਜੇ ਅਬਦੁਲ ਕਲਾਮ ਦੀਪ ਤੋਂ ਲੰਮੀ ਦੂਰੀ ਤੱਕ ਮਾਰ ਕਰਨ ਦੀ ਸਮਰੱਥਾ ਵਾਲੀ ਹਾਈਪਰਸੋਨਿਕ ਮਿਜ਼ਾਈਲ ਦੀ ਸ਼ਨੀਵਾਰ ਸਫਲ ਪਰਖ ਕੀਤੀ ਹੈ। ਇਸ ਨਾਲ ਭਾਰਤ ਉਨ੍ਹਾਂ ਚੋਣਵੇਂ ਦੇਸ਼ਾਂ ਦੇ ਸਮੂਹ ’ਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਕੋਲ ਅਜਿਹੀ ਅਹਿਮ ਤਕਨਾਲੋਜੀ ਨੂੰ ਵਿਕਸਤ ਕਰਨ ਦੀ ਸਮਰੱਥਾ ਹੈ।
ਦਿੱਲੀ ਦੀ ਹਵਾ ਸੁਧਾਰਨ ਲਈ ਕਲੀ-ਜੋਟਾ ਦੀ ਸਿਫਾਰਸ਼
ਨਵੀਂ ਦਿੱਲੀ : ਇੰਡੀਅਨ ਬਾਇਓ ਗੈਸ ਐਸੋਸੀਏਸ਼ਨ (ਆਈ ਬੀ ਏ) ਨੇ ਹਵਾ ਪ੍ਰਦੂਸ਼ਣ ’ਤੇ ਲਗਾਮ ਲਾਉਣ ਅਤੇ ਲੋਕਾਂ ਨੂੰ ਇਲੈਕਟਿ੍ਰਕ ਵਾਹਨ, ਕੰਪ੍ਰੈਸਡ ਬਾਇਓ ਗੈਸ ਜਾਂ ਕੁਦਰਤੀ ਗੈਸ ’ਤੇ ਆਧਾਰਤ ਵਾਹਨਾਂ ਨੂੰ ਅਪਣਾਉਣ ਲਈ ਉਤਸ਼ਾਹਤ ਕਰਨ ਵਾਸਤੇ ਦਿੱਲੀ ਐੱਨ ਸੀ ਆਰ ’ਚ ਚਾਰ ਪਹੀਆ ਵਾਹਨਾਂ ਲਈ ਕਲੀ-ਜੋਟਾ ਨਿਯਮ ਲਾਗੂ ਕਰਨ ਦਾ ਸੁਝਾਅ ਦਿੱਤਾ ਹੈ। ਕਲੀ-ਜੋਟਾ ਤਹਿਤ ਇਕ ਦਿਨ ਇੱਕ, ਤਿੰਨ, ਪੰਜ ਤੇ ਦੂਜੇ ਦਿਨ ਦੋ, ਚਾਰ, ਛੇ ਨੰਬਰਾਂ ਦੇ ਹਿਸਾਬ ਨਾਲ ਗੱਡੀਆਂ ਚੱਲਦੀਆਂ ਹਨ। ਗਰੇਡਿਡ ਰਿਸਪਾਂਸ ਐਕਸ਼ਨ ਪਲਾਨ (ਜੀ ਆਰ ਏ ਪੀ)-4 (450 ਤੋਂ ਜ਼ਿਆਦਾ ਹਵਾ ਗੁਣਵੱਤਾ ਸੂਚਕ ਅੰਕ ਦੇ ਨਾਲ) ਉਪਾਅ ਤਹਿਤ ਚਾਰ ਪਹੀਆ ਵਾਹਨਾਂ ਲਈ ਕਲੀ-ਜੋਟਾ ਨਿਯਮ ਲਾਗੂ ਕੀਤਾ ਜਾਂਦਾ ਹੈ। ਹਵਾ ਦੀ ਗੁਣਵੱਤਾ ਲਈ ਪ੍ਰਬੰਧਨ ਕਮਿਸ਼ਨ ਨੇ ਪਹਿਲਾਂ ਹੀ ਹਵਾ ਦੀ ਗੁਣਵੱਤਾ ਦੇ ਗੰਭੀਰ ਸ਼੍ਰੇਣੀ ’ਚ ਬਣੇ ਰਹਿਣ ਦੇ ਨਾਲ ਹੀ ਜੀ ਆਰ ਏ ਪੀ-3 ਉਪਾਅ ਲਾਗੂ ਕਰ ਦਿੱਤੇ ਹਨ। ਆਈ ਬੀ ਏ ਦੇ ਚੇਅਰਮੈਨ ਗੌਰਵ ਕੇਡੀਆ ਨੇ ਕਿਹਾਅਸੀਂ ਆਉਣ ਵਾਲੇ ਮਹੀਨਿਆਂ ’ਚ ਪੈਟਰੋਲ ਤੇ ਡੀਜ਼ਲ ਦੇ ਵਾਹਨਾਂ ਲਈ ਕਲੀ-ਜੋਟਾ ਨਿਯਮ ਲਾਗੂ ਕਰਨ ਦੀ ਸਿਫਾਰਸ਼ ਕਰਦੇ ਹਾਂ ਤਾਂ ਜੋ ਦਿੱਲੀ ’ਚ ਹਵਾ ਪ੍ਰਦੂਸ਼ਣ ਦੇ ਪੱਧਰ ’ਤੇ ਚੰਗਾ ਪ੍ਰਭਾਵ ਦੇਖਿਆ ਜਾ ਸਕੇ।